ਸੇਵਾਮੁਕਤ ਹੋਣ ਵਾਲੇ ਡਾਕਟਰਾਂ ਅਤੇ ਮਾਹਿਰਾਂ ਨੂੰ ਤਿੰਨ ਮਹੀਨੇ ਦੇ ਵਾਧੇ ਦਾ ਐਲਾਨ - ਮੁੱਖ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਡਿਪਟੀ ਕਮਿਸ਼ਨਰਾਂ ਤਹਿਤ ਕਮੇਟੀਆਂ ਨੂੰ ਘਰੇਲੂ ਇਕਾਂਤਵਾਸ ਵਿਚਲੇ ਗਰੀਬ ਪਰਿਵਾਰਾਂ ਨੂੰ ਖਾਣੇ ਦੇ ਪੈਕੇਟ ਵੰਡਣ ਦੇ ਹੁਕਮ

Punjab CM announces 3-month extension of under-60 retiring doctors amid COVID-19 crisis

 ਚੰਡੀਗੜ, 7 ਸਤੰਬਰ: ਕੋਵਿਡ ਦੇ ਮਾਮਲਿਆਂ ਅਤੇ ਇਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ 60 ਸਾਲ ਤੋਂ ਘੱਟ ਉਮਰ ਦੇ ਸਾਰੇ ਸੇਵਾ ਮੁਕਤ ਹੋ ਰਹੇ ਡਾਕਟਰਾਂ ਅਤੇ ਮਾਹਿਰਾਂ ਨੂੰ ਤਿੰਨ ਮਹੀਨੇ ਦਾ ਵਾਧਾ ਦੇਣ ਦਾ ਐਲਾਨ ਕੀਤਾ ਹੈ। ਉਨਾਂ ਮੁੱਖ ਸਕੱਤਰ ਨੂੰ ਕੋਵਿਡ ਦੇ ਮਾਮਲਿਆਂ ਦੀ ਵਧ ਰਹੀ ਗਿਣਤੀ ਨੂੰ ਵੇਖਦੇ ਹੋਏ ਟੈਕਨੀਸ਼ੀਅਨਾਂ ਅਤੇ ਲੈਬ ਅਸਿਸਟੈਂਟਾਂ ਦੀ ਭਰਤੀ ਦੀ ਪ੍ਰਕਿਰਿਆ ਤੇਜ਼ ਕਰਨ ਲਈ ਵੀ ਕਿਹਾ।

ਮੁੱਖ ਮੰਤਰੀ ਨੇ ਦੱਸਿਆ ਕਿ ਕੈਬਨਿਟ ਦੇ ਇਕ ਫੈਸਲੇ ਦੇ ਅਨੁਸਾਰ ਪਹਿਲਾਂ ਇਨਾਂ ਡਾਕਟਰਾਂ ਨੂੰ 30 ਸਤੰਬਰ ਤੱਕ ਵਾਧਾ ਪ੍ਰਦਾਨ ਕੀਤਾ ਗਿਆ ਸੀ ਜਿਸ ਨੂੰ ਕਿ ਹੁਣ 31 ਦਸੰਬਰ, 2020 ਤੱਕ ਵਧਾ ਦਿੱਤਾ ਗਿਆ ਹੈ। ਉੱਚ ਅਧਿਕਾਰੀਆਂ ਅਤੇ ਮੈਡੀਕਲ/ਸਿਹਤ ਮਾਹਿਰਾਂ ਨਾਲ ਕੋਵਿਡ ਦੀ ਸਥਿਤੀ ਦੀ ਵਰਚੁਅਲ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਸਰਕਾਰੀ ਮੈਡੀਕਲ ਕਾਲਜਾਂ ਨੂੰ ਮਾਹਿਰਾਂ ਦੀਆਂ ਸੇਵਾਵਾਂ ਪ੍ਰਦਾਨ ਕਰ ਕੇ ਇਨਾਂ ਕਾਲਜਾਂ ਦੀ ਮਦਦ ਕੀਤੀ ਜਾ ਰਹੀ ਹੈ।

