ਲੋਕਾਂ ਨੂੰ ਮਿਲੀ ਵੱਡੀ ਰਾਹਤ, ਹੁਣ ਰਜਿਸਟਰੀ ਲਈ ਨਕਸ਼ਾ ਪਾਸ ਤੇ NOC ਦੀ ਸ਼ਰਤ ਖ਼ਤਮ
ਪਲਾਟ ਦਾ ਰੈਗੂਲਰਾਈਜੇਸ਼ਨ ਸਰਟੀਫਿਕੇਟ ਹੀ ਹੋਵੇਗਾ ਕਾਫ਼ੀ
ਡੇਰਾਬੱਸੀ: ਡੇਰਾਬੱਸੀ ਨਗਰ ਕੌਂਸਲ ਅਤੇ ਲਾਲੜੂ ਨਗਰ ਕੌਂਸਲ ਨੇ ਲੋਕਾਂ ਨੂੰ ਰਾਹਤ ਦੇਣ ਲਈ ਪਲਾਟਾਂ ਦੀ ਰਜਿਸਟਰੀ ਲਈ ਨਕਸ਼ਾ ਪਾਸ ਸਮੇਤ ਐੱਨ. ਓ. ਸੀ. ਦੀ ਸ਼ਰਤ ਖ਼ਤਮ ਕਰ ਦਿੱਤੀ ਹੈ। ਹੁਣ ਲਾਲੜੂ ਵਾਂਗ ਡੇਰਾਬੱਸੀ 'ਚ ਪਲਾਟ ਦੀ ਰਜਿਸਟਰੀ ਲਈ ਸਿਰਫ਼ ਉਸ ਪਲਾਟ ਦਾ ਰੈਗੂਲਰਾਈਜੇਸ਼ਨ ਸਰਟੀਫਿਕੇਟ ਹੀ ਕਾਫ਼ੀ ਹੋਵੇਗਾ।
ਸਰਕਾਰ ਦੇ ਨਕਸ਼ੇ ਪਾਸ ਅਤੇ ਐੱਨ. ਓ. ਸੀ. ਦੀਆਂ ਸ਼ਰਤਾਂ ਖ਼ਤਮ ਕਰਨ ਦੇ ਖ਼ਿਲਾਫ਼ ਪ੍ਰਾਪਰਟੀ ਡੀਲਰਜ਼ ਐਂਡ ਬਿਲਡਰਜ਼ ਐਸੋਸੀਏਸ਼ਨ ਦੇ ਬੈਨਰ ਹੇਠ ਪ੍ਰਾਪਰਟੀ ਵਪਾਰੀਆਂ ਨੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਸਰਕਾਰ ਨੂੰ ਮੰਗ-ਪੱਤਰ ਸੌਂਪ ਕੇ ਇਸ ਪ੍ਰਕਿਰਿਆ ਨੂੰ ਸਰਲ ਬਣਾਉਣ ਦੀ ਅਪੀਲ ਕੀਤੀ। ਇਸ ਲਈ ਸੂਬਾ ਪੱਧਰ ਦੀ ਨਵੀਂ ਸੋਧੀ ਨੀਤੀ ਆਉਣੀ ਬਾਕੀ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਅਜੇ ਕੁਮਾਰ ਸਮੇਤ ਹੋਰ ਮੈਂਬਰਾਂ ਨੇ ਰੈਗੂਲਰ ਪਲਾਟ ਦੀ ਰਜਿਸਟਰੀ 'ਚ ਨਕਸ਼ਾ ਪਾਸ ਸਮੇਤ ਐੱਨ. ਓ. ਸੀ. ਦੀ ਸ਼ਰਤ ਹਟਾਉਣ ਦਾ ਸੁਆਗਤ ਕਰਦਿਆਂ ਕਿਹਾ ਕਿ ਉਕਤ ਫ਼ੈਸਲੇ ਨਾਲ ਲੋਕਾਂ ਨੂੰ ਸਮੇਂ, ਖ਼ਰਚੇ ਅਤੇ ਪਰੇਸ਼ਾਨੀ ਤੋਂ ਵੱਡੀ ਰਾਹਤ ਮਿਲੇਗੀ।
ਸਬ-ਰਜਿਸਟਰਾਰ ਡੇਰਾਬੱਸੀ ਨੂੰ ਲਿਖਿਆ ਗਿਆ ਕਿ ਸਰਕਾਰ ਦੇ ਆਨਲਾਈਨ ਮੈਪ ਪੋਰਟਲ ’ਤੇ ਜਾਰੀ ਕੀਤੇ ਗਏ ਪਲਾਟ ਰੈਗੂਲਰਾਈਜੇਸ਼ਨ ਸਰਟੀਫਿਕੇਟ ਨੂੰ ਹੀ ਮੰਨਿਆ ਜਾਵੇ, ਕਿਉਂਕਿ ਇਸ ਸਰਟੀਫਿਕੇਟ ’ਤੇ ਕੋਡ ਹੁੰਦਾ ਹੈ, ਜਿਸ ਨੂੰ ਸਕੈਨ ਕਰਨ ’ਤੇ ਇਸ ਦੀ ਪ੍ਰਮਾਣਿਕਤਾ ਦੀ ਚੰਗੀ ਤਰ੍ਹਾਂ ਪੁਸ਼ਟੀ ਹੋ ਸਕਦੀ ਹੈ।
‘ਏ’ ਸ਼੍ਰੇਣੀ ਦੀਆਂ ਕਲੋਨੀਆਂ 'ਚ ਪਲਾਟ ਹੋਲਡਰਾਂ ਤੋਂ ਈ. ਡੀ. ਸੀ. ਲੈਣ ਦੇ ਮੁੱਦੇ ’ਤੇ ਈ. ਓ. ਨੇ ਕਿਹਾ ਕਿ ਇਸ ਸਬੰਧੀ ਸੋਧੀ ਹੋਈ ਨੀਤੀ 'ਚ ਜਲਦੀ ਹੀ ਕੁੱਝ ਰਾਹਤ ਮਿਲਣ ਦੀ ਸੰਭਾਵਨਾ ਹੈ, ਉਦੋਂ ਤਕ ਪਲਾਟ ਹੋਲਡਰਾਂ ਨੂੰ ਉਡੀਕ ਕਰਨੀ ਚਾਹੀਦੀ ਹੈ।