ਸ਼੍ਰੋਮਣੀ ਕਮੇਟੀ ਨੇ ਮਿੱਟੀ ਵਿਚ ਰੋਲਿਆ ਇਕ ਹੋਰ ਹੀਰਾ-ਹਰਚਰਨ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਸ. ਹਰਚਰਨ ਸਿੰਘ ਦਾ ਇਕ ਕੰਮ ਹੀ ਉਨ੍ਹਾਂ ਨੂੰ 'ਪੰਥ ਰਤਨ' ਦਾ ਖ਼ਿਤਾਬ ਪ੍ਰਾਪਤ ਕਰਨ ਦਾ ਹੱਕਦਾਰ ਬਣਾ ਦੇਂਦਾ ਹੈ...

SGPC

ਸ਼੍ਰੋਮਣੀ ਕਮੇਟੀ ਬਣਾਈ ਤਾਂ ਇਹ ਸੋਚ ਕੇ ਗਈ ਸੀ ਕਿ ਪੰਥ ਦੇ ਵਿਹੜੇ ਵਿਚ ਇਹ ਕਮੇਟੀ ਬੇਸ਼ੁਮਾਰ ਹੀਰੇ ਪੈਦਾ ਕਰ ਕੇ ਵਿਖਾਏਗੀ। ਪਰ ਹਕੀਕਤ ਕੁੱਝ ਹੋਰ ਹੀ ਨਿਕਲੀ। ਹਰਚਰਨ ਸਿੰਘ ਪੰਜਾਬ ਐਂਡ ਸਿੰਧ ਬੈਂਕ ਵਿਚ ਹੇਠਾਂ ਤੋਂ ਉਠ ਕੇ ਟੀਸੀ ਤੇ ਪੁੱਜੇ। ਰੀਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਏਨਾ ਨਾਂ ਬਣਾਇਆ ਕਿ ਇੰਡੀਅਨ ਐਕਸਪ੍ਰੈਸ ਅਖ਼ਬਾਰ ਜੋ ਆਰਥਕ ਤੌਰ ਤੇ ਬੜੇ ਔਖੇ ਸਮੇਂ ਵਿਚੋਂ ਲੰਘ ਰਹੀ ਸੀ, ਉਸ ਦੇ ਸੰਕਟ-ਮੋਚਕ ਬਣ ਕੇ ਉਭਰੇ ਤੇ ਅਖ਼ਬਾਰ ਮੁੜ ਤੋਂ ਆਰਥਕ ਮਜ਼ਬੂਤੀ ਪਕੜ ਸਕਿਆ।

ਇਹ ਵੇਖ ਕੇ ਸ. ਸੁਖਬੀਰ ਸਿੰਘ ਬਾਦਲ ਨੇ ਸ. ਹਰਚਰਨ ਸਿੰਘ ਨੂੰ ਕਿਹਾ ਕਿ ਜਿੰਨੀ ਤਨਖ਼ਾਹ ਉਹ ਇੰਡੀਅਨ ਐਕਸਪ੍ਰੈਸ ਤੋਂ ਲੈਂਦੇ ਸੀ, ਓਨੀ ਹੀ ਤਨਖ਼ਾਹ ਲੈ ਕੇ ਸ਼੍ਰੋਮਣੀ ਕਮੇਟੀ ਅੰਦਰ ਪਿਆ ਆਰਥਕ ਗੰਦ ਸਾਫ਼ ਕਰ ਦੇਣ। ਮੇਰੇ ਕੋਲੋਂ ਸਲਾਹ ਲੈਣ ਆਏ ਤਾਂ ਮੈਂ ਈਮਾਨਦਾਰੀ ਨਾਲ ਰਾਏ ਦਿਤੀ ਕਿ ਉਨ੍ਹਾਂ ਨੂੰ ਉਥੇ ਕੰਮ ਹੀ ਕਿਸੇ ਨਹੀਂ ਕਰਨ ਦੇਣਾ ਤੇ ਸਾਰੀ ਉਮਰ ਦੀ ਨੇਕਨਾਮੀ ਦਾ ਭੜਥਾ ਬਣਾ ਕੇ ਘਰ ਭੇਜ ਦੇਣਾ ਹੈ। ਉਥੇ ਟਿਕਣ ਲਈ, ਉਨ੍ਹਾਂ ਵਰਗੇ ਹੀ ਹੋਣਾ ਪੈਣਾ ਹੈ।