ਜਦੋਂ ਕਿ ਅਜੇ ਮੈਡੀਕਲ ਸਿੱਖਿਆ ਵਿਭਾਗ ਦੁਆਰਾ ਭਰਤੀ ਦੀ ਪ੍ਰਕਿਰਿਆ ਅਜੇ ਬਾਕੀ ਹੈ। ਵਿੱਤ ਵਿਭਾਗ ਦੁਆਰਾ ਵਿਸ਼ੇਸ਼ ਛੋਟ ਦਿੱਤੀ ਗਈ ਹੈ ਤਾਂ ਜੋ ਇਹ ਕਾਲਜ ਹੋਰਨਾਂ ਮਨੁੱਖੀ ਵਸੀਲਿਆਂ ਤੋਂ ਸੇਵਾਵਾਂ ਲੈ ਸਕਣ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਤਹਿਤ ਕਮੇਟੀਆਂ ਦੇ ਗਠਨ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਘਰੇਲੂ ਇਕਾਂਤਵਾਸ/ਕੁਆਰੰਟੀਨ ਵਿਚਲੇ ਗ਼ਰੀਬ ਪਰਿਵਾਰਾਂ ਨੂੰ ਖਾਣੇ ਦੇ ਪੈਕਟਾਂ ਦੀ ਵੰਡ ਕੀਤੀ ਜਾ ਸਕੇ ਅਤੇ ਇਨਾਂ ਪਰਿਵਾਰਾਂ ਨੂੰ ਜਾਂਚ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ ਕਿਉਂਜੋ ਆਮ ਤੌਰ ’ਤੇ ਇਹ ਪਰਿਵਾਰ ਆਪਣੀ ਨਿਗੂਣੀ ਜਿਹੀ ਆਮਦਨ ਤੋਂ ਵੀ ਹੱਥ ਧੋ ਬੈਠਣ ਦੇ ਡਰ ਕਾਰਨ ਕੋਵਿਡ ਸਬੰਧੀ ਜਾਂਚ ਨਹੀਂ ਕਰਵਾਉਂਦੇ।

ਕੈਪਟਨ ਅਮਰਿੰਦਰ ਸਿੰਘ ਦੁਆਰਾ ਹਸਪਤਾਲਾਂ ਵਿੱਚ ਅਤੇ ਘਰਾਂ ਵਿੱਚਲੇ ਕੋਵਿਡ ਮਰੀਜ਼ਾਂ ਦਾ ਤਣਾਅ ਘਟਾਉਣ ਲਈ ਕਈ ਹੋਰ ਕਦਮ ਚੁੱਕਣ ਦਾ ਐਲਾਨ ਵੀ ਕੀਤਾ ਗਿਆ ਹੈ। ਇਹ ਫੈਸਲਾ ਕੀਤਾ ਗਿਆ ਹੈ ਕਿ ਸਰਕਾਰੀ ਹਸਪਤਾਲਾਂ ਵੱਲੋਂ ਹੋਰ ਕੋਵਿਡ ਦੇ ਗੰਭੀਰ ਮਰੀਜ਼ਾਂ, ਜਿਨਾਂ ਨੂੰ ਵਿਸ਼ੇਸ਼ ਖਾਣੇ ਦੀ ਲੋੜ ਹੈ, ਨੂੰ ਉਨਾਂ ਦੀ ਇੱਛਾ ਅਨੁਸਾਰ ਘਰ ਦਾ ਖਾਣਾ ਮੁਹੱਈਆ ਕਰਵਾਇਆ ਜਾਵੇਗਾ।

ਹਸਪਤਾਲਾਂ ਵਿੱਚ ਇਕਾਂਤਵਾਸ ਕੀਤੇ ਗੰਭੀਰ ਮਰੀਜ਼ਾਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਮਾਨਸਿਕ ਤਕਲੀਫਾਂ ਨੂੰ ਦੂਰ ਕਰਨ ਲਈ ਸਰਕਾਰ ਵੱਲੋਂ ਇਨਾਂ ਵਾਰਡਾਂ ਵਿੱਚ ਵਿਸ਼ੇਸ਼ ਉਪਕਰਣ ਉਪਲਬਧ ਕਰਵਾਏ ਜਾਣਗੇ ਤਾਂ ਜੋ ਮਰੀਜ਼ਾਂ ਅਤੇ ਅਟੈਂਡੈਂਟਾਂ ਦਰਮਿਆਨ ਵੀਡੀਓ ਕਾਲ ਰਾਹੀਂ ਗੱਲਬਾਤ ਯਕੀਨੀ ਬਣਾਈ ਜਾ ਸਕੇ।

ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸਮੂਹ ਸਰਕਾਰੀ ਲੈਬਸ ਨੂੰ ਆਰ.ਟੀ.-ਪੀ.ਸੀ.ਆਰ. ਦਾ ਸਾਈਕਲ ਥਰੈਸ਼ਹੋਲਡ (ਸੀ.ਟੀ.) ਮੁੱਲ ਮੁਹੱਈਆ ਕਰਵਾਉਣਾ ਸ਼ੁਰੂ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਹਨ ਕਿਉਂਜੋ ਇਸ ਨਾਲ ਕੋਵਿਡ ਤੋਂ ਪੀੜਤ ਮਰੀਜ਼ ਦਾ ਇਲਾਜ ਕਰ ਰਹੇ ਡਾਕਟਰਾਂ ਨੂੰ ਮਹੱਤਵਪੂਰਨ ਜਾਣਕਾਰੀ ਮਿਲੇਗੀ।
ਘਰੇਲੂ ਇਕਾਂਤਵਾਸ ਵਿੱਚ ਰਹਿ ਰਹੇ ਕੋਵਿਡ ਦੇ ਮਰੀਜ਼ਾਂ ਖਾਸ ਕਰਕੇ ਜਿਨਾਂ ਦੀ ਉਮਰ 40 ਸਾਲ ਤੋਂ ਉੱਪਰ ਹੈ,

ਦੀ ਨਿਯਮਿਤ ਰੂਪ ਨਾਲ ਨਿਗਰਾਨੀ ਲਈ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਇਕ ਅਜਿਹੀ ਪ੍ਰਣਾਲੀ ਅਮਲ ਵਿੱਚ ਲਿਆਉਣ ਲਈ ਕਿਹਾ ਹੈ ਜਿਸ ਨਾਲ ਅਜਿਹੇ ਮਰੀਜ਼ਾਂ ਦੇ ਇਲਾਜ਼ ’ਤੇ ਨਿਗਰਾਨੀ ਰੱਖੀ ਜਾ ਸਕੇ ਅਤੇ ਅਚਾਨਕ ਹਾਲਤ ਵਿਗੜਨ ਦੀ ਸਥਿਤੀ ਤੋਂ ਬਚਿਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਮਰੀਜ਼ਾਂ ਦੀ ਲੋੜੀਂਦੀ ਸਾਂਭ-ਸੰਭਾਲ ਯਕੀਨੀ ਬਣਾਉਣ ਲਈ ਹਰੇਕ ਜ਼ਿਲੇ ਵਿੱਚ ਕੋਵਿਡ ਪੇਸ਼ੈਂਟ ਟਰੈਕਿੰਗ ਅਫਸਰ ਵੀ ਨਿਯੁਕਤ ਕੀਤੇ ਗਏ ਹਨ।

ਜਾਂਚ ਵਿੱਚ ਹੋ ਰਹੀ ਦੇਰੀ, ਜੋ ਕਿ ਮੌਤਾਂ ਵਧਣ ਦਾ ਕਾਰਨ ਬਣ ਰਹੀ ਹੈ, ਉੱਤੇ ਚਿੰਤਾ ਜ਼ਾਹਿਰ ਕਰਦੇ ਹੋਏ ਮੁੱਖ ਮੰਤਰੀ ਨੇ ਵਿਭਾਗਾਂ ਨੂੰ ਲੋਕਾਂ ਤੱਕ ਪਹੁੰਚ ਕਰਕੇ ਉਨਾਂ ਨੂੰ ਪਹਿਲੇ ਲੱਛਣ ਦਿਸਣ ਮੌਕੇ ਹੀ ਜਾਂਚ ਕਰਵਾਉਣ ਅਤੇ ਇਸ ਸਬੰਧੀ ਝੂਠੀ ਬਹਾਦਰੀ ਦਾ ਵਿਖਾਵਾ ਕਰਨ ਤੋਂ ਗੁਰੇਜ਼ ਕਰਨ ਹਿੱਤ ਪ੍ਰੇਰਿਤ ਕਰਨ ਲਈ ਵੀ ਕਿਹਾ।
ਇਹ ਨਿਰਦੇਸ਼ ਉਸ ਸਮੇਂ ਦਿੱਤੇ ਗਏ ਹਨ ਜਦੋਂਕਿ ਸੂਬੇ ਵਿੱਚ 6 ਸਤੰਬਰ ਤੱਕ ਐਕਟਿਵ ਮਾਮਲਿਆਂ ਦੀ ਗਿਣਤੀ 16,156 ਹੈ

