ਪੜ੍ਹੋ ਕਿਸ ਦੇ ਹਿੱਸੇ ਆਈ ਫ਼ਰੀਦਕੋਟ ਰਿਆਸਤ ਦੀ 25 ਹਜ਼ਾਰ ਕਰੋੜ ਦੀ ਜਾਇਦਾਦ, ਸੁਪਰੀਮ ਕੋਰਟ ਵੱਲੋਂ ਟਰੱਸਟ ਭੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

। 25 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੁਣ ਤੱਕ ਮਹਾਰਾਵਲ ਖੀਵਾ ਜੀ ਟਰੱਸਟ ਸੰਭਾਲ ਰਿਹਾ ਸੀ

Maharaja Harinder Singh Brar

 

ਫਰੀਦਕੋਟ - ਦੇਸ਼ ਦੀ ਸਰਵਉੱਚ ਅਦਾਲਤ ਨੇ ਫ਼ਰੀਦਕੋਟ ਰਿਆਸਤ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਨੂੰ ਗੈਰਕਾਨੂੰਨੀ ਮੰਨਦਿਆਂ ਵਸੀਅਤ ਦੇ ਆਧਾਰ ’ਤੇ ਬਣੇ ਟਰੱਸਟ ਨੂੰ ਭੰਗ ਕਰ ਦਿੱਤਾ ਹੈ ਅਤੇ ਫ਼ਰੀਦਕੋਟ ਰਿਆਸਤ ਦੀ ਕੁੱਲ ਜਾਇਦਾਦ ਨੂੰ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਪਰਿਵਾਰ ਵਿਚ ਵੰਡਣ ਦੇ ਆਦੇਸ਼ ਦਿੱਤੇ ਹਨ। 25 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੁਣ ਤੱਕ ਮਹਾਰਾਵਲ ਖੀਵਾ ਜੀ ਟਰੱਸਟ ਸੰਭਾਲ ਰਿਹਾ ਸੀ। 30 ਸਤੰਬਰ ਤੋਂ ਬਾਅਦ ਮਹਾਰਾਵਲ ਖੀਵਾ ਜੀ ਟਰੱਸਟ ਦੀ ਹੋਂਦ ਖ਼ਤਮ ਹੋ ਜਾਵੇਗੀ ਅਤੇ ਹੁਣ ਕੁੱਲ ਜਾਇਦਾਦ ਸ਼ਾਹੀ ਪਰਿਵਾਰ ਵਿਚ ਵੰਡਣ ਪ੍ਰਕਿਰਿਆ ਸ਼ੁਰੂ ਹੋਵੇਗੀ। 

ਜ਼ਿਕਰਯੋਗ ਹੈ ਕਿ 2 ਜੂਨ 2020 ਵਿਚ ਫ਼ਰੀਦਕੋਟ ਦੇ ਰਾਜਾ ਹਰਿੰਦਰ ਸਿੰਘ ਬਰਾੜ ਦੀ ਤਕਰੀਬਨ 25 ਹਜ਼ਾਰ ਕਰੋੜ ਦੀ ਜਾਇਦਾਦ ਦੇ ਮਾਲਕਾਨਾ ਹੱਕ ਦੇ ਮਾਮਲੇ ਵਿਚ ਪੰਜਾਬ ਹਰਿਆਣਾ ਹਾਈਕੋਰਟ ਨੇ ਅਹਿਮ ਫ਼ੈਸਲਾ ਸੁਣਾਇਆ ਸੀ, ਹਾਈਕੋਰਟ ਨੇ ਹੇਠਲੀ ਅਦਾਲਤ ਦੇ ਫ਼ੈਸਲੇ 'ਤੇ ਮੋਹਰ ਲਗਾ ਦਿੱਤੀ ਸੀ,ਜਿਸ ਵਿਚ ਜਾਇਦਾਦ 'ਤੇ ਦੋਵਾਂ ਰਾਜਕੁਮਾਰੀਆਂ ਅਮ੍ਰਿਤ ਕੌਰ ਅਤੇ ਦੀਪਿੰਦਰ ਕੌਰ ਦਾ ਬਰਾਬਰ ਦਾ ਹੱਕ ਦੱਸਿਆ ਗਿਆ ਸੀ

ਪਰ ਹਾਈਕੋਰਟ ਨੇ ਇਸ ਮਾਮਲੇ ਵਿਚ ਥੋੜ੍ਹਾ ਬਦਲਾਅ ਕੀਤਾ ਸੀ, ਅਦਾਲਤ ਨੇ 25 ਫ਼ੀਸਦੀ ਹਿੱਸਾ ਮਹਾਰਾਣੀ ਮਹਿੰਦਰ ਕੌਰ ਦਾ ਦੱਸਿਆ ਹੈ, ਜਦਕਿ 75 ਫ਼ੀਸਦੀ ਹਿੱਸੇ ਦਾ ਅੱਧਾ-ਅੱਧਾ ਰਾਜਕੁਮਾਰੀ ਅੰਮ੍ਰਿਤ ਕੌਰ ਅਤੇ ਦੀਪਿੰਦਰ ਕੌਰ ਨੂੰ ਮਿਲੇਗਾ, ਹਾਈਕੋਰਟ ਨੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ 1 ਜੂਨ 1982 ਦੀ ਵਿਲ ਨੂੰ ਫ਼ਰਜ਼ੀ ਦੱਸਦੇ ਹੋਏ ਟਰੱਸਟ ਨੂੰ ਭੰਗ ਕਰ ਦਿੱਤਾ ਹੈ ਜਿਸ ਦੀ ਚੇਅਰਪਰਸਨ ਰਾਜਕੁਮਾਰੀ ਦੀਪਿੰਦਰ ਕੌਰ ਸੀ।