ਅਫ਼ਗ਼ਾਨਿਸਤਾਨ ’ਚ ਤਾਲਿਬਾਨ ਨੇ ਗੁਰਦੁਆਰਾ ਥਲਾ ਸਾਹਿਬ ਤੋਂ ਹਟਾਇਆ ਨਿਸ਼ਾਨ ਸਾਹਿਬ

ਏਜੰਸੀ

ਖ਼ਬਰਾਂ, ਪੰਜਾਬ

ਅਫ਼ਗ਼ਾਨਿਸਤਾਨ ’ਚ ਤਾਲਿਬਾਨ ਨੇ ਗੁਰਦੁਆਰਾ ਥਲਾ ਸਾਹਿਬ ਤੋਂ ਹਟਾਇਆ ਨਿਸ਼ਾਨ ਸਾਹਿਬ

image

ਕਾਬੁਲ, 6 ਅਗੱਸਤ : ਅਫ਼ਗ਼ਾਨਿਸਤਾਨ ’ਚ ਤਾਲਿਬਾਨ ਨੇ ਕਥਿਤ ਤੌਰ ’ਤੇ ਪੂਰਬੀ ਅਫ਼ਗ਼ਾਨਿਸਤਾਨ ਦੇ ਪਖਤਿਆ ਸੂਬੇ ਦੇ ਇਕ ਗੁਰਦੁਆਰੇ ਤੋਂ ਸਿੱਖਾਂ ਦੇ ਧਾਰਮਕ ਚਿੰਨ੍ਹ ਨਿਸ਼ਾਨ ਸਾਹਿਬ ਨੂੰ ਹਟਾ ਦਿਤਾ ਹੈ। 
ਸੋਸ਼ਲ ਮੀਡੀਆ ’ਤੇ ਟਵੀਟ ਕੀਤੀਆਂ ਜਾ ਰਹੀਆਂ ਤਸਵੀਰਾਂ ਅਨੁਸਾਰ ਨਿਸ਼ਾਨ ਸਾਹਿਬ ਨੂੰ ਪਖ਼ਤਿਆ ਸੂਬੇ ਦੇ ਚਮਕਨੀ ਇਲਾਕੇ ਦੇ ਗੁਰਦੁਆਰਾ ਥਲਾ ਸਾਹਿਬ ਦੀ ਛੱਤ ਤੋਂ ਉਤਾਰਿਆ ਗਿਆ ਹੈ, ਹਾਲਾਂਕਿ ਤਾਲਿਬਾਨ ਸੰਗਠਨ ਨੇ ਇਸ ਦਾ ਖੰਡਨ ਕੀਤਾ ਹੈ। ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਮੁੜ ਤੋਂ ਪੈਰ ਫੈਲਾਉਣ ਲੱਗਾ ਹੈ। ਪਹਿਲਾਂ ਤਾਲਿਬਾਨੀ ਅਤਿਵਾਦੀ ਗੁਰਦੁਆਰੇ ਦੇ ਸੇਵਾਦਾਰ ਨੂੰ ਧਮਕੀਆਂ ਦਿੰਦੇ ਰਹੇ, ਫਿਰ ਨਿਸ਼ਾਨ ਸਾਹਿਬ ਨੂੰ ਜਬਰਨ ਹਟਾ ਦਿਤਾ ਗਿਆ। ਇਕ ਅਫ਼ਗ਼ਾਨ ਮੂਲ ਦੇ ਹਿੰਦੂ ਸਿੱਖ ਅਤੇ ਕਮਿਊਨਿਟੀ ਮਾਮਲਿਆਂ ਦੀ ਦੇਖਭਾਲ ਕਰ ਰਹੇ ਚਰਨ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਨੇ ਕਿਹਾ ਕਿ,“ਅਤਿਵਾਦੀਆਂ ਦੇ ਇਸ ਘਿਨਾਉਣੇ ਕਦਮ ਦੀ ਅਸੀਂ ਸਖ਼ਤ ਨਿੰਦਾ ਕਰਦੇ ਹਾਂ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਵਿਆਪੀ ਭਾਈਚਾਰੇ ਅਤੇ ਸ਼ਾਂਤੀ ਦੇ ਸੰਦੇਸ਼ਵਾਹਕ ਵਜੋਂ ਜਾਣੇ ਜਾਂਦੇ ਹਨ। ਅਫ਼ਗ਼ਾਨਿਸਤਾਨ ਵਿਚ ਸਿੱਖ ਧਾਰਮਕ ਅਸਥਾਨਾਂ ਦੀ ਉੱਚ ਪੱਧਰ ’ਤੇ ਸੰਭਾਲ ਕੀਤੀ ਜਾਵੇ।”
ਇਸ ਦਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਵੀ ਇਸ ਘਟਨਾ ਨੂੰ ਲੈ ਕੇ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਤਾਲਿਬਾਨ ਵਲੋਂ ਇਤਿਹਾਸਕ ਗੁਰਦੁਆਰਾ ਥਲਾ ਸਾਹਿਬ ਤੋਂ ਨਿਸ਼ਾਨ ਸਾਹਿਬ ਹਟਾਏ ਜਾਣ ਕਾਰਨ ਦੁਨੀਆਂ ਭਰ ਦੇ ਸਿੱਖ ਦੁਖੀ ਹਨ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਅਪਣੇ ਚਰਨ ਪਾਏ ਸਨ। ਤਾਲਿਬਾਨ ਦੀ ਇਸ ਹਰਕਤ ਨਾਲ ਅਫ਼ਗ਼ਾਨਿਸਤਾਨ ਵਿਚ ਸਿੱਖਾਂ ਦੀ ਧਾਰਮਕ ਆਜ਼ਾਦੀ ਲਈ ਗੰਭੀਰ ਖ਼ਤਰੇ ਨੂੰ ਦਰਸਾਉਂਦੀ ਹੈ। ਮਨਜਿੰਦਰ ਸਿਰਸਾ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਲਈ ਵੀ ਕਿਹਾ ਹੈ ਅਤੇ ਅਫ਼ਗ਼ਾਨਿਸਤਾਨ ਵਿਚ ਅਪਣੇ ਹਮਰੁਤਬਾ ਨਾਲ ਸਿੱਖਾਂ ਦੀ ਧਾਰਮਕ ਆਜ਼ਾਦੀ ਦੇ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਅਪੀਲ ਕੀਤੀ ਹੈ।         (ਏਜੰਸੀ)