ਮੁੱਖ ਮੰਤਰੀ ਦੀ ਨਾਕਾਮੀ ਦਾ ਨਤੀਜਾ ਹੈ 100 ਕਰੋੜ ਜੀਐਸਟੀ ਚੋਰੀ ਘੋਟਾਲਾ- ਹਰਪਾਲ ਸਿੰਘ ਚੀਮਾ 

ਏਜੰਸੀ

ਖ਼ਬਰਾਂ, ਪੰਜਾਬ

‘ਆਪ’ ਨੂੰ ਨਹੀਂ ਹੈ ਵਿਜੀਲੈਂਸ ਬਿਊਰੋ ਦੀ ਜਾਂਚ ‘ਤੇ ਭਰੋਸਾ 

Harpal Cheema

ਚੰਡੀਗੜ੍ਹ, 7 ਸਤੰਬਰ 2020 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਨੇ ਕਰ ਅਤੇ ਆਬਕਾਰੀ ਵਿਭਾਗ ‘ਚ ਹੋਏ 100 ਕਰੋੜ ਰੁਪਏ ਦੇ ਚੋਰੀ ਘੁਟਾਲੇ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਨਿਕੰਮੀ ਕਾਰਜਸ਼ੈਲੀ ਨੂੰ ਜ਼ਿੰਮੇਵਾਰ ਠਹਿਰਾਇਆ, ਜਿਸ ਕਾਰਨ ਚਾਰੇ ਪਾਸੇ ਭਿ੍ਰਸਟਾਚਾਰ ਅਤੇ ਮਾਫ਼ੀਆ ਰਾਜ ਭਾਰੂ ਹੈ।   

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਰ ਅਤੇ ਆਬਕਾਰੀ ਮਹਿਕਮਾ ਮੁੱਖ ਮੰਤਰੀ ਕੋਲ ਹੈ। ਇਸੇ ਤਰਾਂ ਵਿਜੀਲੈਂਸ ਬਿਊਰੋ ਵੀ ਬਤੌਰ ਗ੍ਰਹਿ ਮੰਤਰੀ ਅਮਰਿੰਦਰ ਸਿੰਘ ਅਧੀਨ ਹੈ। ਵਿਜੀਲੈਂਸ ਬਿਊਰੋ ਦੀ ਜਾਂਚ ਅਤੇ ਮੀਡੀਆ ਰਿਪੋਰਟਾਂ ਮੁਤਾਬਿਕ ਕਰ ਅਤੇ ਆਬਕਾਰੀ ਵਿਭਾਗ ਦੇ ਅਫ਼ਸਰ-ਕਰਮਚਾਰੀ ਟਰਾਂਸਪੋਰਟਰਾਂ/ਵਪਾਰੀਆਂ ਕੋਲੋਂ ਪ੍ਰਤੀ ਮਹੀਨਾ 30 ਹਜ਼ਾਰ ਤੋਂ ਲੈ ਕੇ 2.5 ਲੱਖ ਤੱਕ ਦੀ ਰਿਸ਼ਵਤ ਲੈ ਕੇ ਜੀਐਸਟੀ ਚੋਰੀ ‘ਚ ਸੂਬੇ ਦੇ ਖ਼ਜ਼ਾਨੇ ਨੂੰ ਸਾਲਾਨਾ 100 ਕਰੋੜ ਰੁਪਏ ਦਾ ਚੂਨਾ ਲਗਾ ਰਹੇ ਹਨ।

ਸਵਾਲ ਇਹ ਹੈ ਕਿ ਐਨੇ ਵੱਡੇ ਪੱਧਰ ‘ਤੇ ਸਰਗਰਮ ਅਜਿਹਾ ਜੀਐਸਟੀ ਮਾਫ਼ੀਆ ਸੰਬੰਧਿਤ ਮੰਤਰੀ (ਜੋ ਮੁੱਖ ਮੰਤਰੀ ਹੀ ਹਨ) ਦੀ ਪ੍ਰਤੱਖ-ਅਪ੍ਰਤੱਖ ਸਹਿਮਤੀ ਜਾਂ ਸ਼ਮੂਲੀਅਤ ਬਗੈਰ ਕਿੰਜ ਸੰਭਵ ਹੈ? ਇਹ ਮਾਨਯੋਗ ਹਾਈਕੋਰਟ ਦੇ ਮੌਜੂਦਾ ਜੱਜਾਂ ਦੀ ਨਿਗਰਾਨੀ ਹੇਠ ਉੱਚ ਪੱਧਰੀ ਅਤੇ ਸਮਾਂਬੱਧ ਜੁਡੀਸ਼ੀਅਲ ਜਾਂਚ ਦਾ ਮਾਮਲਾ ਹੈ। ਹਰਪਾਲ ਸਿੰਘ ਚੀਮਾ ਨੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਇਸ ਮਾਮਲੇ ਦੀ ਕੀਤੀ ਜਾ ਰਹੀ ਜਾਂਚ ‘ਤੇ ਅਸੰਤੁਸ਼ਟੀ ਪ੍ਰਗਟ ਕਰਦੇ ਹੋਏ ਕਿਹਾ ਕਿ ਪਿਛਲੇ ਲੰਬੇ ਅਰਸੇ ਤੋਂ ਪੰਜਾਬ ਵਿਜੀਲੈਂਸ ਬਿਊਰੋ ਖ਼ੁਦ ਮਾਫ਼ੀਆ ਦੀ ਤਰਜ਼ ‘ਤੇ ਕੰਮ ਕਰ ਰਿਹਾ ਹੈ।

ਪੀਐਸਆਈਈਸੀ ‘ਚ ਹੋਏ 1500 ਕਰੋੜ ਰੁਪਏ ਤੋਂ ਵੱਧ ਦੇ ਉਦਯੋਗਿਕ ਪਲਾਟ ਘੁਟਾਲੇ ਨੂੰ ਜਿਸ ਤਰੀਕੇ ਨਾਲ ਦਬਾਇਆ ਗਿਆ ਹੈ, ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਵਿਜੀਲੈਂਸ ਬਿਊਰੋ ਦੀ ਮਿਲੀਭੁਗਤ ਦੀ ਇਹ ਤਾਜ਼ਾ ਮਿਸਾਲ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਨਾਮ ਇਸ ਤਰਾਂ ਦੀਆਂ ਅਣਗਿਣਤ ਮਿਸਾਲਾਂ ਇਤਿਹਾਸ ਦੇ ਪੰਨਿਆਂ ‘ਚ ਦਰਜ਼ ਹਨ।