‘ਆਪ’ ਵਲੋਂ ਮੁੱਖ ਮੰਤਰੀ ਨੂੰ ਵੀ.ਸੀ. ਦਾ ਅਸਤੀਫ਼ਾ ਮਨਜ਼ੂਰ ਕਰਨ ਦੀ ਅਪੀਲ

ਏਜੰਸੀ

ਖ਼ਬਰਾਂ, ਪੰਜਾਬ

‘ਆਪ’ ਵਲੋਂ ਮੁੱਖ ਮੰਤਰੀ ਨੂੰ ਵੀ.ਸੀ. ਦਾ ਅਸਤੀਫ਼ਾ ਮਨਜ਼ੂਰ ਕਰਨ ਦੀ ਅਪੀਲ

image

 

ਮੁੱਖ ਮੰਤਰੀ ਵਾਈਸ ਚਾਂਸਲਰ ਦਾ ਅਸਤੀਫ਼ਾ ਮਨਜ਼ੂਰ ਕਰ ਕੇ ਨਵਾਂ ਪ੍ਰਬੰਧਕ ਜਲਦ ਲਾਉਣ : ਬਾਬਾਫ਼ਰੀਦਕੋਟ, 6 ਅਗਸਤ (ਗੁਰਿੰਦਰ ਸਿੰਘ) : ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ਨੇ ਵੀ ਸਿਹਤ ਮੰਤਰੀ ਦੇ ਐਕਸ਼ਨ ਦਾ ਸਮਰਥਨ ਕਰਦਿਆਂ ਮੁੱਖ ਮੰਤਰੀ ਪੰਜਾਬ ਨੂੰ ਵਾਈਸ ਚਾਂਸਲਰ ਦਾ ਅਸਤੀਫ਼ਾ ਤੁਰਤ ਮਨਜ਼ੂਰ ਕਰ ਕੇ ਨਵਾਂ ਪ੍ਰਬੰਧਕ ਜਲਦ ਲਾਉਣ ਦੀ ਮੰਗ ਕੀਤੀ ਹੈ। ਪਿਛਲੇ ਲੰਮੇ ਸਮੇਂ ਤੋਂ ਫ਼ਰੀਦਕੋਟ ਦੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਦੇ ਵਿਵਾਦਾਂ ਨੂੰ ਲੈ ਕੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਲੋਂ 29 ਜੁਲਾਈ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦਾ ਦੌਰਾ ਕਰਨ ਦੌਰਾਨ ਮਾੜੇ ਪ੍ਰਬੰਧਾਂ ਅਤੇ ਬੇਨਿਯਮੀਆਂ ਨੂੰ ਵੇਖ ਕੇ ਸਿਹਤ ਮੰਤਰੀ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਗੰਦੇ ਗੱਦੇ ’ਤੇ ਪਾਉਣ ਤੋਂ ਬਾਅਦ ਵਾਈਸ ਚਾਂਸਲਰ ਨੇ ਅਪਣੀ ਬੇਇੱਜ਼ਤੀ ਮਹਿਸੂਸ ਕਰਦਿਆਂ ਅਸਤੀਫ਼ਾ ਪੰਜਾਬ ਸਰਕਾਰ ਨੂੰ ਭੇਜ ਦਿਤਾ ਸੀ। ਸਿਹਤ ਮੰਤਰੀ ਜੌੜਾਮਾਜਰਾ ਦੇ ਇਸ ਅਚਾਨਕ ਦੌਰੇ ਦੌਰਾਨ ਹਸਪਤਾਲ ਦੇ ਮੁਲਾਜ਼ਮ ਪਿਛਲੇ ਕਈ ਦਿਨਾਂ ਤੋਂ ਧਰਨਾ ਲਾ ਕੇ ਬੈਠੇ ਹੋਏ ਸਨ ਅਤੇ ਸਿਹਤ ਮੰਤਰੀ ਨੇ ਉਨ੍ਹਾਂ ਨਾਲ ਗੱਲਬਾਤ ਕਰਨ ਉਪਰੰਤ ਉਨ੍ਹਾਂ ਤੋਂ ਵੀ ਹਸਪਤਾਲ ਬਾਰੇ ਪੱਖ ਜਾਣਿਆ। ਇਸੇ ਕੜੀ ਤਹਿਤ ਅੱਜ ਫ਼ਰੀਦਕੋਟ ਦੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਵਿਖੇ ਵਲੰਟੀਅਰਾਂ ਵਲੋਂ ਮੀਟਿੰਗ ਦੌਰਾਨ ਅਮਨਦੀਪ ਸਿੰਘ ਬਾਬਾ, ਗੁਰਤੇਜ ਸਿੰਘ ਖੋਸਾ, ਸੂਬੇਦਾਰ ਕਮਲਜੀਤ ਸਿੰਘ ਅਤੇ ਬੀਬੀ ਜੀਤਪਾਲ ਕੌਰ ਆਦਿ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਡਾ. ਰਾਜ ਬਹਾਦਰ ਦਾ ਅਸਤੀਫ਼ਾ ਜਲਦੀ ਪ੍ਰਵਾਨ ਕਰ ਕੇ ਇਸ ਵਿਵਾਦ ਨੂੰ ਜਲਦੀ ਨਿਬੇੜਿਆ ਜਾਵੇ। ਡਾ. ਰਾਜ ਬਹਾਦਰ ਵਲੋਂ ਹਸਪਤਾਲ ’ਚ ਕੀਤੀਆਂ ਬੇਨਿਯਮੀਆਂ ਅਤੇ ਧਾਂਦਲੀਆਂ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ ਤਾਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ’ਚ ਇਲਾਜ ਕਰਾਉਣ ਵਾਲੇ ਮਰੀਜ਼ਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।
ਫੋਟੋ :- ਕੇ.ਕੇ.ਪੀ.-ਗੁਰਿੰਦਰ-6-3ਸੀ