ਹੁਣ ਬਾਦਲ ਪਿੰਡ ਨੂੰ ਜਾਂਦੀ ਮੁੱਖ ਸੜਕ ਤੇ ਲਹਿਰਾਇਆ ਖਾਲਿਸਤਾਨੀ ਝੰਡਾ 

ਏਜੰਸੀ

ਖ਼ਬਰਾਂ, ਪੰਜਾਬ

ਸੂਚਨਾ ਮਿਲਣ ਤੇ ਮੌਕੇ ਉਤੇ ਇਲਾਕੇ ਦੀ ਪੁਲਿਸ ਪਹੁੰਚੀ ਅਤੇ ਉਕਤ ਝੰਡਾ ਉਤਾਰ ਦਿੱਤਾ ਗਿਆ

File Photo

ਚੰਡੀਗੜ੍ਹ - ਮੋਗਾ ਵਿਚ ਖਾਲਿਸਤਾਨੀ ਝੰਡਾ ਲਹਿਰਾਉਣ ਤੋਂ ਬਾਅਦ ਹੁਣ ਕੈਪਟਨ ਸਰਕਾਰ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿੰਡ ਨੂੰ ਜਾਂਦੀ ਬਾਦਲ ਸੜਕ ਉੱਤੇ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ ਹੈ। ਅੱਜ ਸਵੇਰੇ ਹੀ ਬਾਦਲ ਪਿੰਡ ਨੂੰ ਜਾਂਦੀ ਮੁੱਖ ਸੜਕ ਉਤੇ ਨਰੂਆਣਾ ਪਿੰਡ ਦੇ ਨਜ਼ਦੀਕ ਖਾਲਿਸਤਾਨੀ ਝੰਡਾ ਦੇਖਿਆ ਗਿਆ, ਜਿਸ ਦੀ ਸੂਚਨਾ ਮਿਲਣ ਤੇ ਮੌਕੇ ਉਤੇ ਇਲਾਕੇ ਦੀ ਪੁਲਿਸ ਪਹੁੰਚੀ ਅਤੇ ਉਕਤ ਝੰਡਾ ਉਤਾਰ ਦਿੱਤਾ ਗਿਆ।

ਇਸ ਮਾਮਲੇ ਸਬੰਧੀ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰਜੀਤ ਸਿੰਘ ਵਿਰਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਸੜਕ ਉਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਵੇਖੀ ਜਾ ਰਹੀ ਹੈ।  ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੋਗਾ ਵਿਚ 14 ਅਗਸਤ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਛੱਤ 'ਤੇ ਕਿਸੇ ਨੇ ਤਿਰੰਗੇ ਝੰਡੇ ਨੂੰ ਕੱਟ ਕੇ ਉਸ ਦਾ ਅਪਮਾਨ ਕਰਦੇ ਹੋਏ ਖਾਲਿਸਤਾਨ ਦਾ ਝੰਡਾ ਲਹਿਰਾ ਦਿੱਤਾ ਸੀ।

ਆਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਸ਼ਰਾਰਤੀਆਂ ਵਲੋਂ ਕੀਤੀ ਗਈ ਇਸ ਹਰਕਤ ਕਰਕੇ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ। ਇਸ ਤੋਂ ਬਾਅਦ ਦੂਜੀ ਵਾਰ ਵੀ ਮੋਗਾ ਵਿਚ ਕੋਟਕਪੂਰਾ ਬਾਈਪਾਸ ਦੇ ਓਵਰ ਬ੍ਰਿਜ 'ਤੇ ਕੁਝ ਨੌਜਵਾਨਾਂ ਵਲੋਂ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ ਸੀ।