ਵਿਭਾਗਾਂ ਨੂੰ ਕਾਰੋਬਾਰੀ ਸੁਧਾਰ ਕਾਰਜ ਯੋਜਨਾ ਤਹਿਤ ਸੁਧਾਰਾਂ ਨੂੰ ਇਕ ਮਹੀਨੇ 'ਚ ਲਾਗੂ ਕਰਨ ਦੇ ਆਦੇਸ਼
ਵਿਭਾਗਾਂ ਨੂੰ ਕਾਰੋਬਾਰੀ ਸੁਧਾਰ ਕਾਰਜ ਯੋਜਨਾ ਤਹਿਤ ਸੁਧਾਰਾਂ ਨੂੰ ਇਕ ਮਹੀਨੇ 'ਚ ਲਾਗੂ ਕਰਨ ਦੇ ਆਦੇਸ਼
ਚੰਡੀਗੜ੍ਹ, 6 ਸਤੰਬਰ (ਪਪ) : ਲੋਕਾਂ ਨੂੰ ਨਿਰਵਿਘਨ ਕਾਰੋਬਾਰ ਅਤੇ ਨਾਗਰਿਕ ਕੇਂਦਰਿਤ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਤਹਿਤ ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਕਾਰੋਬਾਰੀ ਸੁਧਾਰ ਕਾਰਜ ਯੋਜਨਾ (ਬੀ.ਆਰ.ਏ.ਪੀ.) 2022 ਤਹਿਤ ਸਾਰੇ ਵਿਭਾਗਾਂ ਨੂੰ ਇਕ ਮਹੀਨੇ ਅੰਦਰ ਸਾਰੇ ਸੁਧਾਰਾਂ ਨੂੰ ਲਾਗੂ ਕਰਨਾ ਯਕੀਨੀ ਬਣਾਉਣ ਲਈ ਕਿਹਾ |
ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਸਾਰੇ ਸਬੰਧਤ ਪ੍ਰਬੰਧਕੀ ਸਕੱਤਰਾਂ ਨਾਲ ਬੀ.ਆਰ.ਏ.ਪੀ. 2022 ਦੇ ਲਾਗੂ ਕਰਨ ਦੀ ਸਮੀਖਿਆ ਲਈ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਯੋਜਨਾ ਲਾਗੂ ਕਰਨ ਦੇ ਨਾਲ-ਨਾਲ ਭਾਰਤ ਸਰਕਾਰ ਦੇ ਉਪਭੋਗਤਾ ਫੀਡਬੈਕ ਦੇ ਮੰਤਵ ਲਈ ਲਾਭਪਾਤਰੀਆਂ ਦਾ ਲੋੜੀਂਦਾ ਡਾਟਾਬੇਸ ਵੀ ਤਿਆਰ ਕੀਤਾ ਜਾਵੇ | ਉਨ੍ਹਾਂ ਵਿਭਾਗਾਂ ਨੂੰ ਸੰਪਰਕ ਨੰਬਰਾਂ ਸਮੇਤ ਲਾਭਪਾਤਰੀਆਂ ਦੀ ਸੂਚੀ ਮੁਹੱਈਆ ਕਰਵਾਉਣ ਦੇ ਨਿਰਦੇਸ਼ ਵੀ ਦਿਤੇ, ਤਾਂ ਜੋ ਉਨ੍ਹਾਂ ਨੂੰ ਅਸਲ ਫੀਡਬੈਕ ਮਿਲ ਸਕੇ |
ਜੰਜੂਆ ਨੇ ਕਿਹਾ ਕਿ ਭਾਰਤ ਸਰਕਾਰ ਦਾ ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ ਕਾਰੋਬਾਰ ਨੂੰ ਸੁਖਾਲਾ ਬਣਾਉਣ (ਈ.ਡੀ.ਬੀ.) ਨੂੰ ਉਤਸ਼ਾਹਿਤ ਕਰਨ ਸਬੰਧੀ ਸੁਧਾਰਾਂ ਦੇ ਲਾਗੂ ਕਰਨ ਲਈ ਵੱਖ-ਵੱਖ ਸੂਬਿਆਂ ਦੀ ਦਰਜਾਬੰਦੀ ਕਰਦਾ ਹੈ | ਮੁੱਖ ਸਕੱਤਰ ਨੇ ਦਸਿਆ ਕਿ ਪਿਛਲੀ ਦਰਜਾਬੰਦੀ ਵਿਚ ਪੰਜਾਬ ਨੂੰ 'ਟਾਪ ਅਚੀਵਰਜ਼' ਦੀ ਸ੍ਰੇਣੀ ਵਿਚ ਰਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜੂਨ 2022 ਦੇ ਮਹੀਨੇ ਵਿਚ ਵਿਭਾਗ ਵਲੋਂ ਜਾਰੀ ਮੌਜੂਦਾ ਯੋਜਨਾ ਤਹਿਤ ਕਾਰੋਬਾਰ ਨੂੰ ਸੌਖਾ ਬਣਾਉਣ ਸਬੰਧੀ 261 ਸੁਧਾਰ ਕੀਤੇ ਗਏ ਅਤੇ ਰਹਿਣ-ਸਹਿਣ ਨੂੰ ਸੌਖਾ ਬਣਾਉਣ ਸਬੰਧੀ 94 ਹੋਰ ਸੁਧਾਰ ਵੀ ਸ਼ਾਮਲ ਕੀਤੇ ਗਏ ਹਨ | ਮੁੱਖ ਸਕੱਤਰ ਨੇ ਕਿਹਾ ਕਿ ਬੀ.ਆਰ.ਏ.ਪੀ. 2022 ਵਿਚ ਸ਼ਾਮਲ ਪ੍ਰਮੁੱਖ ਸੁਧਾਰ ਮਾਲ ਵਿਭਾਗ, ਪੀ.ਪੀ.ਸੀ.ਬੀ., ਕਿਰਤ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਸਥਾਨਕ ਸਰਕਾਰਾਂ, ਲੀਗਲ ਮੈਟਰੋਲੋਜੀ ਅਤੇ ਪ੍ਰਸ਼ਾਸਨਿਕ ਸੁਧਾਰਾਂ ਬਾਰੇ ਵਿਭਾਗ ਨਾਲ ਸਬੰਧਤ ਹਨ | ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇਸ ਕੰਮ ਨੂੰ ਸਮਾਂਬੱਧ ਅਤੇ ਨਤੀਜਾਮੁਖੀ ਢੰਗ ਨਾਲ ਮੁਕੰਮਲ ਕਰਕੇ ਲੋਕਾਂ ਨੂੰ ਲਾਭ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ |