ਕਿਸਾਨ ਸੰਸਦ ਵਿਚ ਸਰਕਾਰ ਵਿਰੁਧ ਅਵਿਸ਼ਵਾਸ ਦਾ ਮਤਾ ਪੇਸ਼ ਕੀਤਾ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਸੰਸਦ ਵਿਚ ਸਰਕਾਰ ਵਿਰੁਧ ਅਵਿਸ਼ਵਾਸ ਦਾ ਮਤਾ ਪੇਸ਼ ਕੀਤਾ

image


9 ਅਗੱਸਤ ਨੂੰ  ਹੋਵੇਗੀ ਮਹਿਲਾ ਕਿਸਾਨ ਸੰਸਦ

ਲੁਧਿਆਣਾ, 6 ਅਗੱਸਤ (ਪ੍ਰਮੋਦ ਕੌਸ਼ਲ) : ਸ਼ੁਕਰਵਾਰ ਨੂੰ  ਵੱਖ-ਵੱਖ ਵਿਰੋਧੀ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰ ਭਾਰਤ ਦੀ ਸਰਕਾਰੀ ਸੰਸਦ ਤੋਂ ਇਕੱਠੇ ਹੋ ਕੇ ਆਏ ਅਤੇ ਕਿਸਾਨ ਸੰਸਦ ਦਾ ਦੌਰਾ ਕੀਤਾ | ਉਨ੍ਹਾਂ ਕਿਸਾਨ ਸੰਸਦ ਦੀ ਕਾਰਵਾਈ ਨੂੰ  ਇਕ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਦਰਸ਼ਕ ਗੈਲਰੀ ਵਿਚੋਂ ਦੀ ਵੇਖਿਆ ਅਤੇ ਸੁਣਿਆ | ਇਨ੍ਹਾਂ ਸੰਸਦ ਮੈਂਬਰਾਂ ਨੇ ਕਿਹਾ ਕਿ ਉਹ ਵਿਰੋਧ ਕਰ ਰਹੇ ਕਿਸਾਨਾਂ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਪੂਰਨ ਸਮਰਥਨ ਕਰ ਰਹੇ ਹਨ | ਹੁਣ ਤਕ ਵੱਖ-ਵੱਖ ਪਾਰਟੀਆਂ ਜਿਵੇਂ ਕਿ ਇੰਡੀਅਨ ਨੈਸ਼ਨਲ ਕਾਂਗਰਸ, ਡੀਐਮਕੇ, ਆਰਜੇਡੀ, ਸੀਪੀਆਈ (ਐਮ), ਸੀਪੀਆਈ, ਸ਼ਿਵ ਸੈਨਾ, ਆਰਐਸਪੀ, ਟੀਐਮਸੀ, ਆਈਯੂਐਮਐਲ ਆਦਿ ਦੇ ਸੰਸਦ ਮੈਂਬਰ ਕਿਸਾਨ ਸੰਸਦ ਦਾ ਦੌਰਾ ਕਰ ਚੁੱਕੇ ਹਨ | ਕਿਸਾਨ ਸੰਸਦ ਦੇ ਸਪੀਕਰ ਨੇ ਭਾਰਤ ਦੀ ਸੰਸਦ ਦੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦਾ ਧਨਵਾਦ ਕੀਤਾ ਅਤੇ ਕਿਹਾ ਕਿ ਜਿਥੇ ਚੁਣੇ ਹੋਏ ਸੰਸਦ ਮੈਂਬਰ ਕਿਸਾਨ ਸੰਸਦ ਦਾ ਦੌਰਾ ਕਰ ਰਹੇ ਹਨ, ਇਸ ਤਰ੍ਹਾਂ ਦੀ ਦੂਹਰੀ ਭੂਮਿਕਾ ਨਿਭਾਉਣੀ ਸਾਡੇ ਲੋਕਤੰਤਰ ਲਈ ਚੰਗਾ ਕਦਮ ਹੈ  | 
