100 ਸਾਲ ਦੀ ਸੱਭ ਤੋਂ ਵੱਡੀ ਮਹਾਂਮਾਰੀ ਵਿਰੁਧ ‘ਚੈਂਪੀਅਨ’ ਬਣ ਕੇ ਉਭਰਿਆ ਹਿਮਾਚਲ : ਮੋਦੀ

ਏਜੰਸੀ

ਖ਼ਬਰਾਂ, ਪੰਜਾਬ

100 ਸਾਲ ਦੀ ਸੱਭ ਤੋਂ ਵੱਡੀ ਮਹਾਂਮਾਰੀ ਵਿਰੁਧ ‘ਚੈਂਪੀਅਨ’ ਬਣ ਕੇ ਉਭਰਿਆ ਹਿਮਾਚਲ : ਮੋਦੀ

image

ਹਿਮਾਚਲ ਪ੍ਰਦੇਸ਼ ਅਪਣੇ ਸਾਰੇ ਯੋਗ ਲੋਕਾਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਦੇਣ ਵਾਲਾ 

ਸ਼ਿਮਲਾ, 6 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਂਚਲ ਪ੍ਰਦੇਸ਼ ਦੀ 100 ਫ਼ੀ ਸਦੀ ਆਬਾਦੀ ਨੂੰ ਕੋਰੋਨਾ ਰੋਕੂ ਟੀਕਿਆਂ ਦੀ ਪਹਿਲੀ ਖ਼ੁਰਾਕ ਲਾਏ ਜਾਣ ਨੂੰ ਸੂਬਾ ਸਰਕਾਰ ਦੀ ਕਾਰਜ ਕੁਸ਼ਲਤਾ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ ਜਨ-ਜਨ ਜਾਗਰੂਕਤਾ ਦਾ ਨਤੀਜਾ ਦਸਿਆ ਅਤੇ ਕਿਹਾ ਕਿ ਇਸ ਦੀ ਬਦੌਲਤ ਹੀ ਇਹ ਪਹਾੜੀ ਸੂਬਾ 100 ਸਾਲ ਦੀ ਸਭ ਤੋਂ ਵੱਡੀ ਕੋਵਿਡ-19 ਮਹਾਂਮਾਰੀ ਵਿਰੁਧ ‘ਚੈਂਪੀਅਨ’ ਬਣ ਕੇ ਉਭਰਿਆ ਹੈ। ਪ੍ਰਧਾਨ ਮੰਤਰੀ ਨੇ ਵੀਡੀਉ ਕਾਨਫ਼ਰੰਸ ਜ਼ਰੀਏ ਹਿਮਾਚਲ ਪ੍ਰਦੇਸ਼ ਦੇ ਸਿਹਤ ਕਾਮਿਆਂ ਅਤੇ ਕੋਵਿਡ-19 ਟੀਕਾਕਰਨ ਦੇ ਲਾਭਪਾਤਰੀਆਂ ਨਾਲ ਗੱਲਬਾਤ ਦੌਰਾਨ ਇਹ ਗੱਲ ਆਖੀ। 
  ਦੱਸ ਦਈਏ ਕਿ ਹਿਮਾਚਲ ਦੇਸ਼ ਦਾ ਪਹਿਲਾ ਸੂਬਾ ਹੈ, ਜਿਥੇ ਹੁਣ ਤਕ ਸਾਰੇ ਯੋਗ ਲੋਕਾਂ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਖ਼ੁਰਾਕ ਲਾਈ ਜਾ ਚੁਕੀ ਹੈ। ਇਸ ਮੌਕੇ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਹਿਮਾਚਲ ਪ੍ਰਦੇਸ਼ ਕਦੇ ਛੋਟੀ-ਛੋਟੀ ਸਹੂਲਤਾਂ ਲਈ ਸੰਘਰਸ਼ ਕਰਦਾ ਸੀ, ਉਹ ਅੱਜ ਵਿਕਾਸ ਦੀ ਨਵੀਂ ਕਹਾਣੀ ਲਿਖ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਭ ਕੁਝ ਦੇਵਤਿਆਂ ਦੇ ਆਸ਼ੀਰਵਾਦ ਅਤੇ ਹਿਮਾਚਲ ਸਰਕਾਰ ਦੇ ਹੁਨਰ ਅਤੇ ਹਿਮਾਚਲ ਪ੍ਰਦੇਸ਼ ਦੇ ਜਨ-ਜਨ ਜਾਗਰੂਕਤਾ ਨਾਲ ਸੰਭਵ ਹੋ ਸਕਿਆ।
  ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਹਰ ਪ੍ਰਕਾਰ ਦੀਆਂ ਅਫ਼ਵਾਹਾਂ ਨੂੰ ਖ਼ਾਰਜ ਕੀਤਾ ਅਤੇ ਇਸ ਗੱਲ ਦੇ ਗਵਾਹ ਬਣੇ ਕਿ ਦੇਸ਼ ਦਾ ਪੇਂਡੂ ਸਮਾਜ ਕਿਸ ਤਰ੍ਹਾਂ ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਨ ਅਤੇ ਸਭ ਤੋਂ ਤੇਜ਼ ਟੀਕਾਕਰਨ ਮੁਹਿੰਮ ਨੂੰ 100 ਫ਼ੀ ਸਦੀ ਅੱਗੇ ਵਧਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਰਾਜਿੰਦਰ ਆਰਲੇਕਰ, ਭਾਜਪਾ ਪ੍ਰਧਾਨ ਜੇ. ਪੀ. ਨੱਢਾ, ਯੁਵਾ ਅਤੇ ਖੇਡ ਮਾਮਲਿਆਂ ਦੇ ਮੰਤਰੀ ਅਨੁਰਾਗ ਠਾਕੁਰ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਸਮੇਤ ਕਈ ਹੋਰ ਮਾਣਯੋਗ ਲੋਕ ਸ਼ਾਮਲ ਹੋਏ। (ਪੀਟੀਆਈ)