ਖੇਤੀ ਆਰਡੀਨੈਂਸਾਂ ਦੇ ਹੱਕ 'ਚ ਡਟਿਆ ਬਾਦਲ ਪਰਵਾਰ,ਹਰਸਿਮਰਤ ਬਾਦਲ ਨੇ ਵੀ ਵਿਰੋਧੀਆਂ 'ਤੇ ਚੁੱਕੇ ਸਵਾਲ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਕੈਪਟਨ ਸਰਕਾਰ ਅਪਣੀਆਂ ਨਕਾਮੀਆਂ ਛੁਡਾਉਣ ਲਈ ਰੌਲਾ ਪਾ ਰਹੀ ਹੈ

Harsimrat Kaur Badal

ਚੰਡੀਗੜ੍ਹ :  ਖੇਤੀ ਆਰਡੀਨੈਂਸਾਂ ਦੇ ਚੱਲ ਰਹੇ ਵਿਰੋਧ ਦਰਮਿਆਨ ਬਾਦਲ ਪਰਵਾਰ ਵਲੋਂ ਆਰਡੀਨੈਂਸ ਦੇ ਹੱਕ 'ਚ ਡਟਣ ਬਾਅਦ ਪੰਜਾਬ ਦਾ ਸਿਆਸੀ ਪਾਰਾ ਹੋਰ ਚੜ੍ਹ ਗਿਆ ਹੈ। ਬੀਤੇ ਦਿਨੀਂ ਵੱਡੇ ਬਾਦਲ ਸਾਹਿਬ ਵਲੋਂ ਆਰਡੀਨੈਂਸ ਦੇ ਹੱਕ 'ਚ ਦਿਤੇ ਬਿਆਨ ਤੋਂ ਬਾਅਦ ਵਿਰੋਧੀ ਧਿਰਾਂ ਵਲੋਂ ਬਾਦਲ ਪਰਵਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਇਸੇ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਖੇਤੀ ਆਰਡੀਨੈਂਸ ਦਾ ਬਚਾਅ ਕਰਦਿਆਂ ਵਿਰੋਧੀਆਂ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਹੈ। ਇਸ ਤੋਂ ਬਾਅਦ ਬਾਦਲ ਪਰਵਾਰ ਖੇਤੀ ਆਰਡੀਨੈਂਸ ਦੇ ਹੱਕ 'ਚ ਖੁਲ੍ਹ ਕੇ ਸਾਹਮਣੇ ਆ ਗਿਆ ਹੈ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਸਮੇਤ ਸਾਰੇ ਆਗੂ ਖੇਤੀ ਆਰਡੀਨੈਂਸਾਂ ਦੇ ਮੁੱਦੇ 'ਤੇ ਨਪੇ-ਤੋਲਵੇ ਸ਼ਬਦਾਂ 'ਚ ਪ੍ਰਤੀਕਿਰਿਆ ਦਿੰਦੇ ਆ ਰਹੇ ਸਨ।

ਕੇਂਦਰੀ ਮੰਤਰੀ ਅਤੇ ਬਾਦਲ ਪਰਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਇਕ ਵੀਡੀਓ ਬਿਆਨ ਜਾਰੀ ਕਰਦਿਆਂ ਖੇਤੀ ਆਰਡੀਨੈਂਸਾਂ ਖਿਲਾਫ਼ ਚੱਲ ਰਹੇ ਵਿਰੋਧ ਨੂੰ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਚਾਲ ਦਸਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੱਡਾ ਹਮਲਾ ਬੋਲਿਆ ਹੈ। ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਖੇਤੀ ਆਰਡੀਨੈਂਸਾਂ ਬਾਰੇ ਜਿੰਨਾ ਰੌਲਾ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਪਾਇਆ ਹੈ, ਉਨਾ ਕਿਸੇ ਵੀ ਹੋਰ ਸੂਬੇ 'ਚ ਨਹੀਂ ਪਿਆ।

ਕੈਪਟਨ 'ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਾਉਂਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਤੇ ਹੱਕਾਂ ਲਈ ਲੜਦਾ ਆਇਆ ਹੈ ਅਤੇ ਅੱਗੇ ਵੀ ਲੜਦਾ ਰਹੇਗਾ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਕਿਸਾਨੀ ਹੱਕਾਂ ਲਈ ਲੜਣ ਵਾਲੇ ਆਗੂ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੀ ਇਹ ਪਛਾਣ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਸਾਨਾਂ ਦੇ ਹੱਕਾਂ 'ਚ ਖੜ੍ਹਣ ਕਾਰਨ ਬਣੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਇਕ ਦਿਨਾਂ ਸੈਸ਼ਨ ਦੌਰਾਨ ਵੀ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ, ਬੇਲਗਾਮ ਹੁੰਦੇ ਕਰੋਨਾ ਸਮੇਤ ਹੋਰ ਮੁੱਦਿਆਂ 'ਤੇ ਚਰਚਾ ਕਰਨ ਦੀ ਥਾਂ ਕੇਵਲ ਖੇਤੀ ਆਰਡੀਨੈਂਸਾਂ ਨੂੰ ਹੀ ਮੁੱਦਾ ਬਣਾਈ ਰੱਖਿਆ ਹੈ। ਜਦਕਿ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੇਂਦਰੀ ਮੰਤਰੀ ਦੀ ਉਸ ਚਿੱਠੀ ਦਾ ਹਵਾਲਾ ਵੀ ਦੇ ਚੁੱਕੇ ਹਨ, ਜਿਸ 'ਚ ਕੇਂਦਰ ਨੇ ਆਰਡੀਨੈਂਸਾਂ ਦਾ ਘੱਟੋ ਘੱਟ ਸਮਰਥਨ ਮੁੱਲ ਪ੍ਰਣਾਲੀ 'ਤੇ ਆਰਡੀਨੈਂਸਾਂ ਦਾ ਕੋਈ ਪ੍ਰਭਾਵ ਨਾ ਪੈਣ ਦੀ ਗੱਲ ਕਹੀ ਗਈ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਤਿੰਨ ਸਾਲ ਤੋਂ ਬਰਗਾੜੀ ਕਾਂਡ ਦਾ ਰੌਲਾ ਪਾ ਰਹੀ ਸੀ। ਹੁਣ ਜਦੋਂ ਬਰਗਾੜੀ ਕਾਂਡ 'ਚ ਵੀ ਸਰਕਾਰ ਦੇ ਹੱਥ ਖ਼ਾਲੀ ਹਨ ਤਾਂ ਹੁਣ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿਤਾ ਹੈ। ਕੈਪਟਨ ਸਰਕਾਰ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜੋ ਵੀ ਵਿਕਾਸ ਚੱਲ ਰਹੇ ਹਨ, ਉਹ ਸਾਰੇ ਕੇਂਦਰ ਸਰਕਾਰ ਦੇ ਪੈਸੇ ਨਾਲ ਚੱਲ ਰਹੇ ਹਨ ਜਦਕਿ ਸਰਕਾਰ ਅਪਣੇ ਤੌਰ 'ਤੇ ਕੁੱਝ ਵੀ ਕਰਨ ਤੋਂ ਅਸਫ਼ਲ ਸਾਬਤ ਹੋ ਰਹੀ ਹੈ।