ਮਹਾਂਪੰਚਾਇਤਾਂ ਦੇ ਇਕੱਠ ਨੇ ਭਾਜਪਾ ਦੀ ਨੀਂਦ ਹਰਾਮ ਕੀਤੀ : ਬਾਬਾ ਬਲਬੀਰ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਮਹਾਂਪੰਚਾਇਤਾਂ ਦੇ ਇਕੱਠ ਨੇ ਭਾਜਪਾ ਦੀ ਨੀਂਦ ਹਰਾਮ ਕੀਤੀ : ਬਾਬਾ ਬਲਬੀਰ ਸਿੰਘ

image

ਯੂ.ਪੀ. 'ਚ ਵੋਟ ਰਾਹੀਂ ਜਵਾਬ ਮਿਲੇਗਾ ਭਾਜਪਾ ਸਰਕਾਰ ਨੂੰ 

ਅੰਮਿ੍ਤਸਰ, 6 ਸਤੰਬਰ (ਸ.ਸ.ਸ.) : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕ੍ਰਵਰਤੀ ਨਿਹੰਗ ਸਿੰਘਾਂ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਸਾਨਾਂ ਨਾਲ ਦਿਨੋ ਦਿਨ ਹੋ ਰਹੇ ਧੱਕਿਆਂ ਸਬੰਧੀ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਮੁਜ਼ੱਫ਼ਰਨਗਰ ਵਿਖੇ ਕਿਸਾਨਾਂ ਦੀ ਮਹਾ ਪੰਚਾਇਤ ਨੇ ਹਿੰਦ ਸਰਕਾਰ ਦੀਆਂ ਅੱਖਾਂ ਝੁੰਧਆਂ ਦਿਤੀਆਂ ਹਨ | ਕਿਸਾਨ ਅੰਦੋਲਨ ਦਾ ਜ਼ਮੀਨੀ ਪੱਧਰ 'ਤੇ ਪ੍ਰਭਾਵ ਵੱਧ ਰਿਹਾ ਹੈ | ਤਿੰਨ ਖੇਤੀ ਕਾਨੂੰਨਾਂ ਵਿਰੁਧ ਅਤੇ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਉਤੇ ਖ਼ਰੀਦ ਦੀ ਗਰੰਟੀ ਦੀ ਮੰਗ ਨੂੰ  ਲੈ ਕੇ ਪਿਛਲੇ ਸਾਢੇ ਨੌ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨਾਂ ਨੇ ਮਹਾਂ ਪੰਚਾਇਤ ਕਰ ਕੇ ਯੂਪੀ ਮਿਸ਼ਨ ਦਾ ਜ਼ੋਰਦਾਰ ਤਰੀਕੇ ਨਾਲ ਰਸਮੀ ਐਲਾਨ ਕਰ ਦਿਤਾ ਹੈ ਕਿ ਕਿਸਾਨ ਮਸਲੇ ਦਾ ਹੱਲ ਨਹੀਂ ਤਾਂ ਵੋਟ ਨਹੀਂ | ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਭਾਜਪਾ ਸਰਕਾਰ ਵਲੋਂ ਕਰਨਾਲ ਵਿਚ ਜੋ ਦਾਦਾਗਿਰੀ ਵਿਖਾਈ ਗਈ ਹੈ ਉਸ ਤੋਂ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਉਹ ਕਿਸਾਨਾਂ ਨਾਲ ਕੋਈ ਹਮਦਰਦੀ ਨਹੀ ਰਖਦੀ ਤੇ ਨਾ ਹੀ ਮਸਲੇ ਦਾ ਨਿਪਟਾਰਾ ਕਰਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੇ ਵਧਦੇ ਪ੍ਰਭਾਵ ਨੂੰ  ਠੱਲ੍ਹਣ ਲਈ ਅੰਦਰਖਾਤੇ ਦੇਸ਼ ਅੰਦਰ ਐਮਰਜੈਂਸੀ ਜਾਂ ਵੱਖ-ਵੱਖ ਗ਼ੈਰ ਭਾਜਪਾ ਸੂਬਿਆਂ ਵਿਚ ਗਵਰਨਰੀ ਰਾਜ ਲਾਗੂ ਕਰਨ ਲਈ ਕਮਰਕੱਸੇ ਕੀਤੇ ਜਾ ਰਹੇ ਹਨ, ਜੋ ਦੇਸ਼ ਨੂੰ  ਜੋੜਨ ਦਾ ਨਹੀਂ ਤੋੜਨ ਦਾ ਕੰਮ ਹੋਵੇਗਾ | ਉਨ੍ਹਾਂ ਕਿਹਾ ਜਿਨਸਾਂ ਦੇ ਘੱਟੋ ਘੱਟ ਸਮਰਥਨ ਮੁੱਲ ਕਿਸਾਨਾਂ ਨੂੰ  ਦੇਣਾ ਹੀ ਪੈਣਾ ਹੈ ਭਾਵੇਂ ਸਰਕਾਰ ਸਿਰਹਾਣੇ ਹੋਵੇ ਜਾਂ ਪੈਂਦੀ ਹੋਵੇ | ਉਨ੍ਹਾਂ ਕਿਹਾ ਕਿ ਕਿਸਾਨ ਹੁਣ ਸਰਕਾਰਾਂ ਨੂੰ  ਜਵਾਬਦੇਹੀ ਤੋਂ ਮੂੰਹ ਨਹੀਂ ਮੋੜਨ ਦੇਣਗੇ | ਬਾਬਾ ਬਲਬੀਰ ਸਿੰਘ ਨੇ ਹੋਰ ਕਿਹਾ ਕਿਸਾਨਾਂ ਦੀਆਂ ਮਹਾਂਪੰਚਾਇਤਾਂ ਵਿਚਲਾ ਇਕੱਠ ਕਾਰਪੋਰੇਟ ਵਿਕਾਸਮਾਡਲ, ਤਾਕਤਾਂ ਦੇ ਕੇਂਦਰੀਕਰਨ ਅਤੇ ਫ਼ਿਰਕਾਪ੍ਰਸਤੀ ਵਿਰੁਧ ਸੱਦਾ ਦੇਸ਼ ਅੰਦਰ ਨਵੇਂ ਸਿਆਸੀ ਸਮੀਕਰਨਾਂ ਦਾ ਸੰਕੇਤ ਹੈ | ਉਨ੍ਹਾਂ ਕਿਹਾ ਕਿ ਅੰਦੋਲਨਕਾਰੀ ਕਿਸਾਨਾਂ ਨੂੰ  ਕਦੇ ਖਾਲਿਸਤਾਨੀ, ਕਦੇ ਅੰਦੋਲਨ ਮੁੱਠੀਭਰ ਕਿਸਾਨਾਂ ਦਾ ਪੰਜਾਬ ਤੀਕ ਸੀਮਤ ਹੈ ਕਹਿ ਛਟਿਆਉਂਦੀ ਆ ਰਹੀ ਹੈ |ਉਨ੍ਹਾਂ ਕਿਹਾ ਕਿਸਾਨਾਂ ਨੇ ਪੱਛਮੀ ਬੰਗਾਲ ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫੈਸਲਾ ਕੀਤਾ ਸੀ ਕਿ ਜੇ ਹੁਣ ਭਾਰਤੀ ਜਨਤਾ ਪਾਰਟੀ ਨੂੰ  ਵੋਟ ਸ਼ਕਤੀ ਦਾ ਮਾਣ ਹੈ ਤਾਂ ਫਿਰ ਕਿਸਾਨ ਵੋਟ ਦੀ ਚੋਟ ਨਾਲ ਚਨੌਤੀ ਦੇਣਗੇ ਅਤੇ ਯੂਪੀ ਵਿੱਚ ਕਿਸਾਨ ਭਾਜਪਾ ਵਿਰੁੱਧ ਮੁਹਿੰਮ ਚਲਾਉਣਗੇ |ਬਾਬਾ ਬਲਬੀਰ ਸਿੰਘ ਨੇ ਕਿਹਾ ਸਰਕਾਰ ਨੂੰ  ਸਮੇਂ ਤੋਂ ਸਬਕ ਲੈਂਦਿਆਂ ਤੁਰੰਤ ਮੰਗਾਂ ਪਰਵਾਨ ਕਰ ਲੈਣੀਆਂ ਚਾਹੀਦੀਆਂ ਹਨ |
ਉਨ੍ਹਾਂ ਕਿਹਾ ਕਿ ਭਾਜਪਾ ਦਾ ਸਿੱਖਾਂ ਪ੍ਰਤੀ ਅੰਦਰੂਨੀ ਬਾਹਰੀ ਕਰੂਰ ਚਿਹਰਾ ਨੰਗਾ ਹੋ ਚੁੱਕਾ ਹੈ |ਜਲਿ੍ਹਆਂ ਵਾਲਾ ਬਾਗ ਵਿੱਚ ਸ਼ਹੀਦੀ ਖੂਹ ਨਾਲ ਕੀਤੀ ਛੇੜਛਾੜ ਅਤੇ ਸ਼ਹੀਦ ਊਧਮ ਸਿੰਘ ਦਾ ਮਾਰਸ਼ਲ ਬੁੱਤ ਲਗਾਉਣ ਦੀ ਜਗ੍ਹਾ ਉਸ ਦੀ ਦਸਤਾਰ ਬਦਲ ਦਿੱਤੀ ਗਈ ਹੈ, ਉਸ ਦੀ ਬਦੂੰਕ ਗਾਇਬ ਕਰ ਦਿੱਤੀ ਹੈ ਜੋ ਇਤਿਹਾਸਕ ਛੇੜਛਾੜ ਹੈ ਜੋ ਕਿਸੇ ਤਰਾਂ ਵੀ ਵਾਜਬ ਨਹੀਂ |ਜਲਿ੍ਹਆਂ ਵਾਲੇ ਬਾਗ ਵਿੱਚ ਆਉਣ ਵਾਲੇ ਸੈਲਾਨੀਆਂ, ਦਰਸ਼ਕਾਂ ਨੂੰ  ਇਸ ਨਾਲ ਗੁੰਮਰਾਹ ਕੁੰਨ ਜਾਣਕਾਰੀ ਮਿਲੇਗੀ |