ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤ ਅੱਜ ਕਰਨਗੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ 

ਏਜੰਸੀ

ਖ਼ਬਰਾਂ, ਪੰਜਾਬ

ਜਿਸ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਕਰਨਗੇ।

Amritsar railway accident victims will protest today against the Punjab government

ਅੰਮ੍ਰਿਤਸਰ ਸਾਹਿਬ: ਪਿਛਲੇ ਸਾਲ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ‘ਚ ਵਾਪਰੇ ਰੇਲ ਹਾਦਸੇ ਨੇ ਦੁਨੀਆ ਭਰ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਹਾਦਸੇ ਵਿਚ ਕਰੀਬ 60 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਜ਼ਖਮੀ ਹੋ ਗਏ ਸਨ। ਰੇਲ ਹਾਦਸੇ ਦੇ ਪੀੜਤਾਂ ਦੇ ਜ਼ਖਮ ਅਜੇ ਵੀ ਤਾਜ਼ੇ ਹਨ। ਪੀੜਤਾਂ ਦਾ ਇਲਜ਼ਾਮ ਹੈ ਕਿ ਇੱਕ ਸਾਲ ਹੋ ਗਿਆ, ਪਰ ਅਜੇ ਤੱਕ ਪੰਜਾਬ ਸਰਕਾਰ ਨੇ ਉਹਨਾਂ ਦੀ ਸਾਰ ਨਹੀਂ ਲਈ, ਉਹਨਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ।

ਇਸ ਦੌਰਾਨ ਅੱਜ ਫਿਰ ਤੋਂ ਪੀੜਤ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ, ਜਿਸ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ  ਸਿੰਘ ਮਜੀਠੀਆ ਕਰਨਗੇ। ਜਾਣਕਾਰੀ ਅਨੁਸਾਰ ਪੀੜਤਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜਹਾਜ਼ਗੜ੍ਹ ਪੈਟਰੋਲ ਪੰਪ ਤੋਂ ਲੈ ਕੇ ਜੌੜਾ ਫਾਟਕ ਤੱਕ ਕੈਂਡਲ ਮਾਰਚ ਕੱਢਿਆ ਜਾਵੇਗਾ।

ਦੱਸ ਦਈਏ ਕਿ ਇਸ ਰੇਲ ਹਾਦਸੇ ਲਈ ਜ਼ਿੰਮੇਵਾਰੀ ਤੈਅ ਕਰਨ ਵਾਸਤੇ ਹੁਣ ਤੱਕ ਤਿੰਨ ਵਾਰ ਜਾਂਚ ਹੋ ਚੁੱਕੀ ਹੈ। ਦੋ ਜਾਂਚਾਂ ਮੁਕੰਮਲ ਹੋ ਗਈਆਂ ਹਨ ਜਦ ਕਿ ਇੱਕ ਜਾਂਚ ਚੱਲ ਰਹੀ ਹੈ। ਪਹਿਲੀ ਜਾਂਚ ਰੇਲਵੇ ਸੁਰੱਖਿਆ ਕਮਿਸ਼ਨਰ (CRS) ਐੱਸਕੇ ਪਾਠਕ ਨੇ ਕੀਤੀ ਸੀ। ਦੂਜੀ ਜਾਂਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਦਾਇਤ ’ਤੇ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਬੀ. ਪੁਰਸ਼ਾਰਥ ਨੇ ਕੀਤੀ ਸੀ।

ਤੀਜੀ ਜਾਂਚ ਹਾਲੇ ਸਰਕਾਰੀ ਰੇਲਵੇ ਪੁਲਿਸ (GRP) ਵੱਲੋਂ ਕੀਤੀ ਜਾ ਰਹੀ ਹੈ। ਇਸੇ ਜਾਂਚ ਦੌਰਾਨ ਅੰਮ੍ਰਿਤਸਰ ਰੇਲ ਹਾਦਸੇ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਇੱਕ ‘ਵਿਸ਼ੇਸ਼ ਜਾਂਚ ਟੀਮ’ (SIT) ਵੀ ਕਾਇਮ ਕੀਤੀ ਗਈ ਸੀ ਪਰ ਹਾਲੇ ਤੱਕ ਕੁਝ ਵੀ ਨਹੀਂ ਹੋਇਆ। ਡੀਐੱਸਪੀ ਸ੍ਰੀ ਬਲਰਾਜ ਸਿੰਘ ਨੇ ਦੱਸਿਆ ਕਿ ਇੱਕ ਸਾਲ ਬਾਅਦ ਹਾਲੇ ਤੱਕ ਮ੍ਰਿਤਕਾਂ ਦੀਆਂ ਫ਼ਾਰੈਂਸਿਕ ਰਿਪੋਰਟਾਂ ਵੀ ਨਹੀਂ ਮਿਲੀਆਂ। ਸੈਂਪਲ ਤਦ ਵੱਖੋ–ਵੱਖਰੀਆਂ ਲੈਬਸ ਨੂੰ ਭੇਜੇ ਗਏ ਸਨ। ਉਹ ਰਿਪੋਰਟਾਂ ਆਉਣ ਤੋਂ ਬਾਅਦ ਹੀ ਜਾਂਚ ਮੁਕੰਮਲ ਹੋ ਸਕੇਗੀ।

ਏਡੀਜੀਪੀ ਰੇਲਵੇਜ਼ ਸੰਜੀਵ ਕਾਲੜਾ ਨੇ ਕਿਹਾ ਕਿ ਇਹ ਬਹੁਤ ਨਾਜ਼ੁਕ ਕਿਸਮ ਦਾ ਮਸਲਾ ਹੈ ਤੇ SIT ਬਹੁਤ ਧਿਆਨ ਨਾਲ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। SIT ਇੰਚਾਰਜ ਸ੍ਰੀ ਦਲਜੀਤ ਸਿੰਘ ਰਾਣਾ ਨੇ ਵਾਰ–ਵਾਰ ਫ਼ੋਨ ਕੀਤੇ ਜਾਣ ਦੇ ਬਾਵਜੂਦ ਫ਼ੋਨ ਨਹੀਂ ਚੁੱਕਿਆ। ਚੰਡੀਗੜ੍ਹ ਫ਼ਾਰੈਂਸਿਕ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ। ਇਹ ਜਾਂਚ 20 ਦਿਨਾਂ ਵਿਚ ਮੁਕੰਮਲ ਹੋ ਜਾਵੇਗੀ। ਪਹਿਲੀ ਜਾਂਚ ਵਿਚ ਰੇਲਵੇ ਮੁਲਾਜ਼ਮਾਂ ਨੂੰ ਲਾਪਰਵਾਹੀ ਦੇ ਦੋਸ਼ੀ ਕਰਾਰ ਦਿੱਤਾ ਗਿਆ ਸੀ। ਮੈਜਿਸਟ੍ਰੇਟ ਦੀ ਜਾਂਚ ਦੌਰਾਨ ਜੌੜਾ ਫਾਟਕ ’ਤੇ ਉਸ ਵੇਲੇ ਤਾਇਨਾਤ ਗੇਟਮੈਨ ਨੂੰ ਇਸ ਹਾਦਸੇ ਲਈ ਜ਼ਿੰਮੇਵਾਰ ਕਰਾਰ ਦਿੱਤਾ ਗਿਆ ਸੀ।