ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ 22.65 ਕਰੋੜ ਰੁਪਏ ਦੀ ਹੈਰੋਇਨ ਬਰਾਮਦ
ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ 22.65 ਕਰੋੜ ਰੁਪਏ ਦੀ ਹੈਰੋਇਨ ਬਰਾਮਦ
ਅਬੋਹਰ, 6 ਸਤੰਬਰ (ਪੱਤਰ ਪ੍ਰੇਰਕ) : ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅਬੋਹਰ ਸੈਕਟਰ ਵਿਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਾ ਹੈਰੋਇਨ ਬਰਾਮਦ ਕੀਤੀ ਹੈ | ਬੀਐਸਐਫ਼ ਦੇ ਜਵਾਨਾਂ ਨੇ ਅਬੋਹਰ ਸੈਕਟਰ ਅਧੀਨ ਪੈਂਦੇ ਫ਼ਾਜ਼ਿਲਕਾ ਕਸਬੇ 'ਚ ਤਲਾਸ਼ੀ ਮੁਹਿੰਮ ਚਲਾਈ ਸੀ | ਇਸ ਦੌਰਾਨ ਖੇਤਾਂ ਵਿਚੋਂ 22.65 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਹੋਈ |
ਇਸ ਨੂੰ ਪਾਕਿਸਤਾਨੀ ਲਿਫਾਫੇ ਵਿਚ ਪਾ ਕੇ ਭਾਰਤੀ ਸਰਹੱਦ 'ਤੇ ਖੇਤ ਵਿਚ ਸੁੱਟਿਆ ਹੋਇਆ ਸੀ | ਬੀਐਸਐਫ਼ ਵਲੋਂ ਜਾਰੀ ਕੀਤੀ ਗਈ ਸੂਚਨਾ ਅਨੁਸਾਰ ਇਹ ਖੇਪ ਪਿੰਡ ਜੰਗੜ ਭੈਣੀ ਵਿਚ ਮਿਲੀ ਹੈ | ਹੈਰੋਇਨ ਦੇ ਤਿੰਨ ਪੈਕਟ ਖੇਤ ਵਿਚ ਸੁੱਟੇ ਹੋਏ ਸਨ ਅਤੇ ਇਕ ਪੈਕਟ ਅੱਧਾ ਭਰਿਆ ਹੋਇਆ ਸੀ | ਬੀਐਸਐਫ਼ ਨੇ ਖੇਤਾਂ ਵਿਚੋਂ ਹੈਰੋਇਨ ਦੇ ਕੁਲ 4 ਪੈਕਟ ਬਰਾਮਦ ਕੀਤੇ ਹਨ | ਜਾਂਚ ਤੋਂ ਬਾਅਦ ਜਦੋਂ ਇਨ੍ਹਾਂ ਦਾ ਵਜ਼ਨ ਕੀਤਾ ਗਿਆ ਤਾਂ ਚਾਰਾਂ ਦਾ ਕੁੱਲ ਵਜ਼ਨ 3.775 ਕਿਲੋ ਦਸਿਆ ਗਿਆ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 22.65 ਕਰੋੜ ਰੁਪਏ ਬਣਦੀ ਹੈ | ਬੀਐਸਐਫ਼ ਨੇ ਖੇਪ ਜ਼ਬਤ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ |