ਵਿਜੀਲੈਂਸ ਦੀ ਰਾਡਾਰ 'ਤੇ ਕਾਂਗਰਸੀ MLA ਡਾ.ਰਾਜ ਕੁਮਾਰ ਚੱਬੇਵਾਲ, ਵਿਧਾਨ ਸਭਾ ਚੋਣਾਂ ਵੇਲੇ ਵੰਡੀ ਰਿਸ਼ਵਤ! 

ਏਜੰਸੀ

ਖ਼ਬਰਾਂ, ਪੰਜਾਬ

ਵਿਧਾਨ ਸਭਾ ਚੋਣਾਂ 'ਚ ਵੋਟਰਾਂ ਨੂੰ ਰਿਸ਼ਵਤ ਦੇਣ ਦੇ ਇਲਜ਼ਾਮ!

Raj Kumar Chabbewal

ਹੁਸ਼ਿਆਰਪੁਰ - ਹੁਣ ਵਿਜੀਲੈਂਸ ਦੀ ਰਾਡਾਰ 'ਤੇ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਰਾਜ ਰੁਮਾਰ ਚੱਬੇਵਾਲ ਆ ਗਏ ਹਨ। ਉਹਨਾਂ 'ਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੋਟਰਾਂ ਨੂੰ ਕਥਿਤ ਰਿਸ਼ਵਤ ਦੇਣ ਦਾ ਇਲਜ਼ਾਮ ਹੈ। ਰਾਜ ਕੁਮਾਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੈਂਦੇ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਕਾਂਗਰਸ ਦੀ ਟਿਕਟ ’ਤੇ ਜਿੱਤ ਕੇ ਆਏ ਹਨ ਅਤੇ ਹੁਣ ਇਸ ਰਿਸ਼ਵਤ ਕਾਂਡ ਦੀ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਕਰ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਰਾਜ ਕੁਮਾਰ ਨੇ ਚੱਬੇਵਾਲ ਵਿਧਾਨ ਸਭਾ ਹਲਕਾ ਅੰਦਰ ਤਕਰੀਬਨ 4600 ਦੇ ਕਰੀਬ ਐੱਸ.ਸੀ., ਐੱਸ.ਟੀ. ਤੇ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਨੂੰ ਘਰਾਂ ਦੀ ਮੁਰੰਮਤ ਕਰਵਾਉਣ ਲਈ ਲਗਭਗ 100 ਪਿੰਡਾਂ ਵਿਚ ਸੈਕਸ਼ਨ ਲੈਟਰ ਤਿਆਰ ਕਰਕੇ ਵੰਡੇ ਤੇ ਇਹ ਸੈਕਸ਼ਨ ਲੈਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਤੇ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਵੀ ਵੰਡੇ ਗਏ, ਚੋਣਾਂ ਤੋਂ ਬਾਅਦ ਪਤਾ ਲੱਗਾ ਕਿ ਉਹ ਸਾਰੇ ਸੈਕਸ਼ਨ ਲੈਟਰ ਜਾਅਲੀ ਨਿਕਲੇ, ਜਦੋਂ ਤੱਕ ਇਹ ਪਤਾ ਲੱਗਿਆ ਕਿ ਲੈਟਰ ਜਾਅਲੀ ਹਨ ਉਦੋਂ ਤੱਕ ਡਾ. ਰਾਜ ਕੁਮਾਰ ਚੱਬੇਵਾਲ ਇਸ ਰਿਸ਼ਵਤ ਦੇ ਸਹਾਰੇ ਉਨ੍ਹਾਂ 4600 ਦੇ ਕਰੀਬ ਪਰਿਵਾਰਾਂ ਤੋਂ 20 ਤੋਂ 25 ਹਜ਼ਾਰ ਰੁਪਏ ਵੋਟ ਹਾਸਲ ਕਰਨ ਵਿਚ ਕਾਮਯਾਬ ਹੋ ਗਏ ਤੇ ਇਨ੍ਹਾਂ ਵੋਟਾਂ ਦੀ ਮਦਦ ਨਾਲ ਆਪਣੇ ਹਲਕੇ ਦੇ ਵੋਟਰਾਂ ਦੇ ਅੱਖੀ ਘੱਟਾ ਪਾ ਕੇ ਐੱਮ.ਐਲ.ਏ. ਬਣਨ ਵਿਚ ਕਾਮਯਾਬ ਹੋ ਗਏ। 

ਇਨ੍ਹਾਂ ਫਰਜ਼ੀ ਚਿੱਠੀਆਂ ਦਾ ਖੁਲਾਸਾ ਉਸ ਸਮੇਂ ਹੋਇਆ ਜਦ ਇਨ੍ਹਾਂ ਚਿਠੀਆਂ ਉਤੇ ਡਿਸਪੈਚ ਨੰਬਰ ਨਹੀਂ ਲਗਾਇਆ ਗਿਆ। ਜਦੋਂ ਵੀ ਕਿਸੇ ਦਫ਼ਤਰ ਤੋਂ ਕੋਈ ਵੀ ਚਿੱਠੀ ਜਾਰੀ ਕੀਤੀ ਜਾਂਦੀ ਹੈ ਤਾਂ ਉਸ ਚਿੱਠੀ ’ਤੇ ਉਸ ਦਫ਼ਤਰ ਦਾ ਡਿਸਪੈਚ ਨੰਬਰ ਲਗਾਇਆ ਜਾਂਦਾ ਹੈ ਅਤੇ ਨਾਲ ਹੀ ਤਰੀਕ ਲਿਖੀ ਜਾਂਦੀ ਹੈ। ਇਸ ਸਾਰੇ ਮਾਮਲੇ ਉਸ ਸਮੇਂ ਹੁਸ਼ਿਆਰਪੁਰ ਵਿਚ ਤਾਇਨਾਤ ਬੀ.ਡੀ.ਪੀ.ਓ. ਅਬੈ ਕੁਮਾਰ ਦੀ ਭੂਮਕਾ ਵੀ ਸ਼ੱਕੀ ਹੈ। ਜਦੋਂ ਉਨ੍ਹਾਂ ਨਾਲ ਇਸ ਮਾਮਲੇ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਡਾ. ਰਾਜ ਕੁਮਾਰ ਨੂੰ ਕਲੀਨ ਚਿੱਟ ਦੇ ਦਿਤੀ।

ਆਮ ਆਦਮੀ ਪਾਰਟੀ ਦੇ ਹਰਮਿੰਦਰ ਸਿੰਘ ਸੰਧੂ ਨੂੰ ਚੱਬੇਵਾਲ ਹਲਕੇ ਤੋਂ ਟਿਕਟ ਦਿਤੀ ਗਈ ਸੀ ਤੇ ਚੋਣ ਹਾਰ ਗਏ ਸਨ। ਉਨ੍ਹਾਂ ਨੇ ਇਸ ਮਾਮਲੇ ਨੂੰ ਚੁੱਕਿਆ ਸੀ ਅਤੇ ਇਹ ਸਾਰਾ ਖੁਲਾਸਾ ਹਰਮਿੰਦਰ ਸਿੰਘ ਸੰਧੂ ਨੇ ਆਰ.ਟੀ.ਆਈ.ਰਾਹੀਂ ਪ੍ਰਾਪਤ ਕੀਤੀ ਗਈ ਜਾਣਕਾਰੀ ਤਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਡਾ. ਰਾਜ ਕੁਮਾਰ ਚੱਬੇਵਾਲ ਨੇ ਗਰੀਬ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਤੇ ਉਨ੍ਹਾਂ ਦੀ ਗਰੀਬੀ ਦਾ ਨਾਜਾਇਜ਼ ਫਾਇਦਾ ਉਠਾ ਕੇ ਉਨ੍ਹਾਂ ਨੂੰ ਵੋਟਾਂ ਵਿਚ ਇਸਤੇਮਾਲ ਕੀਤਾ ਹੈ।