ਹੜ੍ਹ ਪ੍ਰਭਾਵਤ ਪੰਜਾਬ ਅਤੇ ਛੱਤੀਸਗੜ੍ਹ ਨੂੰ 5-5 ਕਰੋੜ ਰੁਪਏ ਦੀ ਮਦਦ ਦੇਵੇਗੀ ਗੋਆ ਸਰਕਾਰ
5-5 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ
Goa government to provide Rs 5 crore each to flood-hit Punjab and Chhattisgarh
ਪਣਜੀ : ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਹੜ੍ਹ ਪ੍ਰਭਾਵਤ ਪੰਜਾਬ ਅਤੇ ਛੱਤੀਸਗੜ੍ਹ ’ਚ ਰਾਹਤ ਅਤੇ ਮੁੜ ਵਸੇਬੇ ਦੇ ਯਤਨਾਂ ਲਈ 5-5 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ। ਸਾਵੰਤ ਨੇ ਕਿਹਾ ਕਿ ਇਹ ਪੈਸਾ ਮੁੱਖ ਮੰਤਰੀ ਰਾਹਤ ਫੰਡ ਤੋਂ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਹਾਲ ਹੀ ਵਿਚ ਆਈ ਕੁਦਰਤੀ ਆਫ਼ਤ ਨੇ ਛੱਤੀਸਗੜ੍ਹ ਅਤੇ ਪੰਜਾਬ ਵਿਚ ਭਾਰੀ ਤਬਾਹੀ ਮਚਾਈ ਹੈ। ਸੰਕਟ ਦੀ ਇਸ ਘੜੀ ’ਚ, ਗੋਆ ਦੀ ਸਰਕਾਰ ਅਤੇ ਲੋਕ ਇਨ੍ਹਾਂ ਸੂਬਿਆਂ ਵਿਚ ਸਾਡੇ ਭਰਾਵਾਂ ਅਤੇ ਭੈਣਾਂ ਨਾਲ ਇਕਜੁੱਟਤਾ ਨਾਲ ਖੜ੍ਹੇ ਹਨ।
ਮੁੱਖ ਮੰਤਰੀ ਰਾਹਤ ਫੰਡ ’ਚੋਂ ਅਸੀਂ ਛੱਤੀਸਗੜ੍ਹ ਅਤੇ ਪੰਜਾਬ ਨੂੰ ਰਾਹਤ, ਬਚਾਅ ਅਤੇ ਮੁੜ ਵਸੇਬੇ ਦੇ ਯਤਨਾਂ ਵਿਚ ਸਹਾਇਤਾ ਲਈ 5-5 ਕਰੋੜ ਰੁਪਏ ਜਾਰੀ ਕਰ ਰਹੇ ਹਾਂ।’’ਸਾਵੰਤ ਨੇ ਕਿਹਾ ਕਿ ਗੋਆ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹੈ ਕਿਉਂਕਿ ਦੇਸ਼ ਇਸ ਚੁਨੌਤੀ ਨਾਲ ਨਜਿੱਠਣ ਲਈ ਇਕਜੁੱਟ ਹੈ।