ਢਾਬੇ 'ਤੇ ਰੋਟੀ ਖਾਣ ਲਈ ਰੁਕੇ ਸਿੱਖ ਪ੍ਰਵਾਰ 'ਤੇ ਢਾਬਾ ਮਾਲਕ ਅਤੇ ਕਾਰਿੰਦਿਆਂ ਨੇ ਕੀਤਾ ਹਮਲਾ, ਮਾਮਲਾ ਦਰਜ
ਢਾਬੇ 'ਤੇ ਰੋਟੀ ਖਾਣ ਲਈ ਰੁਕੇ ਸਿੱਖ ਪ੍ਰਵਾਰ 'ਤੇ ਢਾਬਾ ਮਾਲਕ ਅਤੇ ਕਾਰਿੰਦਿਆਂ ਨੇ ਕੀਤਾ ਹਮਲਾ, ਮਾਮਲਾ ਦਰਜ
ਖ਼ਰਾਬ ਖਾਣੇ ਦੀ ਕੀਤੀ ਸੀ ਸ਼ਿਕਾਇਤ ਜਿਸ ਤੋਂ ਢਾਬਾ ਮਾਲਕ ਨੇ ਕਿਹਾ 'ਸਿੱਖਾਂ ਦੇ ਦਿਮਾਗ਼ ਖ਼ਰਾਬ ਹੋ ਗਏ ਹਨ'
ਕਰਨਾਲ/ਸ਼ਾਹਬਾਦ ਮਾਰਕੰਡਾ, 6 ਸਤੰਬਰ (ਪਲਵਿੰਦਰ ਸਿੰਘ ਸੱਗੂ/ਅਵਤਾਰ ਸਿੰਘ) : ਬੀਤੇ ਦਿਨ ਦੀ ਇਕ ਵੀਡੀਉੁ ਤੇਜ਼ੀ ਨਾਲ ਵਾਇਰਲ ਹੋਈ ਜਿਸ ਵਿਚ ਨੀਲ ਕੰਠ ਢਾਬੇ ਤੇ ਕੱੁਝ ਸਿੱਖ ਪ੍ਰਵਾਰਾਂ 'ਤੇ ਹਮਲਾ ਕੀਤਾ ਗਿਆ | ਉਸ ਹਮਲੇ ਵਿਚ ਸਿੱਖ ਨੌਜਵਾਨਾਂ ਦੀਆਂ ਪੱਗਾਂ ਲਾਹੀਆਂ ਸਨ ਅਤੇ ਨੌਜਵਾਨਾਂ ਨੂੰ ਕਾਫ਼ੀ ਸੱਟਾਂ ਵੀ ਲਗੀਆਂ ਸਨ | ਜਦ ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਘਟਨਾ ਕੁਰੂਕਸ਼ੇਤਰ ਜ਼ਿਲ੍ਹੇ ਦੇ ਇਸਮਾਈਲਾਬਾਦ ਕਸਬੇ ਦੀ ਹੈ, ਜਿਥੋਂ ਦੇ ਨੀਲ ਕੰਠ ਦੇ ਮਾਲਕ ਅਤੇ ਉਸ ਦੇ ਕਾਰਿੰਦਿਆਂ ਵਲੋਂ ਰੋਟੀ ਖਾਣ ਆਏ ਸਿੱਖ ਪ੍ਰਵਾਰ 'ਤੇ ਹਮਲਾ ਕੀਤਾ ਗਿਆ |
ਮਿਲੀ ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਅਤੇ ਗੁਰਲਾਟ ਸਿੰਘ ਅਪਣੇ ਪ੍ਰਵਾਰਕ ਮੈਂਬਰਾਂ ਨਾਲ ਹਜ਼ੂਰ ਸਾਹਿਬ ਮਹਾਂਰਾਸ਼ਟਰ ਤੋਂ ਵਾਪਸ ਮੋਹਾਲੀ ਜਾ ਰਹੇ ਸਨ | ਸਵੇਰ ਸਮੇਂ ਨੀਲਕੰਠ ਢਾਬਾ ਨਜ਼ਦੀਕ ਇਸਮਾਈਲਾਬਾਦ ਜ਼ਿਲ੍ਹਾ ਕੁਰੂਕਸ਼ੇਤਰ ਖਾਣਾ ਖਾਣ ਲਈ ਰੁਕੇ, ਜਿਥੇ ਢਾਬੇ ਵਾਲਿਆਂ ਨੇ ਖਾਣਾ ਨਾ ਦਿਤਾ ਜਿਸ ਦੀ ਸ਼ਿਕਾਇਤ ਕੀਤੀ ਗਈ | ਇਸ ਤੋਂ ਬਾਅਦ ਢਾਬਾ ਮਾਲਕ ਨੇ ਸਿੱਖ ਪ੍ਰਵਾਰ ਨਾਲ ਬਹਿਸ ਕਰਨੀ ਸ਼ੁਰੂ ਕਰ ਦਿਤੀ | ਇਸ ਬਹਿਸ ਤੋਂ ਬਾਅਦ ਢਾਬਾ ਮਾਲਕ ਨੇ ਕਿਹਾ ਕਿ ਸਿੱਖਾਂ ਦੇ ਦਿਮਾਗ਼ ਖ਼ਰਾਬ ਹੋ ਗਏ ਹਨ | ਇਸ ਤੋਂ ਬਾਅਦ ਢਾਬਾ ਮਾਲਕ ਨੇ ਅਪਣੇ ਕਾਰਿੰਦਿਆਂ ਨਾਲ ਸਿੱਖ ਪ੍ਰਵਾਰ 'ਤੇ ਹਮਲਾ ਕਰ ਦਿਤਾ | ਨੌਜਵਾਨਾਂ ਦੀਆਂ ਪੱਗਾਂ ਉਤਾਰ ਕੇ ਕੁੱਟਮਾਰ ਕੀਤੀ ਗਈ, ਕੇਸਾਂ ਦੀ ਬੇਅਦਬੀ ਕੀਤੀ ਗਈ ਅਤੇ ਪ੍ਰਵਾਰ ਨਾਲ ਮਹਿਲਾਵਾਂ 'ਤੇ ਵੀ ਹਮਲਾ ਕੀਤਾ ਗਿਆ | ਥੋੜ੍ਹੀ ਦੇਰ ਬਾਅਦ ਹੀ ਢਾਬੇ ਦੇ ਮਾਲਕ ਦੇ ਕਹਿਣ 'ਤੇ ਦਸ ਪੰਦਰਾਂ ਬੰਦੇ ਹੋਰ ਪਹੁੰਚ ਗਏ | ਉਨ੍ਹਾਂ ਨੇ ਵੀ ਉਨ੍ਹਾਂ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ ਅਤੇ ਮਾਰਕੁਟਾਈ ਕੀਤੀ ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਇਸ ਕੁੱਟਮਾਰ ਵਿਚ ਜ਼ਖ਼ਮੀ ਹਰਪ੍ਰੀਤ ਗੁਰਲਾਟ ਸਿੰਘ ਅਤੇ ਸੁਖਵਿੰਦਰ ਕੌਰ ਨੂੰ ਇਲਾਜ ਲਈ ਕੁਰੂਕਸ਼ੇਤਰ ਦੇ ਲੋਕਨਾਇਕ
ਜੈਪ੍ਰਕਾਸ਼ ਨਾਗਰਿਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਿਸ ਤੋਂ ਬਾਅਦ ਇਕ ਵੀਡੀਉ ਵਾਇਰਲ ਹੋ ਗਈ ਅਤੇ ਸਿੱਖ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ (ਮਾਨ ਗਰੁੱਪ) ਦੇ ਵਰਕਰ ਘਟਨਾ ਵਾਲੀ ਥਾਂ 'ਤੇ ਪਹੁੰਚੇ | ਸਿੱਖ ਸੰਗਤ ਵੱਡੀ ਗਿਣਤੀ ਵਿਚ ਇਕੱਠੀ ਹੋ ਗਈ ਜਿਸ ਤੋਂ ਬਾਅਦ ਪੁਲਿਸ ਨੇ ਢਾਬਾ ਮਾਲਕ ਵਿਰੁਧ ਐਫ਼ ਆਈ ਆਰ ਨੰਬਰ 245 ਧਾਰਾ 148, 149, 323, 506, 295 ਏ ਤਹਿਤ ਮਾਮਲਾ ਦਰਜ ਕਰ ਢਾਬਾ ਮਾਲਕ ਅਤੇ ਉਸ ਦੇ ਕਰਿੰਦਿਆਂ ਨੂੰ ਗਿ੍ਫ਼ਤਾਰ ਕੀਤਾ ਹੈ, ਬਾਕੀ ਹਾਲੇ ਤਕ ਫ਼ਰਾਰ ਹਨ |