ਕਹਿਣ ਲੱਗੇ ''ਮੈਂ ਕਿਹੜਾ ਪੈਸੇ ਲਈ ਜਾ ਰਿਹਾ ਹਾਂ। ਨਹੀਂ ਕੰਮ ਕਰਨ ਦੇਣਗੇ ਤਾਂ ਬਸਤਾ ਚੁਕ ਕੇ ਵਾਪਸ ਆ ਜਾਵਾਂਗਾ। ਪਰ ਇਕ ਵਾਰ ਪੰਥ ਦੀ ਮਹਾਨ ਸੰਸਥਾ ਨੂੰ 'ਸਾਫ਼ ਸੁਥਰੀ' ਬਣਾਉਣ ਦੀ ਕੋਸ਼ਿਸ਼ ਤਾਂ ਕਰ ਵੇਖਾਂ।'' ਮੈਂ ਸ. ਹਰਚਰਨ ਸਿੰਘ ਦੀ ਵਿਦਵਤਾ ਦਾ ਕਾਇਲ ਪਹਿਲੀ ਵਾਰ ਉਦੋਂ ਹੋਇਆ ਜਦ ਰਾਸ਼ਟਰਪਤੀ ਗਿ. ਜ਼ੈਲ ਸਿੰਘ ਨੇ 1984 ਵਿਚ ਅਪਣਾ ਪ੍ਰਤੀਨਿਧ ਮੇਰੇ ਕੋਲ ਭੇਜ ਕੇ ਰਾਏ ਮੰਗੀ ਸੀ ਕਿ ਉਹ ਅਸਤੀਫ਼ਾ ਦੇ ਦੇਣ ਜਾਂ ਟਿਕੇ ਰਹਿਣ। ਮੈਂ ਸ. ਹਰਚਰਨ ਸਿੰਘ ਨੂੰ ਵੀ ਅਪਣੀ ਮਦਦ ਲਈ ਬੁਲਾ ਲਿਆ। ਉਨ੍ਹਾਂ ਨੇ ਅਸਤੀਫ਼ਾ ਦੇ ਦੇਣ ਦੇ ਹੱਕ ਵਿਚ ਜਿਸ ਸਿਆਣਪ ਨਾਲ ਦਲੀਲਾਂ ਦਿਤੀਆਂ, ਉਹ ਮੈਂ ਕਦੇ ਨਹੀਂ ਭੁਲਾ ਸਕਦਾ। ਵੱਡੇ-ਵੱਡੇ ਵਕੀਲ ਵੀ ਦਲੀਲ ਦੇਣ ਦੇ ਮਾਮਲੇ ਵਿਚ ਉਨ੍ਹਾਂ ਸਾਹਮਣੇ ਤੁਛ ਜਾਪਦੇ ਸਨ।

ਬਤੌਰ ਚੀਫ਼ ਸੈਕਟਰੀ ਮੈਨੂੰ ਬਕਾਇਦਾ ਦਸਦੇ ਰਹਿੰਦੇ ਸਨ ਕਿ ਅੰਦਰ ਦੀ ਹਾਲਤ ਬਹੁਤ ਖ਼ਰਾਬ ਹੈ। ਪਰ ਫਿਰ ਟਿਕੇ ਕਿਉਂ ਹੋਏ ਹੋ, ਮੈਂ ਪੁਛਦਾ। ਉਨ੍ਹਾਂ ਨੇ ਦਸਿਆ ਕਿ ਇਕ ਦੋ ਹੋਰ ਮਿਤਰਾਂ ਦੇ ਸੁਝਾਅ ਤੇ ਉਨ੍ਹਾਂ ਨੇ ਬਲੂ ਸਟਾਰ ਆਪ੍ਰੇਸ਼ਨ ਦਾ ਸੇਕ ਅਪਣੇ ਪਿੰਡਿਆਂ ਤੇ ਹੰਢਾਉਣ ਵਾਲੇ ਚਸ਼ਮਦੀਦ ਗਵਾਹਾਂ ਦੇ ਬਿਆਨ ਰੀਕਾਰਡ ਕਰਨੇ ਸ਼ੁਰੂ ਕਰ ਦਿਤੇ ਹਨ ਤਾਕਿ ਕਲ ਕੋਈ ਮੁਕਰ ਨਾ ਸਕੇ। ਚੀਫ਼ ਸਕੱਤਰੀ ਦਾ ਇਸ ਮਾਮਲੇ ਵਿਚ ਕੁੱਝ ਲਾਭ ਸ. ਹਰਚਰਨ ਸਿੰਘ ਨੂੰ ਜ਼ਰੂਰ  ਮਿਲ ਗਿਆ।

