ਕੈਪਟਨ ਵਿਰੁਧ ਇਨਕਮ ਟੈਕਸ ਵਿਭਾਗ ਦੀ ਅਰਜ਼ੀ ਦੀ ਸੁਣਵਾਈ ਤੋਂ ਇਨਕਾਰ
ਕੈਪਟਨ ਵਿਰੁਧ ਇਨਕਮ ਟੈਕਸ ਵਿਭਾਗ ਦੀ ਅਰਜ਼ੀ ਦੀ ਸੁਣਵਾਈ ਤੋਂ ਇਨਕਾਰ
ਚੰਡੀਗੜ੍ਹ, 6 ਅਗਸਤ (ਸੁਰਜੀਤ ਸਿੰਘ ਸੱਤੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਵਿਰੁਧ ਆਮਦਨ ਕਰ ਦੇ ਇਕ ਮਾਮਲੇ ਦੀ ਚਲ ਰਹੀ ਸੁਣਵਾਈ ਉਤੇ ਰੋਕ ਲਗਉਣ ਦੀ ਆਮਦਨ ਕਰ ਵਿਭਾਗ ਨੇ ਹਾਈ ਕੋਰਟ ਤੋਂ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਟਰਾਇਲ ਕੋਰਟ ਦੇ ਹੁਕਮ ਨੂੰ ਵਿਭਾਗ ਨੇ ਹਾਈ ਕੋਰਟ ਵਿਚ ਪਹਿਲਾਂ ਹੀ ਚੁਨੌਤੀ ਦਿਤੀ ਹੋਈ ਹੈ ਅਤੇ ਉਹ ਪਟੀਸ਼ਨ ਅਜੇ ਵਿਚਾਰਾਧੀਨ ਹੈ ਅਜਿਹੇ ਵਿਚ ਜਦੋਂ ਤਕ ਇਸ ਪਟੀਸ਼ਨ ਉੱਤੇ ਹਾਈ ਕੋਰਟ ਅੰਤਮ ਫ਼ੈਸਲਾ ਨਹੀਂ ਸੁਣਾ ਦਿੰਦਾ ਹੈ ਤਦ ਤਕ ਲੁਧਿਆਣਾ ਟਰਾਇਲ ਕੋਰਟ ਵਿਚ ਇਸ ਮਾਮਲੇ ਦੀ ਚਲ ਰਹੀ ਸੁਣਵਾਈ ਉਤੇ ਰੋਕ ਲਗਾਈ ਜਾਵੇ |
ਇਹ ਅਰਜ਼ੀ ਸ਼ੁਕਰਵਾਰ ਨੂੰ ਜਸਟਿਸ ਮਨੋਜ ਬਜਾਜ ਦੀ ਬੈਂਚ ਕੋਲ ਸੁਣਵਾਈ ਹਿਤ ਆਈ ਤੇ ਜਸਟਿਸ ਬਜਾਜ ਨੇ ਸੁਣਵਾਈ ਤੋਂ ਅਪਣੇ ਆਪ ਨੂੰ ਵੱਖ ਕਰਦਿਆਂ ਮਾਮਲਾ ਦੂਜੀ ਬੈਂਚ ਨੂੰ ਰੈਫ਼ਰ ਕਰਨ ਲਈ ਇਹ ਅਰਜ਼ੀ ਚੀਫ਼ ਜਸਟਿਸ ਕੋਲ ਭੇਜ ਦਿਤੀ ਹੈ |
ਇਸ ਤੋਂ ਪਹਿਲਾਂ ਜਸਟਿਸ ਹਰਿੰਦਰ ਸਿੰਘ ਸਿੱਧੂ ਨੇ ਇਸ ਅਰਜ਼ੀ ਉਤੇ ਸੁਣਵਾਈ ਕਰਨ ਤੋਂ ਅਪਣੇ ਆਪ ਨੂੰ ਵੱਖ ਕਰਦੇ ਹੋਏ ਇਸ ਨੂੰ ਹੋਰ ਬੈਂਚ ਨੂੰ ਰੈਫ਼ਰ ਕਰ ਦਿਤਾ ਸੀ ਅਤੇ ਨਾਲ ਹੀ ਟਰਾਇਲ ਕੋਰਟ ਨੂੰ ਹੁਕਮ ਦਿਤਾ ਸੀ ਕਿ ਜਦੋਂ ਤਕ ਹਾਈ ਕੋਰਟ ਵਿਚ ਇਸ ਪਟੀਸ਼ਨ ਉੱਤੇ ਸੁਣਵਾਈ ਨਹੀਂ ਹੋ ਜਾਂਦੀੇ ਉਦੋਂ ਤਕ ਉਹ ਅੱਗੇ ਸੁਣਵਾਈ ਨਾ ਕਰੇ | ਹੁਣ ਚੀਫ਼ ਜਸਟੀਸ ਦੇ ਹੁਕਮ ਉਪਰੰਤ ਇਹ ਪਟੀਸ਼ਨ ਜਸਟਿਸ ਬਜਾਜ ਕੋਲ ਸੁਣਵਾਈ ਲਈ ਆਈ ਸੀ ਪਰ ਉਨ੍ਹਾਂ ਨੇ ਵੀ ਸੁਣਵਾਈ ਤੋਂ ਇਨਕਾਰ ਕਰ ਦਿਤਾ ਹੈ |