''ਲਾਪਤਾ ਸਰੂਪ ਮਾਮਲੇ 'ਤੇ ਸੁਖਬੀਰ ਬਾਦਲ, ਭਾਈ ਲੌਂਗੋਵਾਲ ਅਤੇ 'ਜਥੇਦਾਰ' ਅਕਾਲ ਤਖ਼ਤ ਅਸਤੀਫ਼ਾ ਦੇਣ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਮਸਲੇ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਅੰਤਰਮ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦੇ ਕਹਿਣ 'ਤੇ ਝੂਠ .......

Sukhbir Badal

ਚੰਡੀਗੜ੍ਹ: 'ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਮਸਲੇ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਅੰਤਰਮ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦੇ ਕਹਿਣ 'ਤੇ ਝੂਠ ਬੋਲ ਕੇ ਸਿੱਖ ਕੌਮ ਨੂੰ ਗੁੰਮਰਾਹ ਕੀਤਾ ਹੈ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਅਪਣੀ ਕਹਿਣੀ ਕਰਨੀ ਤੇ ਪੂਰਾ ਨਹੀਂ ਉਤਰ ਸਕੇ।' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਅਤੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਨੇ ਇਕ ਪ੍ਰੈਸ ਬਿਆਨ ਰਾਹੀਂ ਕੀਤਾ।

ਉਨ੍ਹਾਂ ਕਿਹਾ ਕਿ ਜਥੇਦਾਰ ਅਕਾਲ ਤਖ਼ਤ ਨੇ ਕਿਹਾ ਸੀ ਕਿ ਉਹ (ਜਥੇਦਾਰ) ਪਾਵਨ ਸਰੂਪਾਂ ਦੀ ਜਾਂਚ ਵਿਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦੇਣਗੇ ਅਤੇ ਇਹ ਵੀ ਕਿਹਾ ਸੀ ਕਿ ਜੇਕਰ ਅਜਿਹਾ ਨਾ ਕਰ ਸਕੇ ਫਿਰ ਉਹ 'ਜਥੇਦਾਰ' ਨਹੀਂ ਰਹਿਣਗੇ ਜਾਂ ਫਿਰ ਦੋਸ਼ੀ ਨੰਗੇ ਕੀਤੇ ਜਾਣਗੇ। ਹੁਣ ਕੀ ਹੋ ਗਿਆ? ਇਕ ਹਫ਼ਤੇ ਬਆਦ ਹੀ ਸ਼੍ਰੋਮਣੀ ਕਮੇਟੀ ਨੇ 'ਜਥੇਦਾਰ' ਦੀ ਰੀਪੋਰਟ 'ਤੇ ਕੀਤਾ ਅਪਣਾ ਹੀ ਫ਼ੈਸਲਾ ਬਦਲ ਦਿਤਾ।

ਕੀ ਜਥੇਦਾਰ ਸਾਹਿਬ ਜਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਦਸ ਸਕਦੇ ਹਨ ਕਿ ਪਹਿਲੀ ਮੀਟਿੰਗ ਦੀ ਕਾਰਵਾਈ ਸਹੀ ਸੀ ਜਾਂ ਦੂਜੀ ਸਹੀ ਹੈ, ਜਿਨ੍ਹਾਂ ਰਾਹੀ ਸਿੱਖ ਕੌਮ ਦੇ ਅੱਖੀਂ ਘੱਟਾ ਪਾਇਆ ਗਿਆ ਹੈ। ਇਸ ਕਰ ਕੇ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਅਸਤੀਫ਼ਾ ਦੇਣਾ ਚਾਹੀਦਾ ਹੈ ਕਿਉਂਕਿ ਸ੍ਰੋਮਣੀ ਕਮੇਟੀ ਨੇ ਅਪਣੇ ਸਿਆਸੀ ਅਕਾਵਾਂ ਦੇ ਕਹਿਣ 'ਤੇ ਜਾਂਚ ਰੀਪੋਰਟ ਦੇ ਅਰਥ ਹੀ ਬਦਲ ਦਿਤੇ ਹਨ।