ਬੜੇ ਭੀਆਵਲੇ ਦਿਨਾਂ ਦਾ ਜਿਹੜਾ ਇਤਿਹਾਸ ਉਨ੍ਹਾਂ ਨੇ ਸਬੂਤਾਂ ਸਹਿਤ ਸੰਭਾਲਿਆ, ਇਹ ਸ. ਹਰਚਰਨ ਸਿੰਘ ਨੂੰ 'ਪੰਥ ਰਤਨ' ਦਾ ਖ਼ਿਤਾਬ ਦਿਵਾਉਣ ਲਈ ਕਾਫ਼ੀ ਸੀ। ਕੰਮ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੇ ਕਰਨ ਵਾਲਾ ਸੀ ਪਰ ਸਿਆਸੀ ਸੌਦੇਬਾਜ਼ੀ ਨੇ ਉਨ੍ਹਾਂ ਦੋਹਾਂ ਨੂੰ ਜ਼ਿੰਮੇਵਾਰੀ ਨਿਭਾਉਣ ਤੋਂ ਰੋਕ ਲਿਆ। ਸ਼ਾਇਦ ਗੁਰੂ ਨੇ ਇਕ ਬੈਂਕਰ ਨੂੰ ਇਹ ਸੇਵਾ ਸੌਂਪਣ ਲਈ ਹੀ ਸ਼੍ਰੋਮਣੀ ਕਮੇਟੀ ਵਿਚ ਲਗਵਾ ਦਿਤਾ ਵਰਨਾ ਉਨ੍ਹਾਂ ਨੇ ਪਹਿਲਾਂ ਕਦੇ ਇਕ ਲਫ਼ਜ਼ ਵੀ ਧਰਮ ਜਾਂ ਸਿਆਸਤ ਬਾਰੇ ਨਹੀਂ ਸੀ ਲਿਖਿਆ।

ਮੈਨੂੰ ਦਸਦੇ ਰਹਿੰਦੇ ਸਨ ਕਿ ਪ੍ਰਧਾਨ ਤੋਂ ਲੈ ਕੇ ਜਥੇਦਾਰਾਂ ਤੇ ਮੈਂਬਰਾਂ ਤਕ ਕੋਈ ਚੰਗਾ ਕੋਨਾ ਸ਼ਾਇਦ ਹੀ ਲਭਿਆ ਜਾ ਸਕੇ ਜਿਥੇ ਪੰਥ ਦੀ ਜਾਇਦਾਦ ਤੇ ਦੌਲਤ ਨੂੰ 'ਲੁੱਟਣ' ਵਿਚ ਸ਼ਾਮਲ ਹੋਣੋਂ ਨਾਂਹ ਕਰਨ ਵਾਲਾ ਗੁਰੂ ਦਾ ਕੋਈ ਲਾਲ ਨਜ਼ਰ ਆ ਸਕੇ। ਉਨ੍ਹਾਂ ਨੂੰ ਕੰਮ ਕਰਦੇ ਕੋਈ ਨਹੀਂ ਸੀ ਵੇਖਣਾ ਚਾਹੁੰਦਾ। ਮੈਂ ਕਿਹਾ, ਫਿਰ ਵਾਪਸ ਆ ਜਾਉ। ਕਹਿਣ ਲੱਗੇ, ''ਬੱਸ ਜਿਹੜਾ ਇਤਿਹਾਸਕ ਖ਼ਜ਼ਾਨਾ ਮੈਂ 'ਲੁਟ' ਰਿਹਾ ਹਾਂ, ਉਹ ਲੁਟ ਕੇ ਛੇਤੀ ਹੀ ਆ ਜਾਵਾਂਗਾ।''

