'ਕਿਸਾਨ ਸੰਸਦ' 'ਚ ਪੁੱਜੇ ਰਾਹੁਲ ਗਾਂਧੀ ਅਤੇ ਵਿਰੋਧੀ ਆਗੂ
'ਕਿਸਾਨ ਸੰਸਦ' 'ਚ ਪੁੱਜੇ ਰਾਹੁਲ ਗਾਂਧੀ ਅਤੇ ਵਿਰੋਧੀ ਆਗੂ
ਤਿੰਨੇ ਖੇਤੀ ਕਾਨੂੰਨ ਰੱਦ ਕਰਨ ਲਈ ਕਿਹਾ ਤੇ ਕਿਸਾਨਾਂ ਨੂੰ ਦਿਤਾ ਪੂਰਾ ਸਮਰਥਨ
ਨਵੀਂ ਦਿੱਲੀ, 6 ਅਗੱਸਤ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਕਈ ਹੋਰ ਵਿਰੋਧੀ ਆਗੂਆਂ ਨੇ ਸ਼ੁਕਰਵਾਰ ਦੁਪਹਿਰ ਇਥੇ ਜੰਤਰ-ਮੰਤਰ ਪਹੁੰਚ ਕੇ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਕਰ ਰਹੇ ਕਿਸਾਨਾਂ ਪ੍ਰਤੀ ਇਕਜੁਟਤਾ ਪ੍ਰਗਟ ਕੀਤੀ ਅਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ | ਰਾਹੁਲ ਗਾਂਧੀ ਸਮੇਤ ਕਈ ਵਿਰੋਧੀ ਆਗੂ ਸੰਸਦ ਤੋਂ ਇਕ ਬੱਸ 'ਚ ਸਵਾਰ ਹੋ ਕੇ ਜੰਤਰ ਮੰਤਰ ਪਹੁੰਚੇ ਜਿਥੇ ਕਿਸਾਨ ਜਥੇਬੰਦੀਆਂ ਨੇ ਅਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ 'ਕਿਸਾਨ ਸੰਸਦ' ਦਾ ਆਯੋਜਨ ਕੀਤਾ ਹੋਇਆ ਹੈ |
ਕਿਸਾਨ ਜਥੇਬੰਦੀਆਂ ਵਲੋਂ ਆਯੋਜਤ 'ਕਿਸਾਨ ਸੰਸਦ' 'ਚ ਸ਼ਾਮਲ ਹੋਣ ਦੇ ਬਾਅਦ ਰਾਹੁਲ ਗਾਂਧੀ ਤੇ ਵਿਰੋਧੀ ਪਾਰਟੀਆਂ ਨੇ ਕਿਸਾਨਾਂ ਪ੍ਰਤੀ ਅਪਣਾ ਪੂਰਾ ਸਮਰਥਨ ਦਿਤਾ ਅਤੇ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ 'ਤੇ ਜ਼ੋਰ ਦਿਤਾ ਹੈ | ਕਿਸਾਨਾਂ ਦਾ ਸਮਰਥਨ ਕਰਨ ਲਈ ਪਹੁੰਚਣ ਵਾਲੇ ਆਗੂਆਂ 'ਚ ਰਾਹੁਲ ਗਾਂਧੀ, ਰਾਜ ਸਭਾ ਦੇ ਵਿਰੋਧੀ ਨੇਤਾ ਮਲਿਕਾਰਜੁਨ ਖੜਗੇ, ਕਾਂਗਰਸ ਦੇ ਸੀਨੀਅਰ ਨੇਤਾ ਆਨੰਦ ਸ਼ਰਮਾ, ਜੈਰਾਮ ਰਮੇਸ਼, ਦਰਮੁਕ ਦੇ ਟੀ.ਆਰ. ਬਾਲੂ, ਸ਼ਿਵ ਸੈਨਾ ਦੇ ਸੰਜੇ ਰਾਉਤ ਅਤੇ ਹੋਰ ਵਿਰੋਧੀ ਦਲਾਂ ਦੇ ਨੇਤਾ ਸ਼ਾਮਲ ਹੋਏ |
