ਰਾਸ਼ਟਰਮੰਡਲ ਖੇਡਾਂ : ਭਾਰਤੀ ਮਹਿਲਾ ਕ੍ਰਿਕਟ ਟੀਮ ਫ਼ਾਈਨਲ ’ਚ ਪਹੁੰਚੀ

ਏਜੰਸੀ

ਖ਼ਬਰਾਂ, ਪੰਜਾਬ

ਰਾਸ਼ਟਰਮੰਡਲ ਖੇਡਾਂ : ਭਾਰਤੀ ਮਹਿਲਾ ਕ੍ਰਿਕਟ ਟੀਮ ਫ਼ਾਈਨਲ ’ਚ ਪਹੁੰਚੀ

image

 


ਭਾਰਤ ਨੇ ਇੰਗਲੈਂਡ ਨੂੰ ਚਾਰ ਦੌੜਾਂ ਨਾਲ ਹਰਾਇਆ

ਬਰਮਿੰਘਮ, 6 ਅਗੱਸਤ : ਕਾਮਨਵੈਲਥ ਗੇਮਜ਼ 2022 ’ਚ ਮਹਿਲਾ ਕ੍ਰਿਕਟ ਦਾ ਸੈਮੀਫ਼ਾਈਨਲ ਮੁਕਾਬਲਾ ਭਾਰਤ ਤੇ ਇੰਗਲੈਂਡ ਦਰਮਿਆਨ ਖੇਡਿਆ ਗਿਆ।  ਇਸ ਮੈਚ ’ਚ ਭਾਰਤੀ ਟੀਮ ਨੇ ਇੰਗਲੈਂਡ ਨੂੰ ਹਰਾ ਕੇ ਫ਼ਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਤੇ ਇਕ ਤਮਗ਼ਾ ਵੀ ਪੱਕਾ ਕਰ ਲਿਆ। ਪਹਿਲਾ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 20 ਓਵਰਾਂ ’ਚ 5 ਵਿਕਟਾਂ ਦੇ ਨੁਕਸਾਨ ’ਤੇ 164 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਇੰਗਲੈਂਡ ਨੂੰ 165 ਦੌੜਾਂ ਦਾ ਟੀਚਾ ਦਿਤਾ ਤੇ ਇੰਗਲੈਂਡ ਦੀ ਟੀਮ ਨਿਰਧਾਰਤ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ’ਤੇ 160 ਦੌੜਾਂ ਹੀ ਬਣਾ ਸਕੀ ਤੇ ਇਹ ਮੈਚ ਭਾਰਤ ਨੇ 4 ਦੌੜਾਂ ਨਾਲ ਜਿੱਤ ਲਿਆ। ਮੈਚ ’ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਜ਼ੋਰਦਾਰ ਸ਼ੁਰੂਆਤ ਕੀਤੀ।
ਸਮ੍ਰਿਤੀ ਨੇ ਸਿਰਫ਼ 23 ਗੇਂਦਾਂ ’ਤੇ ਅਰਧ ਸੈਂਕੜਾ ਲਗਾਇਆ ਤੇ ਪਾਵਰ ਪਲੇਅ ’ਚ ਸਕੋਰ 6 ਓਵਰ ’ਚ 64 ’ਤੇ ਲਿਆ ਖੜ੍ਹਾ ਕੀਤਾ। ਇਸ ਤੋਂ ਬਾਅਦ ਸ਼ੇਫ਼ਾਲੀ ਵਰਮਾ ਨੇ 15, ਸਮ੍ਰਿਤੀ ਮੰਧਾਨਾ ਨੇ 61 ਤੇ ਹਰਮਨਪ੍ਰੀਤ ਕੌਰ ਨੇ 20 ਤੇ ਦੀਪਤੀ ਸ਼ਰਮਾ ਨੇ 22 ਦੌੜਾਂ ਬਣਾਈਆਂ। ਇੰਗਲੈਂਡ ਵਲੋਂ ਕੇ. ਬ੍ਰੰਟ ਨੇ 1, ਨੇਤਾਲੀ ਸੀਵੀਅਰ ਵਲੋਂ 1 ਤੇ ਫ਼੍ਰੇਆ ਕੈਂਪ ਨੇ 2 ਵਿਕਟਾਂ ਲਈਆਂ। ਦੂਜੇ ਪਾਸੇ ਇੰਗਲੈਂਡ ਵਲੋਂ ਕਪਤਾਨ ਨੇਤਾਲੀ ਸੀਵੀਅਰ ਨੇ ਸੱਭ ਤੋਂ ਵੱਧ 41 ਦੌੜਾਂ ਦਾ ਯੋਗਦਾਨ ਰਿਹਾ ਤੇ ਭਾਰਤ ਵਲੋਂ ਸਨੇਹ ਰਾਣਾ ਨੇ 2 ਤੇ ਦੀਪਤੀ ਸ਼ਰਮਾ ਨੇ 1 ਵਿਕਟ ਲਈ ਜਦਕਿ ਇੰਗਲੈਂਡ ਦੀਆਂ 3 ਖਿਡਾਰਣਾਂ ਰਨ ਆਊਟ ਹੋ ਗਈਆਂ।

ਇਸ ਤੋਂ ਪਹਿਲਾਂ ਭਾਰਤ ਨੇ ਟੂਰਨਾਮੈਂਟ ਦਾ ਪਹਿਲਾ ਮੈਚ ਆਸਟ੍ਰੇਲੀਆ ਤੋਂ ਗੁਆਇਆ ਸੀ ਪਰ ਦੂਜੇ ਮੈਚ ’ਚ ਪਾਕਿਸਤਾਨ ਵਿਰੁਧ ਤੇ ਤੀਜੇ ਮੈਚ ’ਚ ਬਾਰਬਾਡੋਸ ਵਿਰੁਧ ਜਿੱਤ ਹਾਸਲ ਕੀਤੀ ਸੀ। (ਏਜੰਸੀ)