ਫਿਰ ਇਕ ਦਿਨ ਫ਼ੋਨ ਆ ਗਿਆ,''ਆਖੋ ਤਾਂ ਛੱਡ ਦਿਆਂ?''
ਮੈਂ ਕਿਹਾ, 'ਬੜੀ ਸਿਆਣਪ ਕਰੋਗੇ।'
ਉਹ ਝੱਟ ਹੀ ਅਸਤੀਫ਼ਾ ਦੇ ਕੇ ਆ ਗਏ ਤੇ ਸਪੋਕਸਮੈਨ ਵਿਚ ਉਹ ਇਤਿਹਾਸਕ ਖ਼ਜ਼ਾਨਾ ਬਖੇਰਨ ਲੱਗ ਪਏ ਜਿਸ ਬਾਰੇ ਮੈਂ ਉਪਰ ਕਹਿ ਚੁੱਕਾ ਹਾਂ, ਇਹ ਇਕੱਲਾ ਹੀ ਉਨ੍ਹਾਂ ਨੂੰ 'ਪੰਥ ਰਤਨ' ਦਾ ਰੁਤਬਾ ਦਿਵਾਉਣ ਲਈ ਕਾਫ਼ੀ ਹੈ। ਸਿੱਖਾਂ ਬਾਰੇ ਆਮ ਮਸ਼ਹੂਰ ਹੈ ਕਿ ਸਿੱਖ ਇਤਿਹਾਸ ਰਚਦੇ ਜ਼ਰੂਰ ਹਨ ਪਰ ਅਪਣਾ ਇਤਿਹਾਸ ਆਪ ਨਹੀਂ ਲਿਖਦੇ, ਨਾ ਸੰਭਾਲਦੇ ਹੀ ਹਨ। ਲੇਖਕ ਨਾ ਹੁੰਦੇ ਹੋਏ ਵੀ, ਉਨ੍ਹਾਂ ਨੇ ਇਹ ਕੰਮ ਕਰ ਵਿਖਾਇਆ ਤੇ ਏਨੀ ਖ਼ੂਬਸੂਰਤੀ, ਸਿਆਣਪ ਨਾਲ ਤੇ ਮਾਹਰ ਇਤਿਹਾਸਕਾਰ ਵਾਂਗ ਕਰ ਵਿਖਾਇਆ ਕਿ ਵੱਡੀਆਂ ਕਲਮਾਂ ਵੀ ਉਨ੍ਹਾਂ ਦੀ ਮਿਹਨਤ ਨੂੰ ਸਲਾਮ ਕਰਦੀਆਂ ਹਨ।

