ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਨਹੀਂ, ਭਾਜਪਾ ਵਿਰੁਧ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਜੁਟ ਕਰਨਾ ਹੈ ਉਦੇਸ਼ : ਨਿਤੀਸ਼ ਕੁਮਾਰ

ਏਜੰਸੀ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਨਹੀਂ, ਭਾਜਪਾ ਵਿਰੁਧ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਜੁਟ ਕਰਨਾ ਹੈ ਉਦੇਸ਼ : ਨਿਤੀਸ਼ ਕੁਮਾਰ

image


ਨਿਤੀਸ਼ ਨੇ ਰਾਹੁਲ ਗਾਂਧੀ ਮਗਰੋਂ ਕੇਜਰੀਵਾਲ ਸਮੇਤ ਹੋਰ ਵਿਰੋਧੀ ਧਿਰਾਂ ਦੇ ਪ੍ਰਮੁੱਖ ਆਗੂਆਂ ਨਾਲ ਕੀਤੀ ਮੁਲਾਕਾਤ

 

ਨਵੀਂ ਦਿੱਲੀ, 6 ਸਤੰਬਰ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੰਗਲਵਾਰ ਨੂੰ  ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਖੱਬੇਪੱਖੀ ਅਤੇ ਵਿਰੋਧੀ ਧਿਰ ਦੇ ਕਈ ਪ੍ਰਮੁੱਖ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹ ਨਾ ਤਾਂ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਹਨ ਅਤੇ ਨਾ ਹੀ ਇਸ ਵਿਚ ਦਿਲਚਸਪੀ ਰਖਦੇ ਹਨ |
ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਆਈ-ਐਮ) ਦੇ ਦਫ਼ਤਰ ਵਿਚ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਜਨਰਲ ਸਕੱਤਰ ਡੀ ਰਾਜਾ ਨੂੰ  ਮਿਲਣ ਤੋਂ ਬਾਅਦ ਕੁਮਾਰ ਨੇ ਪੱਤਰਕਾਰਾਂ ਨੂੰ  ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਖੱਬੇਪੱਖੀ, ਕਾਂਗਰਸ ਅਤੇ ਸਾਰੀਆਂ ਖੇਤਰੀ ਪਾਰਟੀਆਂ ਨੂੰ  ਇਕਜੁੱਟ ਕੀਤਾ ਜਾਵੇ |
ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਨਾਤਾ ਤੋੜਨ ਤੋਂ ਬਾਅਦ ਨਿਤੀਸ਼ ਸੋਮਵਾਰ ਨੂੰ  ਪਹਿਲੀ ਵਾਰ ਰਾਸ਼ਟਰੀ ਰਾਜਧਾਨੀ ਪਹੁੰਚੇ | ਉਨ੍ਹਾਂ ਨੇ ਸੋਮਵਾਰ ਨੂੰ  ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਜਨਤਾ ਦਲ (ਸੈਕੂਲਰ) ਦੇ ਮੁਖੀ ਐਚਡੀ ਕੁਮਾਰਸਵਾਮੀ ਅਤੇ ਮੰਗਲਵਾਰ ਨੂੰ  ਦਿੱਲੀ
ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ |
ਨਿਤੀਸ਼ ਕੁਮਾਰ ਦੇ ਦਿੱਲੀ ਦੌਰੇ ਨੂੰ  ਉਨ੍ਹਾਂ ਦੀ ਵਿਰੋਧੀ ਪਾਰਟੀਆਂ ਦਾ ਨੇਤਾ ਬਣਨ ਦੀ ਕਵਾਇਦ ਦੇ ਹਿੱਸੇ ਵਜੋਂ ਦੇਖਿਆ ਜਾ ਰਿਹਾ ਹੈ | ਉਨ੍ਹਾਂ ਦੇ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਅਤੇ ਦਿਗਜ ਨੇਤਾ ਮੁਲਾਇਮ ਸਿੰਘ ਯਾਦਵ, ਭਾਰਤੀ ਰਾਸ਼ਟਰੀ ਲੋਕ ਦਲ ਦੇ ਓਮ ਪ੍ਰਕਾਸ ਚੌਟਾਲਾ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਸ਼ਰਦ ਪਵਾਰ ਸਮੇਤ ਕਈ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ  ਮਿਲਣ ਦੀ ਸੰਭਾਵਨਾ ਹੈ |
ਕੇਜਰੀਵਾਲ ਅਤੇ ਨਿਤੀਸ਼ ਵਿਚਾਲੇ ਹੋਈ ਮੁਲਾਕਾਤ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਜਨਤਾ ਦਲ (ਯੂਨਾਈਟਿਡ) ਦੇ ਨੇਤਾ ਸੰਜੇ ਝਾਅ ਵੀ ਮੌਜੂਦ ਸਨ | ਇਸ ਮੁਲਾਕਾਤ ਤੋਂ ਬਾਅਦ ਕੇਜਰੀਵਾਲ ਨੇ ਇਕ ਟਵੀਟ 'ਚ ਕਿਹਾ, ''ਮੇਰੇ ਘਰ ਆਉਣ ਲਈ ਮੱੁਖ ਮੰਤਰੀ ਨਿਤੀਸ਼ ਕੁਮਾਰ ਦਾ ਬਹੁਤ-ਬਹੁਤ ਧਨਵਾਦ | ਦੇਸ਼ ਨਾਲ ਸਬੰਧਤ ਕਈ ਗੰਭੀਰ ਵਿਸ਼ਿਆਂ 'ਤੇ ਚਰਚਾ ਕੀਤੀ ਗਈ-ਸਿਖਿਆ, ਸਿਹਤ, ਆਪਰੇਸ਼ਨ ਲੋਟਸ, ਇਨ੍ਹਾਂ ਲੋਕਾਂ ਵਲੋਂ ਖੁਲ੍ਹੇਆਮ ਵਿਧਾਇਕਾਂ ਦੀ ਖ਼ਰੀਦ ਫਿਰੋਖ਼ਤ ਕਰ ਕੇ ਲੋਕਾਂ ਦੁਆਰਾ ਚੁਣੀਆਂ ਗਈਆਂ ਸਰਕਾਰਾਂ ਨੂੰ  ਡੇਗਣਾ, ਭਾਜਪਾ ਸਰਕਾਰਾਂ ਦਾ ਵਧ ਰਿਹਾ ਤਾਨਾਸ਼ਾਹੀ ਭਿ੍ਸ਼ਟਾਚਾਰ, ਮਹਿੰਗਾਈ, ਬੇਰੁਜ਼ਗਾਰੀ |'' ਦੋਵਾਂ ਮੁੱਖ ਮੰਤਰੀਆਂ ਵਿਚਾਲੇ ਕਰੀਬ 90 ਮਿੰਟ ਤਕ ਗੱਲਬਾਤ ਚੱਲੀ |      (ਏਜੰਸੀ)