ਰਾਹੁਲ ਗਾਂਧੀ ਨਾਲ ਤਿ੍ਣਮੂਲ ਕਾਂਗਰਸ ਦਾ ਕੋਈ ਮੈਂਬਰ ਜੰਤਰ ਮੰਤਰ ਨਹੀਂ ਪਹੁੰਚਿਆ, ਜਦਕਿ ਪਿਛਲੇ ਦਿਨਾਂ 'ਚ ਕਾਂਗਰਸ ਆਗੂ ਦੇ ਸੱਦੇ 'ਤੇ ਤਿ੍ਣਮੂਲ ਕਾਂਗਰਸ ਦੇ ਦੋ ਸੀਨੀਅਰ ਆਗੂ ਕਲਿਆਣ ਬੈਨਰਜੀ ਅਤੇ ਸੌਗਤ ਰਾਏ ਨਾਸ਼ਤੇ 'ਤੇ ਪਹੁੰਚੇ ਸਨ | ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਤਿ੍ਣਮੂਨ ਕਾਂਗਰਸ ਵਲੋਂ ਦਸਿਆ ਗਿਆ ਕਿ ਉਨ੍ਹਾਂ ਦੇ ਆਗੂ ਪਹਿਲਾਂ ਹੀ ਜੰਤਰ ਮੰਤਰ ਪਹੁੰਚ ਕੇ ਕਿਸਾਨਾਂ ਨਾਲ ਮੁਲਾਕਾਤ ਕਰ ਚੁੱਕੇ ਹਨ ਅਤੇ ਇਸੇ ਕਾਰਨ ਅੱਜ ਉਹ ਨਹੀਂ ਪਹੁੰਚੇ | ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਾਂਸਦ ਸ਼ੁਸ਼ੀਲ ਗੁਪਤਾ ਨੇ ਕਿਹਾ ਕਿ ਜੇਕਰ ਖੜਗੇ ਦੀ ਅਗਵਾਈ 'ਚ ਵਿਰੋਧੀ ਆਗੂ ਜੰਤਰ ਮੰਤਰ ਜਾਂਦੇ ਤਾਂ ਉਨ੍ਹਾਂ ਦੀ ਪਾਰਟੀ ਪਹੁੰਚਦੀ, ਪਰ ਉਹ ਰਾਹੁਲ ਗਾਂਧੀ ਦੀ ਅਗਵਾਈ 'ਚ ਉਥੇ ਨਹੀਂ ਜਾ ਸਕਦੇ | ਕਿਸਾਨ ਸੰਸਦ 'ਚ ਸ਼ਾਮਲ ਹੋਣ ਦੇ ਬਾਅਦ ਰਾਹੁਲ ਗਾਂਧੀ ਨੇ ਕਿਹਾ, ਵਿਰੋਧੀ ਧਿਰਾਂ ਇਥੇ ਦੇਸ਼ ਦੇ ਕਿਸਾਨਾਂ ਦਾ ਸਮਰਥਨ ਕਰਨ ਲਈ ਆਈਆਂ ਹਨ | ਇਹ ਤਿੰਨ ਕਾਨੂੰਨ ਖ਼ਤਮ ਹੋਣੇ ਚਾਹੀਦੇ ਹਨ | ਅਸੀਂ ਅਪਣਾ ਪੂਰਾ ਸਮਰਥਨ ਦਿਤਾ ਹੈ |'' ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਸਰਕਾਰ ਸਦਨ 'ਚ ਵਿਰੋਧੀ ਧਿਰ ਨੂੰ ਸੁਣਨਾ ਹੀ ਨਹੀਂ ਚਾਹੁੰਦੀ ਅਤੇ ਪੇਗਾਸਸ ਦੇ ਮਾਮਲੇ 'ਤੇ ਚਰਚਾ ਨਹੀਂ ਕਰਾ ਰਹੀ | ਇਸ ਤੋਂ ਪਹਿਲਾਂ ਖੜਗੇ ਦੇ ਸੰਸਦ ਭਵਨ ਸਥਿਤ ਕਮਰੇ 'ਚ ਹੋਈ ਇਸ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ ਕਿ ਵਿਰੋਧੀ ਧਿਰ ਨੇਤਾ ਸ਼ੁਕਰਵਾਰ ਦੁਪਹਿਰ ਜੰਤਰ-ਮੰਤਰ ਪਹੁੰਚ ਕੇ ਕਿਸਾਨਾਂ ਪ੍ਰਤੀ ਅਪਣਾ ਸਮਰਥਨ ਜਤਾਉਣਗੇ | (ਏਜੰਸੀ)