ਨੀਤੀ ਆਯੋਗ ਮੀਟਿੰਗ: CM ਮਾਨ ਨੇ MSP 'ਤੇ ਕਾਨੂੰਨੀ ਗਾਰੰਟੀ ਦੀ ਕੀਤੀ ਮੰਗ, MSP ਕਮੇਟੀ ਨੂੰ ਵੀ ਦੁਬਾਰਾ ਬਣਾਉਣ ਲਈ ਕਿਹਾ

ਏਜੰਸੀ

ਖ਼ਬਰਾਂ, ਪੰਜਾਬ

ਜੇਕਰ ਸਾਨੂੰ ਘੱਟੋ-ਘੱਟ ਸਮਰਥਨ ਮੁੱਲ ਮਿਲਦਾ ਹੈ ਤਾਂ ਕਿਸਾਨ ਹੋਰ ਫ਼ਸਲਾਂ ਬੀਜਣਗੇ

CM Mann, PM Modi

 

ਨਵੀਂ ਦਿੱਲੀ - ਅੱਜ ਦਿੱਲੀ ਵਿਕੇ ਨੀਤੀ ਆਯੋਗ ਦੀ ਬੈਠਕ ਹੋਈ ਤੇ ਇਸ ਬੈਠਕ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ। ਬੈਠਕ ਖ਼ਤਮ ਹੋਣ ਤੋਂ ਬਾਅਦ ਮਾਨ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਮੈਂ ਮੀਟਿੰਗ ਵਿਚ ਪੰਜਾਬ ਦੇ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਹੈ। ਸਭ ਤੋਂ ਮਹੱਤਵਪੂਰਨ ਫਸਲੀ ਵਿਭਿੰਨਤਾ ਹੈ। ਪੰਜਾਬ ਦੇ 150 ਜ਼ੋਨਾਂ ਵਿਚੋਂ 117 ਡਾਰਕ ਜ਼ੋਨ ਵਿਚ ਚਲੇ ਗਏ ਹਨ। ਜੇਕਰ ਸਾਨੂੰ ਘੱਟੋ-ਘੱਟ ਸਮਰਥਨ ਮੁੱਲ ਮਿਲਦਾ ਹੈ ਤਾਂ ਕਿਸਾਨ ਹੋਰ ਫ਼ਸਲਾਂ ਬੀਜਣਗੇ, ਸਰਕਾਰ ਨੂੰ ਦਾਲਾਂ ਅਸੀਂ ਉਗਾ ਕੇ ਦੇਵਾਂਗੇ।

ਭਗਵੰਤ ਮਾਨ ਨੇ ਐਮਐਸਪੀ ਦੀ ਲੀਗਲ ਗਾਰੰਟੀ ਵੀ ਮੰਗੀ ਹੈ। ਇਸ ਤੋਂ ਇਲਾਵਾ ਐਮਐਸਪੀ ਕਮੇਟੀ ਦਾ ਪੁਨਰਗਠਨ ਕਰਨ ਦੀ ਮੰਗ ਕੀਤੀ ਗਈ ਹੈ। ਕਮੇਟੀ ਵਿਚ ਪੰਜਾਬ ਦੇ ਸਿਰਫ਼ 3 ਕਿਸਾਨਾਂ ਨੂੰ ਹੀ ਸ਼ਾਮਲ ਕੀਤਾ ਜਾ ਰਿਹਾ ਹੈ। ਮੈਂ ਕਿਹਾ ਕਿ ਅਸਲ ਕਿਸਾਨਾਂ ਨੂੰ ਇਸ ਕਮੇਟੀ ਵਿਚ ਪਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਵੋਟਿੰਗ ਦਾ ਮੌਕਾ ਮਿਲਦਾ ਹੈ ਤਾਂ ਕੇਂਦਰ ਸਰਕਾਰ ਦਾ ਪੱਲੜਾ ਹੀ ਭਾਰੀ ਹੋਵੇਗਾ। 