ਜਿਸ ਦੀ ਕੁੱਲ ਮੌਤ ਦਰ 2.9  ਫੀਸਦੀ ਹੈ ਅਤੇ ਪ੍ਰਤੀ ਦਸ ਲੱਖ ਦੇ ਹਿਸਾਬ ਨਾਲ ਮੌਤਾਂ ਦੀ ਗਿਣਤੀ 62 ਹੈ। ਇਸ ਮੌਕੇ ਸਕੱਤਰ ਸਿਹਤ ਵਿਭਾਗ ਹੁਸਨ ਲਾਲ ਨੇ ਜਾਣਕਾਰੀ ਦਿੱਤੀ ਕਿ ਅਗਸਤ 26 ਤੋਂ 3 ਸਤੰਬਰ ਤੱਕ ਦੇ ਹਫਤੇ ਦੀ ਔਸਤਨ ਪਾਜੇਟਿਵ ਦਰ 9.42 ਫੀਸਦੀ ਹੈ ਅਤੇ ਹਰੇਕ ਸੰਕਰਮਿਤ ਵਿਅਕਤੀ ਪਿੱਛੇ ਸੰਪਰਕਾਂ ਦਾ ਪਤਾ ਲਾਉਣ ਦੀ ਦਰ 27 ਅਗਸਤ ਤੋਂ ਲੈ ਕੇ 3 ਸਤੰਬਰ ਤੱਕ ਦੇ ਸਮੇਂ ਦੌਰਾਨ ਵਧ ਕੇ 4.4 ਫੀਸਦੀ ਹੋ ਗਈ ਹੈ।

ਮੁੱਖ ਸਕੱਤਰ ਵਿਨੀ ਮਹਾਜਨ ਨੇ ਇਸ ਮੌਕੇ ਕਿਹਾ ਕਿ ਬੀਤੇ ਕੁਝ ਦਿਨਾਂ ਦੌਰਾਨ ਮਾਮਲਿਆਂ ਅਤੇ ਮੌਤਾਂ ਦੋਵਾਂ ਦੀ ਗਿਣਤੀ ਵਿੱਚ ਸਥਿਰ ਵਾਧਾ ਦੇਖਿਆ ਗਿਆ ਹੈ ਅਤੇ ਲੈਵਲ 3 ਦੇ ਮਾਮਲਿਆਂ ਵਿੱਚ 89 ਫੀਸਦੀ ਮੌਤਾਂ ਹੋਈਆਂ ਹਨ। ਉਨਾਂ ਅੱਗੇ ਕਿਹਾ ਕਿ ਸਥਿਤੀ ਦੀ ਨਿਗਰਾਨੀ ਪ੍ਰਤੀ ਦਿਨ ਕੀਤੀ ਜਾ ਰਹੀ ਹੈ।
ਮੈਡੀਕਲ ਸਿੱਖਿਆ ਵਿਭਾਗ ਦੇ ਸਕੱਤਰ ਡੀ.ਕੇ. ਤਿਵਾੜੀ ਨੇ ਮੀਟਿੰਗ ਮੌਕੇ ਵੱਖੋ-ਵੱਖ ਸਰਕਾਰੀ ਮੈਡੀਕਲ ਕਾਲਜਾਂ ਵਿਖੇ ਤੀਜੇ ਦਰਜੇ ਦੇ ਇਲਾਜ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਤੋਂ ਇਲਾਵਾ ਪਲਾਜ਼ਮਾ ਬੈਂਕਾਂ ਤੇ ਸੂਬਾ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਵੀ.ਆਰ.ਡੀ.ਐਲ. ਲੈਬਸ ਵਿੱਚ ਕੀਤੀ ਜਾ ਰਹੀ ਜਾਂਚ ਬਾਰੇ ਵੀ ਮੀਟਿੰਗ ਨੂੰ ਜਾਣੂੰ ਕਰਵਾਇਆ।