ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਦੀ ਚੋਣ ਵਿਰੁੱਧ ਹਾਈ ਕੋਰਟ ’ਚ ਪਟੀਸ਼ਨ ਦਾਇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਮਨੀ ਚੋਣ ਦੌਰਾਨ ਲਿਮਟ ਤੋਂ ਜ਼ਿਆਦਾ ਪੈਸਾ ਖਰਚਣ ਅਤੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਦਾ ਹੈ ਆਰੋਪ

Petition filed in High Court against election of Punjab Industries Minister Sanjeev Arora

ਚੰਡੀਗੜ੍ਹ : ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਦੀ ਲੁਧਿਆਣਾ ਪੱਛਮੀ ਸੀਟ ’ਤੇ ਹੋਈ ਜ਼ਿਮਨੀ ਚੋਣ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਗਈ ਹੈ। ਲੁਧਿਆਣਾ ਪੱਛਮੀ ਹਲਕਾ ਦੇ ਵੋਟਰ ਜਸਵਿੰਦਰ ਸਿੰਘ ਮੱਲ੍ਹੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਹ ਚੋਣ ਪਟੀਸ਼ਨ ਦਾਇਰ ਕੀਤੀ ਹੈ।

 
ਪਟੀਸ਼ਨ ’ਚ ਸੰਜੀਵ ਅਰੋੜਾ ਅਤੇ 16 ਹੋਰਾਂ ਨੂੰ ਧਿਰ ਬਣਾਇਆ ਗਿਆ ਹੈ। ਪਟੀਸ਼ਨਕਰਤਾ ਨੇ ਦੋਸ਼ ਲਗਾਇਆ ਹੈ ਕਿ ਅਰੋੜਾ ਨੇ ਚੋਣ ਪ੍ਰਕਿਰਿਆ ਦੌਰਾਨ ਭ੍ਰਿਸ਼ਟ ਅਤੇ ਗੈਰ-ਕਾਨੂੰਨੀ ਤਰੀਕਿਆਂ ਦਾ ਸਹਾਰਾ ਲਿਆ ਅਤੇ ਨਾਮਜ਼ਦਗੀ ਪੱਤਰਾਂ ਦੇ ਨਾਲ ਜਮਾ ਕੀਤੇ ਗਏ ਹਲਫ਼ਨਾਮੇ ਵਿਚ ਮਹੱਤਵਪੂਰਨ ਜਾਣਕਾਰੀ ਛੁਪਾਈ ਹੈ। ਪਟੀਸ਼ਨ ਵਿਚ ਦੋਸ਼ ਲਗਾਏ ਗਏ ਹਨ ਕਿ ਚੋਣ ਖਰਚਿਆਂ ਨਾਲ ਸੰਬੰਧਿਤ ਜਾਣਕਾਰੀ ਜਾਣ-ਬੁੱਝ ਕੇ ਛੁਪਾਈ ਗਈ ਸੀ, ਜਿਸ ਵਿਚ ਵੋਟਰ ਸਲਿੱਪਾਂ ਦੀ ਵੰਡ, ਵਾਹਨਾਂ ਦੀ ਵਰਤੋਂ, ਸੋਸ਼ਲ ਮੀਡੀਆ ਪ੍ਰਚਾਰ ਅਤੇ ਪੇਡ ਨਿਊਜ਼ ’ਤੇ ਖਰਚ ਸ਼ਾਮਿਲ ਸੀ।

ਇਸ ਤੋਂ ਇਲਾਵਾ ਸੂਬੇ ਦੀ ਸੱਤਾਧਾਰੀ ਪਾਰਟੀ ਨਾਲ ਸੰਬੰਧ ਹੋਣ ਕਾਰਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੇ ਜਾਣ ਦੇ ਵੀ ਇਲਜ਼ਾਮ ਲਗਾਏ ਗਏ ਹਨ। ਪਟੀਸ਼ਨ ਕਰਤਾ ਮੁਤਾਬਕ ਸੰਜੀਵ ਅਰੋੜਾ ਵਲੋਂ ਧਾਰਮਿਕ ਸਥਾਨਾਂ ’ਤੇ ਮੀਟਿੰਗਾਂ ਕਰਕੇ ਗੈਰ-ਮਨਜ਼ੂਰਸ਼ੁਦਾ ਫੰਡਾਂ ਤੋਂ ਗ੍ਰਾਂਟਾਂ ਵੀ ਵੰਡੀਆਂ ਗਈਆਂ। ਜਿਸ ਦੇ ਚਲਦਿਆਂ ਪਟੀਸ਼ਨਕਰਤਾ ਨੇ ਅਦਾਲਤ ਤੋਂ ਚੋਣ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਦੇਖਣਾ ਹੋਵੇਗਾ ਕਿ ਹਾਈ ਕੋਰਟ ਇਸ ਮਾਮਲੇ ਵਿਚ ਕੀ ਰੁਖ਼ ਅਖਤਿਆਰ ਕਰਦੀ ਹੈੇ।