ਸਿੱਖਿਆ ਮੰਤਰੀ ਵੱਲੋਂ ਸਾਰੇ ਵਿਦਿਅਕ ਅਦਾਰਿਆਂ ਨੂੰ ਮੁੜ ਖੋਲ੍ਹਣ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰੀ ਸਕੂਲ ਸੋਮਵਾਰ ਨੂੰ ਖੁੱਲ੍ਹਣਗੇ ਪਰ ਕਲਾਸਾਂ ਮੰਗਲਵਾਰ ਤੋਂ ਸ਼ੁਰੂ ਹੋਣਗੀਆਂ

Education Minister announces reopening of all educational institutions

ਚੰਡੀਗੜ੍ਹ: ਸੂਬੇ ਵਿੱਚ ਹਾਲ ਹੀ ਵਿੱਚ ਆਏ ਮਾਰੂ ਹੜ੍ਹਾਂ ਅਤੇ ਭਾਰੀ ਬਾਰਿਸ਼ਾਂ ਉਪਰੰਤ ਹਾਲਾਤ ਪਹਿਲਾਂ ਵਾਂਗ ਹੋ ਰਹੇ ਹਨ, ਇਸ ਨੂੰ ਦੇਖਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਸੂਬੇ ਦੇ ਸਾਰੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਪੌਲੀਟੈਕਨਿਕ ਸੰਸਥਾਵਾਂ ਅਤੇ ਆਈ.ਟੀ.ਆਈਜ਼. ਸਮੇਤ ਸਾਰੇ ਵਿਦਿਅਕ ਅਦਾਰਿਆਂ ਨੂੰ 8 ਸਤੰਬਰ ਤੋਂ ਮੁੜ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰਾਂ ਨੂੰ ਗੰਭੀਰ ਰੂਪ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਇਹਨਾਂ ਅਦਾਰਿਆਂ ਨੂੰ ਬੰਦ ਕਰਨ ਸਬੰਧੀ ਫ਼ੈਸਲਾ ਲੈਣ ਦਾ ਅਧਿਕਾਰ ਦਿੱਤਾ ਗਿਆ ਹੈ।

ਇਹਨਾਂ ਸੰਸਥਾਵਾਂ ਨੂੰ ਮੁੜ ਖੋਲ੍ਹਣ ਦੀ ਯੋਜਨਾ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪ੍ਰਾਈਵੇਟ ਸਕੂਲ 8 ਸਤੰਬਰ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਵਾਂ ਲਈ ਦੁਬਾਰਾ ਖੁੱਲ੍ਹਣਗੇ, ਇਸ ਦੇ ਨਾਲ ਹੀ ਇਮਾਰਤ ਅਤੇ ਕਲਾਸਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਕੂਲ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੋਵੇਗੀ। ਸਰਕਾਰੀ ਸਕੂਲਾਂ ਦਾ ਸਮਾਂ-ਸਾਰਣੀ ਵੱਖਰੀ ਹੋਵੇਗੀ: ਅਧਿਆਪਕ ਅਤੇ ਸਟਾਫ਼ 8 ਸਤੰਬਰ ਨੂੰ ਨਿਰੀਖਣ, ਸਫ਼ਾਈ ਅਤੇ ਨੁਕਸਾਨ ਦਾ ਜਾਇਜਾ ਲੈ ਕੇ ਰਿਪੋਰਟ ਕਰਨਗੇ ਅਤੇ ਵਿਦਿਆਰਥੀ 9 ਸਤੰਬਰ ਤੋਂ ਕਲਾਸਾਂ ਦੁਬਾਰਾ ਸ਼ੁਰੂ ਕਰਨਗੇ। ਉਨ੍ਹਾਂ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਐੱਸ.ਐੱਮ.ਸੀਜ਼, ਪੰਚਾਇਤਾਂ, ਐੱਮ.ਸੀਜ਼ ਦੀ ਮਦਦ ਨਾਲ ਸਰਕਾਰੀ ਸਕੂਲਾਂ ਦੀ ਸਫ਼ਾਈ ਯਕੀਨੀ ਬਣਾਉਣ ਅਤੇ ਜੇਕਰ ਇਮਾਰਤ ਜਾਂ ਕਲਾਸਰੂਮ ਨੂੰ ਕੋਈ ਨੁਕਸਾਨ ਹੋਇਆ ਹੈ ਤਾਂ ਇਸ ਦੀ ਰਿਪੋਰਟ ਤੁਰੰਤ ਡਿਪਟੀ ਕਮਿਸ਼ਨਰ, ਐੱਸ.ਡੀ.ਐੱਮ. ਜਾਂ ਇੰਜੀਨੀਅਰਿੰਗ ਵਿਭਾਗ ਨੂੰ ਕੀਤੀ ਜਾਵੇ, ਤਾਂ ਜੋ ਵਿਦਿਆਰਥੀਆਂ ਅਤੇ ਸਟਾਫ਼ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਅੱਗੇ ਕਿਹਾ ਕਿ ਕਾਲਜ, ਯੂਨੀਵਰਸਿਟੀਆਂ, ਆਈ.ਟੀ.ਆਈਜ਼ ਅਤੇ ਪੌਲੀਟੈਕਨਿਕ ਸੰਸਥਾਵਾਂ 8 ਸਤੰਬਰ ਤੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਵਾਂ ਲਈ ਨਿਯਮਤ ਮੁੜ ਸ਼ੁਰੂ ਹੋਣਗੀਆਂ।

ਵਿਦਿਆਰਥੀਆਂ ਅਤੇ ਸਟਾਫ਼ ਦੀ ਸੁਰੱਖਿਆ 'ਤੇ ਜ਼ੋਰ ਦਿੰਦਿਆਂ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਉਹ ਵਿਦਿਅਕ ਸੰਸਥਾਵਾਂ ਦੇ ਕਾਰਜਸ਼ੀਲ ਅਤੇ ਸੁਰੱਖਿਅਤ ਹੋਣ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਉਪਾਅ ਕਰਨ। ਸਕੂਲ ਮੁਖੀਆਂ ਅਤੇ ਪ੍ਰਬੰਧਨ ਕਮੇਟੀਆਂ ਨੂੰ ਪਾਣੀ ਦੀ ਨਿਕਾਸੀ ਅਤੇ ਇਮਾਰਤਾਂ ਦੀ ਚੰਗੀ ਤਰ੍ਹਾਂ ਸਫ਼ਾਈ ਯਕੀਨੀ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ।