ਆਜ਼ਾਦੀ ਦਿਹਾੜੇ ਲਈ ਪੁਲਿਸ ਵੱਲੋਂ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧ, 3500 ਮੁਲਾਜ਼ਮ ਕੀਤੇ ਗਏ ਤਾਇਨਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

15 ਅਗਸਤ ਨੂੰ ਪੁਲਿਸ ਹਾਈਟੈੱਕ ਤਰੀਕੇ ਨਾਲ ਸ਼ਹਿਰ ਦੇ ਸਾਰੇ ਇਲਾਕਿਆਂ ਅਤੇ ਥਾਵਾਂ ’ਤੇ ਨਜ਼ਰ ਰੱਖੇਗੀ।

police

 


ਲੁਧਿਆਣਾ: ਆਜ਼ਾਦੀ ਦਿਹਾੜੇ ਨੂੰ ਲੈ ਕੇ ਲੁਧਿਆਣਾ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਇਸ ਤਹਿਤ ਸੂਬਾ ਪੱਧਰੀ ਸਮਾਗਮ ਵਾਲੀ ਥਾਂ ਤੋਂ ਇਲਾਵਾ ਪੂਰੇ ਸ਼ਹਿਰ ਦੀ ਨਿਗਰਾਨੀ ਕੀਤੀ ਜਾਵੇਗੀ। ਇਸ ਦੇ ਲਈ ਹਾਈਟੈਕ ਤਰੀਕਾ ਅਪਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਜਨਤਕ ਥਾਵਾਂ 'ਤੇ ਕੋਈ ਵੀ ਲਾਵਾਰਿਸ ਚੀਜ਼ ਦੇਖਣ 'ਤੇ ਪੁਲਿਸ ਨੂੰ ਸੂਚਿਤ ਕਰਨ ਦੀ ਸਲਾਹ ਦਿੱਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਖੁਫੀਆ ਜਾਣਕਾਰੀਆਂ ਮਿਲ ਰਹੀਆਂ ਹਨ ਕਿ ਕੱਟੜਪੰਥੀ ਪੰਜਾਬ ਵਿਚ ਕੋਈ ਸ਼ਰਾਰਤ ਕਰ ਸਕਦੇ ਹਨ। ਪੁਲਿਸ ਇਸ ਸਬੰਧੀ ਪੂਰੀ ਤਰ੍ਹਾਂ ਤਿਆਰ ਹੈ।

 

 

ਸਮਾਗਮ ਵਾਲੀ ਥਾਂ ਤੋਂ ਇਲਾਵਾ ਸ਼ਹਿਰ ਵਿੱਚ 3500 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਇਸ ਵਿੱਚ ਪੈਰਾ ਮਿਲਟਰੀ ਫੋਰਸ ਵੀ ਸ਼ਾਮਲ ਹੈ। ਇੰਨਾ ਹੀ ਨਹੀਂ, ਸਾਰੇ ਥਾਣਿਆਂ ਅਤੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਹਰ ਰੋਜ਼ ਆਪਣੇ ਖੇਤਰਾਂ ਵਿੱਚ ਫਲੈਗ ਮਾਰਚ ਕੱਢਣ, ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਇਸ ਸਮੇਂ ਸੀ.ਪੀ ਡਾ.ਕੌਸਤੁਭ ਸ਼ਰਮਾ ਅਤੇ ਹੋਰ ਸੀਨੀਅਰ ਅਧਿਕਾਰੀ ਹਰ ਰੋਜ਼ ਸੁਰੱਖਿਆ ਸਮੀਖਿਆ ਸਬੰਧੀ ਮੀਟਿੰਗ ਕਰਨ ਤੋਂ ਇਲਾਵਾ ਜ਼ਮੀਨੀ ਪੱਧਰ 'ਤੇ ਸੁਰੱਖਿਆ ਵਿਵਸਥਾ ਦੀ ਜਾਂਚ ਕਰ ਰਹੇ ਹਨ।

 

15 ਅਗਸਤ ਨੂੰ ਪੁਲਿਸ ਹਾਈਟੈੱਕ ਤਰੀਕੇ ਨਾਲ ਸ਼ਹਿਰ ਦੇ ਸਾਰੇ ਇਲਾਕਿਆਂ ਅਤੇ ਥਾਵਾਂ ’ਤੇ ਨਜ਼ਰ ਰੱਖੇਗੀ। ਇਸ ਦੇ ਲਈ 4 ਵਾਹਨਾਂ ਦੀ ਵਰਤੋਂ ਕੀਤੀ ਜਾਵੇਗੀ। ਇਨ੍ਹਾਂ ਵਿੱਚ ਕੈਮਰੇ ਹਨ ਅਤੇ ਇਹ ਪੂਰੇ ਸ਼ਹਿਰ ਵਿੱਚ ਚਲੇ ਜਾਣਗੇ। ਇਸ ਦੀ ਰਿਕਾਰਡਿੰਗ ਸੀਪੀ ਦਫ਼ਤਰ ਅਤੇ ਪੁਲਿਸ ਕੰਟਰੋਲ ਰੂਮ ਵਿੱਚ ਦੇਖੀ ਜਾਵੇਗੀ। ਪੁਲਿਸ ਅਧਿਕਾਰੀਆਂ ਵੱਲੋਂ ਸਮਾਗਮ ਵਾਲੀ ਥਾਂ 'ਤੇ ਡਰੋਨ ਦੀ ਵਰਤੋਂ ਕੀਤੀ ਜਾਵੇਗੀ, ਜੋ ਇਸ ਦੀ ਮਦਦ ਨਾਲ ਸੁਰੱਖਿਆ ਵਿਵਸਥਾ 'ਤੇ ਨਜ਼ਰ ਰੱਖਣਗੇ।

ਇਸ ਤੋਂ ਇਲਾਵਾ ਸ਼ਹਿਰ 'ਚ ਸੇਫ ਸਿਟੀ ਅਤੇ ਲੋਕਾਂ ਦੇ 2 ਹਜ਼ਾਰ ਦੇ ਕਰੀਬ ਕੈਮਰੇ ਲੱਗੇ ਹੋਏ ਹਨ, ਜੋ ਪੁਲਿਸ ਨਾਲ ਜੁੜੇ ਹੋਏ ਹਨ। ਇਸੇ ਮਦਦ ਨਾਲ ਕੰਟਰੋਲ ਰੂਮ 'ਚ ਬੈਠ ਕੇ ਹਰ ਗਲੀ-ਮੁਹੱਲੇ 'ਤੇ ਕੀ ਹੋ ਰਿਹਾ ਹੈ, ਇਹ ਪਤਾ ਚੱਲਦਾ ਰਹੇਗਾ।