ਮੇਰੇ ਕਹਿਣ ਤੇ, ਉਨ੍ਹਾਂ ਨੇ ਕਿਤਾਬ ਵੀ ਲਿਖ ਦਿਤੀ ਜਿਸ ਵਿਚ ਬਲੂ-ਸਟਾਰ ਆਪ੍ਰੇਸ਼ਨ ਦਾ ਪੂਰਾ ਕੱਚ ਸੱਚ ਪ੍ਰਤੱਖ-ਦਰਸ਼ੀ ਗਵਾਹਾਂ ਦੀ ਜ਼ਬਾਨੀ ਪੇਸ਼ ਕੀਤਾ ਤੇ ਇਕ ਵੱਡੇ ਲੇਖਕ ਵਾਲੀ ਮਹਾਰਤ ਨਾਲ ਪੇਸ਼ ਕੀਤਾ। ਫਿਰ ਉਨ੍ਹਾਂ ਇਕ ਕਿਤਾਬ ਤੋਂ ਲੈ ਕੇ ਦੂਜੀ, ਤੀਜੀ ਕਿਤਾਬ ਦੇ ਦਿਤੀ। ਸ਼੍ਰੋਮਣੀ ਕਮੇਟੀ ਦੇ ਅੰਦਰ ਰਹਿ ਕੇ ਜੋ ਵੇਖਿਆ, ਉਸ ਦਾ ਨੰਗਾ ਸੱਚ ਉਨ੍ਹਾਂ ਅਪਣੀ ਅਗਲੀ ਤੇ ਆਖ਼ਰੀ ਕਿਤਾਬ ਵਿਚ ਲਿਖਣ ਦਾ ਮਨ ਬਣਾ ਲਿਆ ਹੋਇਆ ਸੀ। ਇਥੋਂ ਹੀ ਸ਼ੁਰੂ ਹੋ ਗਈ, ਉਨ੍ਹਾਂ ਨੂੰ 'ਕੇਸ ਵਿਚ ਫਸਾ ਦਿਆਂਗੇ... ਸਾਨੂੰ ਛੇੜੋਗੇ ਤਾਂ ਸਾਰੀ ਉਮਰ ਪਛਤਾਉਂਦੇ ਰਹੋਗੇ'' ਵਰਗੀਆਂ ਧਮਕੀਆਂ ਦੀ ਬੌਛਾੜ।

ਉਹ ਅਪਣਾ ਇਰਾਦਾ ਬਦਲਣ ਲਈ ਤਿਆਰ ਨਾ ਹੋਏ। ਪਰ 'ਪਵਿੱਤਰ ਬੀੜਾਂ' ਦੇ ਮਾਮਲੇ ਵਿਚ ਸ. ਹਰਚਰਨ ਸਿੰਘ ਨੂੰ ਜਿਵੇਂ ਲਿਬੇੜਨ ਦੀ ਕੋਸ਼ਿਸ਼ ਕੀਤੀ ਗਈ, ਉਸ ਨੇ ਉਨ੍ਹਾਂ ਦਾ ਦਿਲ ਤੋੜ ਦਿਤਾ। ਉਹ ਤਾਂ ਉਸ ਵੇਲੇ ਸ਼੍ਰੋਮਣੀ ਕਮੇਟੀ ਵਿਚ ਕੰਮ ਹੀ ਨਹੀਂ ਸਨ ਕਰਦੇ ਜਦ ਇਹ ਘਪਲਾ ਹੋਇਆ ਤੇ ਉਨ੍ਹਾਂ ਵਲੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਦੀ ਕਿਸੇ ਘਟਨਾ ਦਾ ਉਨ੍ਹਾਂ ਨੂੰ ਤਾਂ ਹੀ ਪਤਾ ਲੱਗ ਸਕਦਾ ਸੀ ਜੇ ਉਨ੍ਹਾਂ ਕੋਲ ਕੋਈ ਰੀਪੋਰਟ ਆਉਂਦੀ। ਕਿਸੇ ਦੂਜੇ ਨੂੰ ਬਚਾਉਣ ਲਈ ਸ. ਹਰਚਰਨ ਸਿੰਘ ਸਮੇਤ ਕਈਆਂ ਨੂੰ ਖ਼ਾਹਮਖ਼ਾਹ ਰੋਲਣ ਦਾ ਯਤਨ ਉਨ੍ਹਾਂ ਕੋਲੋਂ ਬਰਦਾਸ਼ਤ ਨਹੀਂ ਸੀ ਹੋ ਰਿਹਾ। ਪੰਥ ਦੀ ਸੇਵਾ ਦਾ ਸਿਲਾ ਉਨ੍ਹਾਂ ਨੂੰ ਇਸ ਝੂਠ ਵਿਚ ਲਿਬੇੜ ਕੇ ਜਿਵੇਂ ਦਿਤਾ ਜਾ ਰਿਹਾ ਸੀ, ਉਸ ਨੂੰ ਬਰਦਾਸ਼ਤ ਕਰਨ ਲਈ ਉਨ੍ਹਾਂ ਦਾ ਦਿਲ ਤਿਆਰ ਨਾ ਹੋ ਸਕਿਆ।