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਭਾਰਤ ਵਿਚ ਅਕਾਲ ਪਿਆ ਸੀ ਤਾਂ ਉਹ ਅਮਰੀਕਾ ਤੋਂ ਕਣਕ ਲਿਆਉਂਦੇ ਸਨ। ਫਿਰ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਨੂੰ ਆਤਮ ਨਿਰਭਰ ਬਣਾਇਆ। ਅਸੀਂ ਹੁਣ ਕੋਲੰਬੀਆ ਅਤੇ ਹੋਰ ਥਾਵਾਂ ਤੋਂ ਦਾਲਾਂ ਮੰਗਦੇ ਹਾਂ। ਅਸੀਂ ਕਿਹਾ ਪੰਜਾਬ ਦੇ ਕਿਸਾਨਾਂ ਦੀ ਮਦਦ ਕਰੋ, ਅਸੀਂ ਦਾਲਾਂ ਖੁਦ ਉਗਾ ਕੇ ਦੇਵਾਂਗੇ।ਉਹਨਾਂ ਕਿਹਾ ਕਿ ਪੀਐੱਮ ਮੋਦੀ ਨਾਲ ਰਾਸ਼ਟਰੀ ਸਿੱਖਿਆ ਨੀਤੀ ਬਾਰੇ ਵੀ ਗੱਲਬਾਤ ਹੋਈ। ਪੰਜਾਬ ਦੇ ਸਕੂਲਾਂ ਦੀ ਹਾਲਤ ਸੁਧਰ ਰਹੀ ਹੈ। 
ਇਸ ਦੌਰਾਨ CM ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਨਿਸ਼ਾਨਾ ਸਾਧਿਆ।

ਮਾਨ ਨੇ ਕਿਹਾ ਕਿ ਨੀਤੀ ਆਯੋਗ ਵਾਲੇ ਬੁਲਾਉਂਦੇ ਰਹੇ ਪਰ ਕੈਪਟਨ ਅਮਰਿੰਦਰ ਮਹਿਲ ਤੋਂ ਬਾਹਰ ਨਹੀਂ ਆਏ। ਇਸ ਤੋਂ ਪਹਿਲਾਂ ਮੀਟਿੰਗ ਵਿਚ ਜਾਣ ਤੋਂ ਪਹਿਲਾਂ ਵੀ ਉਹਨਾਂ ਨੇ ਕੈਪਟਨ ਅਤੇ ਚਰਨਜੀਤ ਚੰਨੀ ਬਾਰੇ ਇਹੀ ਗੱਲ ਕਹੀ ਸੀ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹ ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਨਾਲ ਵੀ ਮੁਲਾਕਾਤ ਕਰਨਗੇ। ਇਸ ਵੇਲੇ ਦੌਰਾਨ ਅਸੀਂ ਮੋਹਾਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਦੀ ਮੰਗ ਕਰਾਂਗੇ। ਇੱਥੋਂ, ਲੰਡਨ, ਸੈਨ ਫਰਾਂਸਿਸਕੋ, ਵੈਨਕੂਵਰ, ਸ਼ਿਕਾਗੋ ਪੱਛਮੀ ਸੰਸਾਰ ਲਈ ਉਡਾਣਾਂ ਖੋਲ੍ਹਣ ਦੀ ਮੰਗ ਕਰਨਗੇ। ਮਾਨ ਦਾ ਕਹਿਣਾ ਹੈ ਕਿ 70% ਪੰਜਾਬੀ ਦਿੱਲੀ ਇੰਟਰਨੈਸ਼ਨਲ ਏਅਰਪੋਰਟ 'ਤੇ ਸਫਰ ਕਰਦੇ ਹਨ। ਸਿੱਧੀਆਂ ਉਡਾਣਾਂ ਨਾਲ ਉਨ੍ਹਾਂ ਦੀ ਪਰੇਸ਼ਾਨੀ ਘੱਟ ਹੋਵੇਗੀ।