ਪਛਮੀ ਬੰਗਾਲ ਜ਼ਿਮਨੀ ਚੋਣਾਂ : ਭਵਾਨੀਪੁਰ ਸੀਟ ਤੋਂ ਚੋਣ ਲੜੇਗੀ ਮਮਤਾ ਬੈਨਰਜੀ
ਪਛਮੀ ਬੰਗਾਲ ਜ਼ਿਮਨੀ ਚੋਣਾਂ : ਭਵਾਨੀਪੁਰ ਸੀਟ ਤੋਂ ਚੋਣ ਲੜੇਗੀ ਮਮਤਾ ਬੈਨਰਜੀ
ਕੋਲਕਾਤਾ, 6 ਸਤੰਬਰ : ਪਛਮੀ ਬੰਗਾਲ ’ਚ ਜ਼ਿਮਨੀ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਹਲ-ਚਲ ਤੇਜ਼ ਹੋ ਗਈ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਵਿਧਾਨ ਸਭਾ ਸੀਟ ਤੋਂ ਅਪਣੀ ਦਾਅਵੇਦਾਰੀ ਪੇਸ਼ ਕਰੇਗੀ। ਨੰਦੀਗ੍ਰਾਮ ਤੋਂ ਸ਼ੁਭੇਂਦੁ ਅਧਿਕਾਰੀ ਤੋਂ ਹਾਰਨ ਮਗਰੋਂ ਮਮਤਾ ਨੂੰ ਭਵਾਨੀਪੁਰ ਸੀਟ ਤੋਂ ਜ਼ਿਮਨੀ ਚੋਣ ਲਈ ਉਤਾਰਿਆ ਗਿਆ ਹੈ। 30 ਸਤੰਬਰ ਨੂੰ ਵੋਟਾਂ ਹੋਣਗੀਆਂ ਅਤੇ 3 ਅਕਤੂਬਰ ਨੂੰ ਨਤੀਜੇ ਆਉਣਗੇ। ਭਵਾਨੀਪੁਰ ਤੋਂ ਇਲਾਵਾ 30 ਸਤੰਬਰ ਨੂੰ ਸ਼ਮਸ਼ੇਰਗੰਜ ਅਤੇ ਜੰਗੀਪੁਰ ਵਿਧਾਨ ਸਭਾ ਸੀਟ ’ਤੇ ਵੀ ਵੋਟਿੰਗ ਹੋਵੇਗੀ। ਤਿ੍ਰਣਮੂਲ ਕਾਂਗਰਸ (ਟੀ.ਐਮ.ਸੀ.) ਵਲੋਂ ਸ਼ਮਸ਼ੇਰਗੰਜ ਸੀਟ ਤੋਂ ਅਮੀਰੂਲ ਇਸਲਾਮ ਨੂੰ ਅਤੇ ਜੰਗੀਪੁਰ ਵਿਧਾਨ ਸਭਾ ਸੀਟ ਤੋਂ ਜ਼ਾਕਿਰ ਹੁਸੈਨ ਚੋਣ ਲੜਨਗੇ। ਇਸ ਦਰਮਿਆਨ ਟੀ.ਐਮ.ਸੀ ਆਗੂ ਮਦਨ ਮਿਤਰਾ ਨੇ ਕਿਹਾ ਕਿ ਭਵਾਨੀਪੁਰ ਵਿਧਾਨ ਸਭਾ ਸੀਟ ਜ਼ਿਮਨੀ ਚੋਣਾਂ ਵਿਚ ਅਪਣੇ ਉਮੀਦਵਾਰ ਉਤਾਰ ਕੇ ਭਾਜਪਾ ਅਪਣਾ ਪੈਸਾ ਬਰਬਾਦ ਨਾ ਕਰੇ। ਇਹ ਚੋਣ ਪੂਰੀ ਤਰ੍ਹਾਂ ਇਕ ਪਾਸੜ ਹੋਵੇਗੀ। ਜਾਣਕਾਰੀ ਮੁਤਾਬਕ ਪਛਮੀ ਬੰਗਾਲ ਦੀਆਂ ਇਨ੍ਹਾਂ ਜ਼ਿਮਨੀ ਚੋਣਾਂ ਵਿਚ 13 ਸਤੰਬਰ ਤਕ ਉਮੀਦਵਾਰ ਅਪਣੀ ਨਾਮਜ਼ਦਗੀ ਭਰ ਸਕਦੇ ਹਨ। ਉੱਥੇ ਹੀ ਚੋਣ ਕਮਿਸ਼ਨ ਵਲੋਂ ਕਿਹਾ ਗਿਆ ਹੈ ਕਿ 16 ਸਤੰਬਰ ਤਕ ਨਾਮ ਵਾਪਸ ਵੀ ਲਏ ਜਾ ਸਕਦੇ ਹਨ। ਇਸ ਤੋਂ ਬਾਅਦ 30 ਸਤੰਬਰ ਨੂੰ ਵੋਟਾਂ ਪੈਣਗੀਆਂ ਅਤੇ 3 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। (ਪੀਟੀਆਈ)