ਅਜਿਹੀ ਜਾਂਚ ਕਮੇਟੀ ਦੀ ਰੀਪੋਰਟ ਦੇ ਕੀ ਅਰਥ ਹਨ ਜਿਸ ਵਿਚ ਨਾ ਤਾਂ ਸਰੂਪਾਂ ਬਾਰੇ ਸਪਸ਼ਟ ਕੀਤਾ ਹੈ ਕਿ ਇਹ ਵਾਧਾ ਘਾਟਾ ਕਿਸ ਤਰ੍ਹਾਂ ਹੋਇਆ? ਨਾ ਹੀ ਇਹ ਸਪਸ਼ਟ ਕੀਤਾ ਹੈ ਕਿ ਇਹ ਕਿਸ ਨੇ ਕਿਸ ਦੇ ਕਹਿਣ ਤੇ ਕੀਤਾ ਹੈ? ਨਾ ਹੀ ਇਹ ਸਪਸ਼ਟ ਕੀਤਾ ਗਿਆ ਕਿ ਘਟਦੇ ਸਰੂਪਾਂ ਦੀ ਅਸਲ ਗਿਣਤੀ ਕੀ ਹੈ? ਜੇਕਰ ਮੁਲਾਜ਼ਮਾਂ ਨੂੰ ਮੁਅੱਤਲ ਕਰਨਾ ਜਾਂ ਮੁੱਖ ਸਕੱਤਰ ਦਾ ਨੈਤਿਕਤਾ ਦੇ ਆਧਾਰ ਤੇ ਅਸਤੀਫ਼ਾ ਲੈਣਾ ਹੀ ਜਾਂਚ ਨੂੰ ਮੁਕੰਮਲ ਮੰਨਣਾ ਸੀ ਤਾਂ ਇਹ ਤਾਂ ਸ਼੍ਰੋਮਣੀ ਕਮੇਟੀ ਖ਼ੁਦ ਵੀ ਕਰ ਸਕਦੀ ਸੀ। ਜਾਂਚ ਕਰਾਉਣ ਦੇ ਡਰਾਮੇ ਕਰਨ ਦੀ ਕੀ ਲੋੜ ਸੀ?

ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਵੀ ਨੈਤਿਕਤਾ ਦੇ ਆਧਾਰ ਤੇ ਅਤੇ ਕੌਮ ਅੱਗੇ ਵਾਰ-ਵਾਰ ਝੂਠ ਬੋਲ ਕੇ ਗੁਮਰਾਹ ਕਰਨ ਕਰ ਕੇ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਲਈ ਸੁਖਬੀਰ ਸਿੰਘ ਬਾਦਲ ਵੀ ਮੁੱਖ ਦੋਸ਼ੀ ਹੈ ਜੋ ਸ਼੍ਰੋਮਣੀ ਕਮੇਟੀ ਨੂੰ ਸਿੱਧੇ ਤੌਰ 'ਤੇ ਹਦਾਇਤਾਂ ਕਰ ਕੇ ਕਰਵਾ ਰਿਹਾ ਹੈ। ਪਾਵਨ ਸਰੂਪਾਂ ਦੇ ਮਸਲੇ ਨੂੰ ਰਾਜਨੀਤਕ ਲਾਭ ਲੈਣ ਕਰ ਕੇ ਦਬਾਉਣ ਲਈ ਵੀ ਮੁੱਖ ਦੋਸ਼ੀ ਹੈ।

ਉਨ੍ਹਾਂ ਕਿਹਾ ਕਿ ਜਿੰਨਾ ਚਿਰ ਬਾਦਲ ਪ੍ਰਵਾਰ ਤੋਂ ਸਿੱਖ ਕੌਮ ਖਹਿੜਾ ਨਹੀਂ ਛਡਾਉਂਦੀ ਉਨੀ ਦੇਰ ਅਜਿਹੇ ਦੁਖਾਂਤ ਵਾਪਰਦੇ ਹੀ ਰਹਿਣਗੇ ਕਿਉਂਕਿ ਬਾਦਲ ਪ੍ਰਵਾਰ ਸਿੱਖੀ ਨੂੰ ਘੁਣ ਵਾਂਗ ਖਾ ਰਿਹਾ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਅਪਣੀ ਜ਼ਮੀਰ ਦੀ ਅਵਾਜ਼ ਸੁਣ ਕੇ ਧਾਰਮਕ ਹਿਤਾਂ ਦੀ ਰਾਖੀ ਕਰਨ ਵਰਨਾ ਇਤਿਹਾਸ ਨੇ ਕਦੇ ਵੀ ਮਾਫ਼ ਨਹੀਂ ਕਰਨਾ।