ਕਿਸਾਨ ਸੰਸਦ ਦੇ 12ਵੇਂ ਦਿਨ ਸਰਕਾਰ ਦੇ ਵਿਰੋਧ ਵਿਚ ਬਹੁਤ ਹੀ ਅਨੁਸ਼ਾਸ਼ਿਤ ਅਤੇ ਸੰਗਠਿਤ ਤਰੀਕੇ ਨਾਲ ਚਲ ਰਹੀ ਕਿਸਾਨ ਸੰਸਦ ਵਿਚ ਮੋਦੀ ਸਰਕਾਰ ਵਿਰੁਧ ਅਵਿਸ਼ਵਾਸ ਮਤਾ ਪੇਸ਼ ਕੀਤਾ ਗਿਆ | ਆਮ ਵਾਂਗ 200 ਕਿਸਾਨ ਸੰਸਦ ਮੈਂਬਰਾਂ ਨੇ ਜੰਤਰ-ਮੰਤਰ 'ਤੇ ਅੱਜ ਦੀ ਕਾਰਵਾਈ ਵਿਚ ਹਿੱਸਾ ਲਿਆ | ਅਵਿਸ਼ਵਾਸ ਪ੍ਰਸਤਾਵ ਇਸ ਗੱਲ 'ਤੇ ਅਧਾਰਤ ਸੀ ਕਿ 8 ਮਹੀਨਿਆਂ ਤੋਂ ਵੱਧ ਸਮੇਂ ਤੋਂ ਦੇਸ਼ ਭਰ ਦੇ ਲੱਖਾਂ ਕਿਸਾਨਾਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ ਸਰਕਾਰ ਵਲੋਂ ਅਨੇਕਾਂ ਕਿਸਾਨ ਵਿਰੋਧੀ ਕਦਮ ਚੁੱਕਣ ਤੋਂ ਇਲਾਵਾ, ਕਿਸਾਨਾਂ ਦੀਆਂ ਮੰਗਾਂ ਨੂੰ  ਪੂਰਾ ਨਹੀਂ ਕੀਤਾ ਜਾ ਰਿਹਾ ਸੀ  | 
ਅਵਿਸ਼ਵਾਸ ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਮੋਦੀ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਰੌਲਾ ਰੱਪਾ ਪਾਇਆ ਸੀ, ਪਰ ਇਸ ਦਿਸ਼ਾ ਵਿਚ ਕੋਈ ਵੀ ਠੋਸ ਕੰਮ ਨਹੀਂ ਕੀਤਾ ਹੈ | ਮਤੇ ਵਿਚ ਇਹ ਵੀ ਦਸਿਆ ਗਿਆ ਹੈ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਸੀ-2+50% ਐਮਐਸਪੀ ਦੇਣ ਦੇ ਅਪਣੇ ਵਾਅਦਿਆਂ ਤੋਂ ਵਾਰ-ਵਾਰ ਭਗੌੜੇ ਸਾਬਤ ਹੋਏ ਹਨ | ਸਰਕਾਰ ਨੇ ਬਹੁ-ਪ੍ਰਚਾਰਿਤ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਵਿਚ ਵੀ ਕਿਸਾਨਾਂ ਨੂੰ  ਧੋਖਾ ਦਿਤਾ ਹੈ, ਜਿਥੇ ਸਰਕਾਰ ਦਾ ਖਰਚਾ ਵਧਿਆ, ਕਿਸਾਨਾਂ ਦੀ ਕਵਰੇਜ ਘਟੀ ਅਤੇ ਕਾਰਪੋਰੇਸ਼ਨਾਂ ਨੂੰ  ਲਾਭ ਹੋਇਆ ਹੈ | ਆਯਾਤ-ਨਿਰਯਾਤ ਦੇ ਮੋਰਚੇ 'ਤੇ, ਭਾਰਤ ਦੇ ਨਿਰਯਾਤ ਵਿਚ ਗਿਰਾਵਟ ਆਈ ਹੈ ਜਦਕਿ ਆਯਾਤ ਵਿਚ ਵਾਧਾ ਹੋਇਆ ਹੈ | ਇਸ ਨਾਲ ਦੋਵਾਂ ਵਿਚ ਹੀ ਪਾੜਾ ਵਧ ਰਿਹਾ ਹੈ | ਜਦੋਂ ਵੀ ਕੁਦਰਤੀ ਆਫਤਾਂ ਦੌਰਾਨ ਕਿਸਾਨਾਂ ਨੂੰ  ਸਰਕਾਰੀ ਸਹਾਇਤਾ ਦੇਣ ਦੀ ਗੱਲ ਤੁਰਦੀ ਹੈ, ਤਾਂ ਇਹ ਇੱਕ ਵੱਡੀ ਅਸਫ਼ਲਤਾ ਸਾਬਤ ਹੋਈ ਹੈ | ਅਵਿਸ਼ਵਾਸ ਪ੍ਰਸਤਾਵ ਵਿਚ ਮੋਦੀ ਸਰਕਾਰ ਨੂੰ  ਅਪੀਲ ਕੀਤੀ ਗਈ ਕਿ ਉਹ ਕਾਰਪੋਰੇਟ ਪੱਖੀ, ਕਿਸਾਨ ਵਿਰੋਧੀ ਕਾਨੂੰਨ ਨਾਂ ਲਿਆਵੇ ਅਤੇ ਕਿਸਾਨਾਂ ਦੀਆਂ ਮੰਗਾਂ ਮੰਗੇ ਅਤੇ ਸਾਰੇ ਕਿਸਾਨਾਂ ਨੂੰ  ਸਾਰੀਆਂ ਖੇਤੀ ਜਿਣਸਾਂ ਦੇ ਲਾਭਕਾਰੀ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਕਾਨੂੰਨ ਲਾਗੂ ਕਰੇ | ਅਵਿਸ਼ਵਾਸ ਪ੍ਰਸਤਾਵ 'ਤੇ ਬਹਿਸ ਦੌਰਾਨ, ਆਮ ਨਾਗਰਿਕਾਂ ਅਤੇ ਕਿਸਾਨਾਂ ਸਬੰਧੀ ਗੰਭੀਰ ਚਿੰਤਾ ਵਾਲੇ ਮੁੱਦੇ ਉਠਾਏ ਗਏ-ਇਨ੍ਹਾਂ ਵਿਚ ਬਾਲਣ ਦੀਆਂ ਕੀਮਤਾਂ ਵਿਚ ਅਸਹਿਣਯੋਗ ਅਤੇ ਗ਼ੈਰ ਵਾਜਬ ਵਾਧਾ ਕਰਨਾ ਹੈ ਜੋ ਸਾਰੇ ਦੇਸ਼ ਦੇ ਆਮ ਨਾਗਰਿਕਾਂ ਨੂੰ  ਪ੍ਰਭਾਵਤ ਕਰ ਰਿਹਾ ਹੈ, ਕੋਵਿਡ ਮਹਾਂਮਾਰੀ ਦੌਰਾਨ ਪੂੰਜੀ ਹੀਣ ਤੇ ਤਿਆਰੀ ਹੀਣ ਸਿਹਤ ਪ੍ਰਬੰਧ ਦਾ ਢਹਿ-ਢੇਰੀ ਹੋਣਾ, ਸਰਕਾਰ ਵਲੋਂ ਆਮ ਨਾਗਰਿਕਾਂ ਤੇ ਚੁਣੇ ਗਏ ਨੇਤਾਵਾਂ ਦੀ ਬੇਗ਼ੈਰਤ ਢੰਗ ਨਾਲ ਜਾਸੂਸੀ ਕਰਨਾ, ਸਾਡੇ ਲੋਕਤੰਤਰ ਨੂੰ  ਖਤਰੇ ਵਿਚ ਪਾਉਣਾ, ਦੇਸ਼ਧ੍ਰੋਹ ਦੇ ਨਾਮ ਤੇ ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਦੇਸ਼ ਵਿਚ ਲੋਕਤੰਤਰ ਦੇ ਰਖਿਅਕਾਂ ਦੇ ਵਿਰੁਧ ਝੂਠੇ ਦੋਸ ਮੜਣੇ, ਮਜ਼ਦੂਰ ਵਿਰੋਧੀ ਕਾਨੂੰਨਾਂ ਨੂੰ  ਲਾਗੂ ਕਰਨ ਤੋਂ ਇਲਾਵਾ ਵੱਡੀ ਸਰਮਾਏਦਾਰੀ ਦੀ ਰੱਖਿਆ ਲਈ ਸਰਕਾਰ ਦੁਆਰਾ ਕਿਸਾਨ ਵਿਰੋਧੀ ਉਪਾਅ ਕਰਨੇ ਆਦਿ ਸਾਮਲ ਹਨ | ਕਿਸਾਨਾਂ ਦੇ ਸੰਸਦ ਮੈਂਬਰਾਂ ਨੇ ਬਹਿਸ ਵਿਚ ਹਿੱਸਾ ਲੈਂਦਿਆਂ ਉਨ੍ਹਾਂ ਦੀ ਰੋਜ਼ੀ-ਰੋਟੀ , ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾਲ ਜੁੜੇ ਬਹੁਤ ਸਾਰੇ ਮੁੱਦੇ ਉਠਾਏ | ਇਹ ਬਹਿਸ ਸੋਮਵਾਰ, 9 ਅਗਸਤ 2021 ਨੂੰ  ਵੀ ਜਾਰੀ ਰਹੇਗੀ | 
  9 ਅਗੱਸਤ ਕਿਸਾਨ ਸੰਸਦ ਲਈ ਇਕ ਵਿਸ਼ੇਸ਼ ਦਿਨ ਹੋਵੇਗਾ - ਉਸ ਦਿਨ ਮਹਿਲਾ ਕਿਸਾਨ ਸੰਸਦ ਆਯੋਜਿਤ ਕੀਤੀ ਜਾਵੇਗੀ | ਇਸ ਤਰੀਕ ਨੂੰ  ਭਾਰਤ ਛੱਡੋ ਦਿਵਸ ਵੀ ਹੈ, ਅਤੇ ਕਿਸਾਨ ਅੰਦੋਲਨ ਦਾ ਮੁੱਖ ਨਾਹਰਾ Tਮੋਦੀ ਗੱਦੀ ਛੱਡੋ, ਕਾਰਪੋਰੇਟੋ ਭਾਰਤ ਛੱਡੋ'' ਹੈ  | ਮਹਿਲਾ ਕਿਸਾਨ ਸੰਸਦ ਭਾਰਤ ਵਿਚ ਔਰਤ ਕਿਸਾਨਾਂ ਦੇ ਮੁੱਦਿਆਂ 'ਤੇ ਵੀ ਵਿਚਾਰ ਕਰੇਗੀ |  9 ਅਗਸਤ ਸਵਦੇਸੀ ਲੋਕਾਂ ਦਾ ਅੰਤਰਰਾਸ਼ਟਰੀ ਦਿਵਸ ਵੀ ਹੈ | ਕਬਾਇਲੀ ਕਿਸਾਨ ਭਾਰਤ ਦੇ ਕਿਸਾਨਾਂ ਦਾ ਇਕ ਮਹੱਤਵਪੂਰਨ ਸਮੂਹ ਹਨ ਅਤੇ ਕਿਸਾਨ ਅੰਦੋਲਨ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਕਰਨ ਦੇ ਨਾਲ-ਨਾਲ  ਜੰਗਲੀ ਜਿਣਸਾਂ  ਲਈ ਵੀ ਗਾਰੰਟੀਸ਼ੁਦਾ ਐਮਐਸਪੀ ਨੂੰ  ਸੁਰੱਖਿਅਤ ਕਰਨ ਦੀ ਮੰਗ ਕਰਦਾ ਹੈ | ਭਾਰਤ ਦੇ ਆਦਿਵਾਸੀ ਜ਼ਮੀਨ ਅਤੇ ਜੰਗਲਾਂ ਸਮੇਤ ਵੱਖ-ਵੱਖ ਕੁਦਰਤੀ ਸਰੋਤਾਂ ਉੱਤੇ ਅਪਣੇ ਕੁਦਰਤੀ ਅਧਿਕਾਰਾਂ ਨੂੰ  ਕਾਇਮ ਰੱਖਣ ਲਈ ਸੰਘਰਸ ਕਰ ਰਹੇ ਹਨ  |  
Ldh_Parmod_6_11, 11 1: Photo