ਮੇਰੇ ਨਾਲ ਦੋ ਦਿਨ ਪਹਿਲਾਂ ਵੀ ਗੱਲਬਾਤ ਹੋਈ ਤੇ ਅਪਣੇ ਜ਼ਖ਼ਮੀ ਜਜ਼ਬਾਤ ਦਾ ਥੋੜਾ ਜਿਹਾ ਦੁਖ ਵਿਖਾ ਕੇ ਉਨ੍ਹਾਂ ਨੇ ਦਸਿਆ ਕਿ ਐਤਵਾਰ ਨੂੰ ਬੈਠ ਕੇ ਖੁਲ੍ਹੀਆਂ ਗੱਲਾਂ ਮੇਰੇ ਨਾਲ ਕਰਨਗੇ ਤੇ ਬਹੁਤ ਕੁੱਝ ਦੱਸਣਗੇ। ਐਤਵਾਰ ਆਉਣ ਤੋਂ ਪਹਿਲਾਂ ਹੀ, ਉਹ ਇਹ ਅਪਮਾਨ ਨਾ ਸਹਾਰਦੇ ਹੋਏ, ਚੁਪ ਚੁਪੀਤੇ ਚਲਦੇ ਬਣੇ ਤੇ ਇਸ ਗੰਦੀ ਦੁਨੀਆਂ ਨੂੰ ਅਲਵਿਦਾ ਕਹਿ ਗਏ। ਪਾਪਾਂ ਵਿਚ ਲਿਬੜੀ ਸ਼੍ਰੋਮਣੀ ਕਮੇਟੀ ਨੇ ਕੌਮ ਦੇ ਇਕ ਹੋਰ ਹੀਰੇ ਨੂੰ ਮਿੱਟੀ ਵਿਚ ਮਿਲਾ ਦੇਣ ਦਾ ਇਕ ਹੋਰ ਦੁਸ਼-ਕਰਮ ਕਰ ਦਿਤਾ ਹੈ।

ਸ਼੍ਰੋਮਣੀ ਕਮੇਟੀ ਤੇ ਉਸ ਦੇ ਪੁਜਾਰੀਵਾਦ ਨੇ ਸਿੱਖਾਂ ਵਿਚ ਇਤਿਹਾਸਕਾਰ ਕੋਈ ਨਹੀਂ ਰਹਿਣ ਦਿਤਾ, ਖੋਜੀ ਕੋਈ ਨਹੀਂ ਰਹਿਣ ਦਿਤਾ, ਵਿਦਵਾਨ ਕੋਈ ਨਹੀਂ ਰਹਿਣ ਦਿਤਾ। ਹਰਚਰਨ ਸਿੰਘ ਵਰਗੇ ਜਿਹੜੇ ਬਾਹਰੋਂ ਆ ਕੇ ਇਸ ਖੱਪੇ ਨੂੰ ਪੂਰਨ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਦਾ ਕੀ ਹਸ਼ਰ ਕੀਤਾ ਜਾਂਦਾ ਹੈ, ਉਹ ਸੱਭ ਦੇ ਸਾਹਮਣੇ ਹੈ।  ਸ਼੍ਰੋਮਣੀ ਕਮੇਟੀ ਵਿਚ ਸੰਤ ਸਮਾਜ ਵਾਲਿਆਂ ਦੀ ਕਦਰ ਹੁੰਦੀ ਹੈ, ਭਗਵਾਂਕਰਨ ਵਾਲਿਆਂ ਨੂੰ ਸਲਾਮਾਂ ਹੁੰਦੀਆਂ ਹਨ ਅਤੇ ਸੱਭ ਕੁੱਝ ਵੇਖ ਕੇ ਵੀ ਚੁੱਪ ਰਹਿਣ ਤੇ ਜੀਅ ਹਜ਼ੂਰੀ ਕਰਨ ਵਾਲਿਆਂ ਦੀ ਪੁਛ-ਪ੍ਰਤੀਤ ਹੁੰਦੀ ਹੈ, ਅੱਖਾਂ ਖੋਲ੍ਹ ਕੇ ਅਤੇ ਵਾਹਿਗੁਰੂ ਦਾ ਭੈ ਮਨ ਵਿਚ ਰੱਖਣ ਵਾਲਿਆਂ ਨੂੰ ਕੋਈ ਪਸੰਦ ਨਹੀਂ ਕਰਦਾ।

