ਕੈਪਟਨ ਦੀ ਲੀਡਰਸ਼ਿਪ 'ਚ ਪੰਜਾਬ ਦੀ ਰਫ਼ਤਾਰ ਹੋਈ ਸੁਸਤ : ਸੁਖਬੀਰ ਸਿੰਘ ਬਾਦਲ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਦੀ ਲੀਡਰਸ਼ਿਪ 'ਚ ਪੰਜਾਬ ਦੀ ਰਫ਼ਤਾਰ ਹੋਈ ਸੁਸਤ : ਸੁਖਬੀਰ ਸਿੰਘ ਬਾਦਲ

IMAGE

ਚੰਡੀਗੜ੍ਹ, 6 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਪੰਜਾਬ ਜਿਸ ਨੇ ਅਕਾਲੀ ਦਲ ਤੇ ਭਾਜਪਾ ਸਰਕਾਰ ਵੇਲੇ ਵਪਾਰ ਕਰਨ ਦੀ ਸੌਖ (ਈਜ਼ ਆਫ਼ ਡੂਇੰਗ ਬਿਜ਼ਨਸ) ਦੇ ਕਈ ਪੈਮਾਨਿਆਂ ਵਿਚ ਨੰਬਰ ਇਕ ਦਰਜਾ ਹਾਸਲ ਕੀਤਾ ਸੀ, ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੁਸਤ ਰਫ਼ਤਾਰ ਸੂਬਾ ਬਣ ਗਿਆ ਹੈ ਅਤੇ ਇਹ ਲਗਾਤਾਰ ਦੂਜੇ ਸਾਲ ਸੱਭ ਤੋਂ ਮਾੜੀ ਕਾਰਗੁਜ਼ਾਰੀ ਵਿਖਾਉਣ ਵਾਲੇ ਰਾਜਾਂ ਵਿਚ ਸ਼ੁਮਾਰ ਹੋ ਗਿਆ ਹੈ। ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਨੂੰ ਬਿਜ਼ਨਸ ਰਿਫ਼ਾਰਮ ਐਕਸ਼ਨ ਪਲਾਨ 2019 ਦੀ ਦਰਜਾਬੰਦੀ ਵਿਚ 19ਵਾਂ ਰੈਂਕ ਮਲਿਆ ਹੈ ਜਦਕਿ ਪਿਛਲੇ ਸਾਲ ਇਸ ਨੂੰ 20ਵਂ ਰੈਂਕ ਮਿਲਿਆ ਸੀ। ਉਨ੍ਹਾਂ ਕਿਹਾ ਕਿ ਸੂਬੇ ਵਲੋਂ ਪਿਛਲੀ ਅਕਾਲੀ ਦਲ ਤੇ ਭਾਜਪਾ ਸਰਕਾਰ ਵੇਲੇ 2015 ਵਿਚ ਨੰਬਰ ਇਕ ਰੈਂਕ ਹਾਸਲ ਕੀਤਾ ਗਿਆ ਸੀ ਤੇ 2016 ਵਿਚ ਸਿੰਗਲ ਵਿੰਡੋ ਸੁਧਾਰਾਂ ਲਈ ਇਸ ਨੂੰ ਫਿਰ ਤੋਂ ਨੰਬਰ 1 ਰੈਂਕ ਦਿਤਾ ਗਿਆ ਸੀ। ਸ. ਬਾਦਲ ਨੇ ਕਿਹਾ ਕਿ ਤਾਜ਼ਾ ਦਰਜਾਬੰਦੀ ਸਾਰੇ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸੁਬੇ ਵਿਚ 2013 ਵਿਚ ਨਵੀਂ ਸਨਅਤੀ ਨੀਤੀ ਆਉਣ ਤੋਂ ਬਾਅਦ ਹੁਣ ਸੂਬਾ ਵਪਾਰ ਕਰਨ ਦੀ ਸੌਖ ਦੀ ਦਰਜਾਬੰਦੀ ਵਿਚ ਹੇਠਾਂ ਡਿੱਗ ਗਿਆ ਹੈ। ਉਨ੍ਹਾਂ ਜ਼ੋਰ ਦਿਤਾ ਕਿ ਇਨ੍ਹਾਂ ਮਾੜੇ ਹਾਲਾਤ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ।