ਨਸ਼ਿਆਂ ਵਿਰੁਧ ਜਲੰਧਰ ਦਿਹਾਤੀ ਪੁਲਿਸ ਦੀ ਕਾਰਵਾਈ; 9 ਕਿਲੋ ਹੈਰੋਇਨ ਸਣੇ ਤਸਕਰ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਲ ਸੀ ਮੁਲਜ਼ਮ

Jalandhar police seized 9 Kg Heroin



ਜਲੰਧਰ: ਨਸ਼ਿਆਂ ਵਿਰੁਧ ਕਾਰਵਾਈ ਕਰਦਿਆਂ ਪੁਲਿਸ ਨੇ 9 ਕਿਲੋ ਹੈਰੋਇਨ ਸਣੇ ਇਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦਸਿਆ ਕਿ ਮੁਲਜ਼ਮ ਅਪਣੇ ਸਾਥੀਆਂ ਨਾਲ ਮਿਲ ਕੇ ਸਰਹੱਦ ਪਾਰ ਨਸ਼ਾ ਤਸਕਰੀ ਨੂੰ ਅੰਜਾਮ ਦਿੰਦਾ ਸੀ।

 

 

ਉਨ੍ਹਾਂ ਨੇ ਐਕਸ ’ਤੇ ਲਿਖਿਆ, “ਜਲੰਧਰ ਦਿਹਾਤੀ ਪੁਲਿਸ ਵਲੋਂ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਨਸ਼ਾ ਤਸਕਰ ਮਲਕੀਅਤ ਸਿੰਘ ਉਰਫ ਕਾਲੀ ਨੂੰ ਗ੍ਰਿਫਤਾਰ ਕਰਕੇ 9 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਉਹ ਅਪਣੇ ਸਾਥੀਆਂ ਨਾਲ ਮਿਲ ਕੇ ਸਰਹੱਦ ਪਾਰ ਨਸ਼ਾ ਤਸਕਰੀ ਨੂੰ ਅੰਜਾਮ ਦਿੰਦਾ ਸੀ।  ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਗੁਰਾਇਆ ਵਿਖੇ ਐਫ.ਆਈ.ਆਰ. ਦਰਜ ਕਰਕੇ ਖੇਪ ਦੀ ਲੌਜਿਸਟਿਕਸ ਵਿਚ ਸ਼ਾਮਲ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ”।

 

ਪੁਲਿਸ ਵਲੋਂ ਪੁਛਗਿਛ ਦੌਰਾਨ ਖੁਲਾਸਾ ਹੋਇਆ ਹੈ ਕਿ ਕਾਲੀ ਦੇ ਪਾਕਿਸਤਾਨ ਬੈਠੇ ਤਸਕਰਾਂ ਨਾਲ ਸਬੰਧ ਹਨ। ਕਾਲੀ ਨੇ ਲੜਕਿਆਂ ਨੂੰ ਸਰਹੱਦ ਰਾਹੀਂ ਪਾਕਿਸਤਾਨ ਭੇਜ ਕੇ 50 ਕਿਲੋ ਹੈਰੋਇਨ ਮੰਗਵਾਈ ਸੀ। ਹੈਰੋਇਨ ਭਾਰਤ ਪਹੁੰਚਣ ਤੋਂ ਬਾਅਦ 6 ਵੱਖ-ਵੱਖ ਸਮੱਗਲਰਾਂ ਵਿਚ ਵੰਡੀ ਗਈ ਸੀ। ਪੁਲਿਸ ਨੇ ਹੁਣ ਤਕ 4 ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 31.5 ਕਿਲੋ ਹੈਰੋਇਨ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ: ਮਾਨ ਸਰਕਾਰ ਨੇ ਅਨੁਸੂਚਿਤ ਜਾਤੀ ਦੇ ਬੱਚਿਆਂ ਲਈ ਸਕਾਲਰਸ਼ਿਪ ਦਾ ਕੀਤਾ ਐਲਾਨ, ਜਾਣੋ ਕਿਵੇਂ ਕਰਨਾ ਹੈ ਅਪਲਾਈ

ਦੱਸ ਦੇਈਏ ਕਿ ਹਾਲ ਹੀ ਵਿਚ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਲੁਧਿਆਣਾ ਦੇ ਇਕ ਨੌਜਵਾਨ ਨੂੰ 8 ਕਿਲੋ ਹੈਰੋਇਨ ਸਮੇਤ ਫੜਿਆ ਗਿਆ ਸੀ। ਇਸ ਤੋਂ ਬਾਅਦ ਮਹਿਤਪੁਰ ਪੁਲਿਸ ਨੇ ਵੀ ਅੱਧਾ ਕਿੱਲੋ ਹੈਰੋਇਨ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਦੋਵਾਂ ਨੇ ਮੁੱਖ ਤਸਕਰ ਮਲਕੀਅਤ ਉਰਫ਼ ਕਾਲੀ ਬਾਰੇ ਖੁਲਾਸੇ ਕੀਤੇ ਸਨ। ਇਸ ਤੋਂ ਬਾਅਦ ਪੁਲਿਸ ਨੇ ਮਲਕੀਅਤ ਦੀ ਭਾਲ ਸ਼ੁਰੂ ਕਰ ਦਿਤੀ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਸਬੰਧਤ 4 ਲੋਕਾਂ ਨੂੰ ਹੁਣ ਤਕ ਗ੍ਰਿਫਤਾਰ ਕੀਤਾ ਗਿਆ ਹੈ, ਪਰ 2 ਅਜੇ ਤਕ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁੱਖ ਮੁਲਜ਼ਮ ਮਲਕੀਅਤ ਨਸ਼ੇ ਦੀ ਖੇਪ ਲੈਣ ਲਈ ਹਵਾਲਾ ਰਾਹੀਂ ਪਾਕਿਸਤਾਨ ਵਿਚ ਬੈਠੇ ਅਪਣੇ ਆਕਾਵਾਂ ਨੂੰ ਪੈਸੇ ਭੇਜਦਾ ਸੀ।