ਡਿਸਕਸ ਥ੍ਰੋ ‘ਚ ਨਾਮ ਖੱਟਣ ਵਾਲੀ ਕਮਲਪ੍ਰੀਤ ਕੌਰ ਦਾ ਪੰਜਾਬ ਪਹੁੰਚਣ ‘ਤੇ ਕੀਤਾ ਗਿਆ ਸ਼ਾਨਦਾਰ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਲੰਪਿਕਸ ‘ਚ 6ਵਾਂ ਸਥਾਨ ਕੀਤਾ ਸੀ ਹਾਸਲ

Kamalpreet Kaur

ਪਟਿਆਲਾ (ਅਵਤਾਰ ਗਿੱਲ) ਮਿਲਖਾ ਸਿੰਘ ਅਤੇ ਪੀ ਟੀ ਊਸ਼ਾ ਤੋਂ ਬਾਅਦ ਉਲੰਪਿਕ  ਵਿੱਚ ਪੂਰੇ ਵਰਲਡ ਵਿਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੀ ਪੰਜਾਬ ਦੀ ਧੀ ਕਮਲਪ੍ਰੀਤ ਕੌਰ ਦਾ ਪਟਿਆਲਾ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ। ਦੱਸ ਦਈਏ ਕਿ ਟੋਕੀਓ ਵਿੱਚ ਹੋਈਆਂ ਉਲੰਪਿਕ ਖੇਡਾਂ ਵਿੱਚ ਕਮਲਪ੍ਰੀਤ ਕੌਰ ਭਾਵੇਂ ਕਿ ਮੈਡਲ ਤੋਂ ਵਾਂਝੀ ਰਹੀ ਪਰ ਉਸ ਨੇ ਆਪਣੇ ਦੇਸ਼ ਦਾ ਨਾਂ ਪੂਰੀ ਦੁਨੀਆਂ ਵਿੱਚ ਚਮਕਾ ਦਿੱਤਾ। ਪੰਜਾਬ ਦੀ ਧੀ ਕਮਲਪ੍ਰੀਤ ਕੌਰ ਨੇ ਉਲੰਪਿਕ ਖੇਡਾਂ ਵਿੱਚ ਅਥਲੈਟਿਕ ਵਿੱਚ ਛੇਵਾਂ ਸਥਾਨ ਹਾਸਲ ਕੀਤਾ।

ਉਲੰਪਿਕ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਪਟਿਆਲਾ ਦੇ ਐਨਆਈਐਸ ਵਿਖੇ ਪਹੁੰਚੀ ਕਮਲਪ੍ਰੀਤ ਕੌਰ ਦਾ ਜ਼ਿਲ੍ਹਾ ਸਪੋਰਟਸ ਅਫਸਰ ਦੀ ਅਗਵਾਈ ਵਿਚ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ । ਐਨ ਆਈ ਐਸ ਵਿਖੇ ਸਵੇਰ ਤੋਂ ਹੀ ਖਿਡਾਰੀ ਅਤੇ ਕੋਚ ਵੱਡੀ ਗਿਣਤੀ ਵਿੱਚ ਉਸ ਦੇ ਸਵਾਗਤ ਲਈ ਹਾਜ਼ਰ ਰਹੇ ਅਤੇ ਜਦੋਂ ਹੀ ਕਮਲਪ੍ਰੀਤ ਕੌਰ ਐਨਆਈਐਸ ਤੋਂ ਬਾਹਰ ਆਈ ਤਾਂ ਉਸ ਦਾ ਫੁੱਲਾਂ ਦੀ ਵਰਖਾ ਕਰ ਕੇ ਅਤੇ ਹਾਰ ਪਾ ਕੇ ਸਨਮਾਨ ਕੀਤਾ ਗਿਆ।  

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਲਪ੍ਰੀਤ ਕੌਰ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਸ ਨੇ ਉਲੰਪਿਕ  ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਖਿਡਾਰੀ ਪੈਦਾ ਕਰਨ ਲਈ ਗਰਾਊਂਡ ਲੈਵਲ ਤੇ ਕੰਮ ਕਰਨਾ ਚਾਹੀਦਾ।  ਸਰਕਾਰ ਸਿਰਫ ਉਦੋਂ ਹੀ ਖਿਡਾਰੀਆਂ ਦੀ ਸਾਰ ਲੈਂਦੀ ਹੈ ਜਦੋਂ ਕੋਈ ਵੀ ਖਿਡਾਰੀ ਦੇਸ਼ ਲਈ ਮੈਡਲ ਲੈਂਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦਾ ਮਕਸਦ ਕਾਮਨਵੈਲਥ ਗੇਮਾਂ ਅਤੇ ਏਸ਼ੀਅਨ ਖੇਡਾਂ ਵਿੱਚ ਭਾਰਤ ਲਈ ਗੋਲਡ ਮੈਡਲ ਜਿੱਤਣਾ ਹੈ। ਜਿਸ ਲਈ ਉਹ ਦਿਨ ਰਾਤ ਮਿਹਨਤ ਕਰਨਗੇ।

ਜਿਥੇ ਉਲੰਪਿਕ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਸਿਹਰਾ ਕਮਲਪ੍ਰੀਤ ਕੌਰ ਨੇ ਆਪਣੇ ਮਾਤਾ ਪਿਤਾ ਨੂੰ ਦਿੱਤਾ ਉੱਥੇ ਹੀ ਗਰਾਊਂਡ ਵਿੱਚ ਕੋਚਾਂ ਦੁਆਰਾ ਕਰਵਾਈ ਗਈ ਅਣਥੱਕ ਮਿਹਨਤ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤਕ ਕਿਸੇ ਵੀ ਖਿਡਾਰੀ ਨੂੰ ਉਸ ਦੇ ਪਰਿਵਾਰ ਅਤੇ ਕੋਚਾਂ ਦਾ ਸਹਿਯੋਗ ਨਹੀਂ ਮਿਲਦਾ ਉਦੋਂ ਤਕ ਕੋਈ ਵੀ ਖਿਡਾਰੀ ਆਪਣੇ ਦੇਸ਼ ਲਈ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦਾ।  ਉਨ੍ਹਾਂ ਕਿਹਾ ਕਿ ਜੇਕਰ ਉਲੰਪਿਕ  ਵਿੱਚ ਭਾਰਤ ਦਾ ਪ੍ਰਦਰਸ਼ਨ ਇਸ ਤੋਂ  ਵਧੀਆਂ ਲਿਆਉਣਾ ਹੈ ਤਾਂ ਫਿਰ ਸਰਕਾਰਾਂ ਨੂੰ ਅਣਥੱਕ ਯਤਨ ਕਰਨੇ ਪੈਣਗੇ ਅਤੇ ਗ੍ਰਾਊਂਡ ਲੈਵਲ ਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਕੋਈ ਠੋਸ ਕਦਮ ਚੁੱਕਣੇ ਪੈਣਗੇ।

ਇਸ ਮੌਕੇ ਜ਼ਿਲ੍ਹਾ ਸਪੋਰਟਸ ਅਫ਼ਸਰ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੀ ਇਸ ਧੀ ਨੇ ਉਨ੍ਹਾਂ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੀ ਟੀ ਊਸ਼ਾ ਅਤੇ ਮਿਲਖਾ ਸਿੰਘ ਤੋਂ ਬਾਅਦ ਕਮਲਪ੍ਰੀਤ ਕੌਰ ਨੇ ਜਿੱਥੇ ਪੂਰੇ ਵਰਲਡ ਵਿੱਚ ਭਾਰਤ ਦਾ ਨਾਮ ਚਮਕਾਇਆ ਉੱਥੇ ਹੀ ਪੰਜਾਬ ਦਾ ਨਾਂ ਵੀ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਪੋਰਟਸ ਵਿਭਾਗ ਪਟਿਆਲਾ ਵੱਲੋਂ ਸਾਰੇ ਖਿਡਾਰੀਆਂ ਵਧੀਆ ਕੋਚਾਂ ਰਾਹੀਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਦੇ ਬਹੁਤ ਸਾਰੇ ਖਿਡਾਰੀ ਆਉਣ ਵਾਲੀਆਂ ਕੌਮਨਵੈਲਥ ਗੇਮਾਂ ਜਾਂ ਏਸ਼ੀਅਨ ਖੇਡਾਂ ਵਿੱਚ ਭਾਰਤ ਦਾ ਨਾਮ ਚਮਕਾ ਕੇ ਮੈਡਲ ਹਾਸਲ ਕਰਨਗੇ।