ਸਿੱਧੂ ਨੇ ਸੁਣਾਈ ਖ਼ੁਸ਼ਖ਼ਬਰੀ: ਬਗ਼ੈਰ ਵੀਜ਼ਾ ਸਿੱਖ ਸੰਗਤ ਜਾ ਸਕੇਗੀ ਪਾਕਿਸਤਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਸਾਹਮਣੇ ਵੱਡੀ ਖੁਸ਼ਖਬਰੀ ਦਾ ਐਲਾਨ ਕੀਤਾ ਹੈ.....

Navjot Singh Sidhu PC

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਸਾਹਮਣੇ ਵੱਡੀ ਖੁਸ਼ਖਬਰੀ ਦਾ ਐਲਾਨ ਕੀਤਾ ਹੈ। ਨਵਜੋਤ ਸਿੰਘ ਸਿੱਧੂ ਨੇ ਮੀਡੀਆ ਨਾਲ ਗੱਲ-ਬਾਤ ਕਰਦਿਆਂ ਕਿਹਾ ਕਿ ਪਾਕਿਸਤਾਨ ਸਰਕਾਰ ਹੁਣ ਕਰਤਾਰਪੁਰ ਲਾਂਘਾ ਖੋਲਣ ਲਈ ਤਿਆਰ ਹੈ ਅਤੇ ਸਿੱਧੂ ਮੁਤਾਬਿਕ ਇਸਦੀ ਪੁਸ਼ਟੀ ਪਾਕਿਸਤਾਨ ਦੇ ਵਿਦੇਸ਼ੀ ਮੰਤਰੀ ਨੇ ਕੀਤੀ ਹੈ। 

ਸਿੱਧੂ ਨੇ ਇੱਥੇ ਇਹ ਵੀ ਦੱਸਿਆ ਕਿ ਪਾਕਿਸਤਾਨ ਸਰਕਾਰ ਬਗ਼ੈਰ ਵੀਜ਼ਾ ਸਿੱਖ ਸੰਗਤ ਨੂੰ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਜਾਕੇ ਮੱਥਾ ਟੇਕਣ ਦੀ ਇਜਾਜ਼ਤ ਦੇ ਰਹੀ ਹੈ ਜਿਸਦੇ ਚਲਦੇ ਕਿਸੇ ਹਿੰਦੁਸਤਾਨੀ ਨੂੰ ਕੋਈ ਦਿੱਕਤ ਨਹੀਂ ਆਵੇਗੀ। ਇਸ ਮੌਕੇ ਸਿੱਧੂ ਨੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਪਾਕਿਸਤਾਨ ਦੀ ਇਸ ਦਰਿਆਦਿਲੀ ਲਈ ਉਨ੍ਹਾਂ ਦਾ ਰੋਮ ਰੋਮ ਰਿਣੀ ਹੈ।

ਨਵਜੋਤ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਅੱਜ ਉਨ੍ਹਾਂ ਦਾ ਜੀਵਨ ਸਫ਼ਲ ਹੋਇਆ ਹੈ, ਕਿਓਂਕਿ ਉਹ ਇਸ ਸੁਪਨੇ ਨੂੰ ਸਕਾਰ ਕਰਾਉਣ ਦਾ ਇਕ ਜ਼ਰੀਆ ਬਣ ਸਕੇ।ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਬਾਬੇ ਨਾਨਕ ਦੀ ਧਰਤੀ 'ਤੇ ਸ਼ੀਸ਼ ਝੁਕਾਉਣ ਵਾਲਾ ਭਵਸਾਗਰ ਤੋਂ ਤਰ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਵੋਟਾਂ ਦੀ ਰਾਜਨੀਤੀ ਨੂੰ ਧਰਮ ਤੋਂ ਦੂਰ ਰੱਖਣ ਦੀ ਗੱਲ ਆਖੀ ਤੇ ਕਿਹਾ ਕਿ ਲਾਂਘਾ ਖੁੱਲਣ ਤੇ ਕੁੱਲ ਕਾਇਨਾਤ ਸਾਡੀ ਝੋਲ਼ੀ ਪੈ ਗਈ ਹੈ। 

ਇਸ ਮੌਕੇ ਸਿੱਧੂ ਨੇ ਹਿੰਦੋਸਤਾਨ ਦੀ ਸਰਕਾਰ ਤੇ ਵਦੇਸ਼ੀ ਮੰਤਰੀ ਸੁਸ਼ਮਾ ਸ੍ਵਰਾਜ ਨੂੰ ਹੱਥ ਜੋੜ ਕੇ ਅਰਜ਼ੋਈ ਕੀਤੀ ਕਿ ਜੇ ਪਾਕਿ ਵੱਲੋਂ ਇਹ ਕਦਮ ਅੱਗੇ ਵਧਿਆ ਹੈ ਤਾਂ ਹਿੰਦੁਸਤਾਨ ਵੀ ਹੁਣ ਗੁਰੇਜ਼ ਨਾ ਕਰੇ। ਕਿਓਂਕਿ ਬੀਤੇ 30-40 ਸਾਲ ਦੇ ਖ਼ੂਨ ਖਰਾਬੇ ਤੋਂ ਕੁੱਝ ਹਾਸਿਲ ਨਹੀਂ ਹੋਇਆ ਹੈ ਅਤੇ ਇਸ ਅਮਨ- ਸ਼ਾਂਤੀ ਨਾਲ ਹੀ ਇਸ ਖ਼ੂਨ ਖਰਾਬੇ ਨੂੰ ਖ਼ਤਮ ਕੀਤਾ ਜਾ ਸਕਦਾ ਹੈ।