ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ’ਚ ਮੀਂਹ, ਸਿਰਸਾ ਵਿਚ ਸਭ ਤੋਂ ਜ਼ਿਆਦਾ 49.5 ਮਿਲੀਮੀਟਰ ਮੀਂਹ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੌਂਗ ਡੈਮ ’ਚ ਪਾਣੀ ਦਾ ਪੱਧਰ 2 ਫੁੱਟ ਡਿੱਗਿਆ ਪਰ ਤੇਜ਼ ਨਿਕਾਸ ਜਾਰੀ

Rain in many parts of Punjab and Haryana, Sirsa recorded the highest rainfall of 49.5 mm

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ’ਚ ਐਤਵਾਰ ਨੂੰ ਮੀਂਹ ਪਿਆ। ਸਿਰਸਾ ’ਚ ਸੱਭ ਤੋਂ ਵੱਧ 49.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਪੰਜਾਬ ਦੇ ਜਿਨ੍ਹਾਂ ਥਾਵਾਂ ਉਤੇ ਮੀਂਹ ਪਿਆ, ਉਨ੍ਹਾਂ ’ਚ ਅੰਮ੍ਰਿਤਸਰ ਵੀ ਸ਼ਾਮਲ ਹੈ, ਜਿੱਥੇ ਐਤਵਾਰ ਸਵੇਰੇ 8:30 ਵਜੇ ਤੋਂ ਸ਼ਾਮ 5:30 ਵਜੇ ਤਕ 3.7 ਮਿਲੀਮੀਟਰ ਮੀਂਹ ਪਿਆ। ਲੁਧਿਆਣਾ ਵਿਚ 2.4 ਮਿਲੀਮੀਟਰ ਅਤੇ ਪਟਿਆਲਾ ਵਿਚ 9.2 ਮਿਲੀਮੀਟਰ ਮੀਂਹ ਪਿਆ।

ਇਸ ਤੋਂ ਇਲਾਵਾ ਫਰੀਦਕੋਟ, ਪਠਾਨਕੋਟ ਅਤੇ ਫਿਰੋਜ਼ਪੁਰ ’ਚ ਵੀ ਮੀਂਹ ਪਿਆ। ਗੁਆਂਢੀ ਸੂਬੇ ਹਰਿਆਣਾ ਦੇ ਅੰਬਾਲਾ ’ਚ 12.1 ਮਿਲੀਮੀਟਰ ਅਤੇ ਹਿਸਾਰ ’ਚ 14.6 ਮਿਲੀਮੀਟਰ ਮੀਂਹ ਪਿਆ। ਸਿਰਸਾ ’ਚ 49.5 ਮਿਲੀਮੀਟਰ, ਪਾਣੀਪਤ ’ਚ 10.5 ਮਿਲੀਮੀਟਰ ਅਤੇ ਮੇਵਾਤ ’ਚ 1 ਮਿਲੀਮੀਟਰ ਮੀਂਹ ਪਿਆ।

ਦੂਜੇ ਪਾਸੇ ਪੌਂਗ ਡੈਮ ’ਚ ਪਾਣੀ ਦਾ ਪੱਧਰ ਐਤਵਾਰ ਸ਼ਾਮ ਨੂੰ ਲਗਭਗ ਦੋ ਫੁੱਟ ਘੱਟ ਕੇ 1,392.20 ਫੁੱਟ ਰਹਿ ਗਿਆ, ਹਾਲਾਂਕਿ ਇਹ ਅਪਣੀ ਉਪਰਲੀ ਹੱਦ 1,390 ਫੁੱਟ ਤੋਂ ਅਜੇ ਵੀ ਦੋ ਫੁੱਟ ਵੱਧ ਹੈ। ਅਧਿਕਾਰੀਆਂ ਨੇ ਦਸਿਆ ਕਿ ਡੈਮ ’ਚ ਪਾਣੀ ਦਾ ਵਹਾਅ ਸਨਿਚਰਵਾਰ ਨੂੰ 47,162 ਕਿਊਸਿਕ ਤੋਂ ਘਟ ਕੇ 36,968 ਕਿਊਸਿਕ ਰਹਿ ਗਿਆ, ਜਦਕਿ ਸ਼ਾਹ ਨੇਹਰ ਬੈਰਾਜ ’ਚ ਕਰੀਬ 90,000 ਕਿਊਸਿਕ ਪਾਣੀ ਛਡਿਆ ਜਾ ਰਿਹਾ ਹੈ।

ਐਤਵਾਰ ਨੂੰ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1,677.98 ਫੁੱਟ ਸੀ, ਜੋ ਸਨਿਚਰਵਾਰ ਨੂੰ 1,678.14 ਫੁੱਟ ਸੀ। ਅਧਿਕਾਰੀਆਂ ਨੇ ਦਸਿਆ ਕਿ ਸਤਲੁਜ ਦਰਿਆ ਉਤੇ ਬਣੇ ਭਾਖੜਾ ਡੈਮ ’ਚ ਪਾਣੀ ਦਾ ਵਹਾਅ 66,891 ਕਿਊਸਿਕ ਹੈ ਅਤੇ ਪਾਣੀ ਦਾ ਨਿਕਾਸ 70,000 ਕਿਊਸਿਕ ਹੈ।

ਟਾਂਡਾ ਅਤੇ ਮੁਕੇਰੀਆਂ ਸਬ-ਡਵੀਜ਼ਨ ਦੇ ਨੀਵੇਂ ਇਲਾਕੇ ਸੱਭ ਤੋਂ ਵੱਧ ਪ੍ਰਭਾਵਤ ਹੋਏ ਹਨ, ਜਿੱਥੇ ਝੋਨੇ, ਗੰਨੇ ਅਤੇ ਮੱਕੀ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਟਾਂਡਾ ਦੇ ਗੰਢੋਵਾਲ, ਰਾੜਾ ਮੰਡ, ਤਾਲ੍ਹੀ, ਸਲੇਮਪੁਰ, ਅਬਦੁੱਲਾਪੁਰ, ਮੇਵਾ ਮਿਆਣੀ ਅਤੇ ਫੱਤਾ ਕੁਲਾ ਦੇ ਨਾਲ-ਨਾਲ ਮੁਕੇਰੀਆਂ ਦੇ ਮੋਤਲਾ, ਹਾਲੇਰ ਜਨਾਰਦਨ, ਸਾਨੀਆਲ, ਕੋਲੀਆਂ, ਨੌਸ਼ਹਿਰਾ ਅਤੇ ਮਹਿਤਾਬਪੁਰ ਵਰਗੇ ਪਿੰਡਾਂ ਵਿਚ ਪਾਣੀ ਭਰ ਗਿਆ ਹੈ।

ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਗੜ੍ਹਸ਼ੰਕਰ ਦੇ 55, ਮੁਕੇਰੀਆਂ ਦੇ 35, ਟਾਂਡਾ ਦੇ 26, ਦਸੂਹਾ ਦੇ 28 ਅਤੇ ਹੁਸ਼ਿਆਰਪੁਰ ਦੇ 29 ਪਿੰਡਾਂ ਨੂੰ ਹੜ੍ਹ ਪ੍ਰਭਾਵਤ ਐਲਾਨਿਆ ਗਿਆ ਹੈ। ਲਗਭਗ 8,322 ਹੈਕਟੇਅਰ ਖੇਤ ਪ੍ਰਭਾਵਤ ਹੋਏ ਹਨ। (ਪੀਟੀਆਈ)