ਪੰਜਾਬ ਯੂਨੀਵਰਸਟੀ ਦੇ ਇਤਿਹਾਸ ਵਿਭਾਗ ਦੇ ਰਹਿ ਚੁਕੇ ਮੁਖੀ ਡਾ. ਗੁਰਦਰਸ਼ਨ ਸਿੰਘ ਢਿੱਲੋਂ ਕੋਲੋਂ 1984 ਦੇ ਹਾਲਾਤ ਬਾਰੇ 'ਵਾਈਟ ਪੇਪਰ' ਜਥੇਦਾਰ ਟੌਹੜਾ ਨੇ ਆਪ ਲਿਖਵਾਇਆ ਪਰ ਜਦ ਉਹ ਪੁਸਤਕ ਰੂਪ ਵਿਚ ਛੱਪ ਕੇ ਸ਼੍ਰੋਮਣੀ ਕਮੇਟੀ ਨੂੰ ਭੇਜ ਦਿਤਾ ਗਿਆ ਤਾਂ ਦਿੱਲੀ ਦੀ ਨਰਾਜ਼ਗੀ ਤੋਂ ਬਚਣ ਲਈ, ਉਸ ਪੁਸਤਕ (ਵਾਈਟ ਪੇਪਰ) ਨੂੰ ਗੁਦਾਮ ਵਿਚੋਂ ਹੀ ਨਾ ਕਢਿਆ ਗਿਆ ਤੇ ਇਕ ਵੀ ਕਾਪੀ ਬਾਹਰ ਨਾ ਕੱਢੀ ਗਈ, ਨਾ ਵੇਚੀ ਗਈ। ਪੁਸਤਕ, ਗੁਦਾਮ ਵਿਚ ਹੀ ਗਲ ਸੜ ਗਈ। ਵਿਦਵਤਾ ਦੀ 'ਕਦਰ' ਇਸ ਤਰ੍ਹਾਂ ਹੀ ਪੈਂਦੀ ਹੈ ਸ਼੍ਰੋਮਣੀ ਕਮੇਟੀ ਵਿਚ। ਡਾਢਿਆਂ ਦਾ ਸੱਤੀਂ ਵੀਹੀਂ ਸੌ ਚਲਦਾ ਹੈ। ਰਸਮੀ ਸ਼ਰਧਾਂਜਲੀਆਂ ਸ਼ਾਇਦ ਦਿਤੀਆਂ ਵੀ ਜਾਣ ਪਰ ਅੰਦਰੋਂ ਸੱਭ ਖ਼ੁਸ਼ ਹੋ ਰਹੇ ਹੋਣਗੇ ਕਿ ਪੰਥ ਲਈ ਕੁੱਝ ਕਰਨ ਵਾਲਾ ਇਕ ਹੋਰ ਸਿੱਖ, ਡਰਾ ਮਾਰਿਆ ਹੈ। ਪੰਥ ਦੀ ਤਰਾਸਦੀ ਦੀ ਕਿੰਨੀ ਭਿਆਨਕ ਤਸਵੀਰ ਹੈ ਇਹ। ਹਰਚਰਨ ਸਿੰਘ ਤਾਂ ਸੱਚੇ ਦੇ ਦਰਬਾਰ ਵਿਚ 'ਪੰਥ ਰਤਨ' ਰਹੇਗਾ ਹੀ ਪਰ ਸਿੱਖ ਸੰਸਥਾ ਦੇ ਕਰਤਾ ਧਰਤਾ ਲੋਕਾਂ ਦੀ ਸੋਚ ਉਤੇ ਮਾਤਮ ਵੀ ਜ਼ਰੂਰ ਕਰਨਾ ਚਾਹੀਦਾ ਹੈ।     - ਜੋਗਿੰਦਰ ਸਿੰਘ