ਸਾਨ੍ਹਾਂ ਦੇ ਭੇੜ 'ਚ ਉਲਝੇ ਵੱਡੇ ਖਿਡਾਰੀ,ਬਾਗੀਆਂ ਦੇ ਤਿੱਖੇ ਤੇਵਰਾਂ ਨੇ ਕਢਾਇਆ ਹਰੀਸ਼ ਰਾਵਤ ਦਾ ਪਸੀਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਗੂਆਂ ਨੂੰ ਮਨਾਉਣ 'ਚ ਸਖ਼ਤ ਮਿਹਨਤ ਕਰ ਰਹੇ ਹਨ ਹਰੀਸ਼ ਰਾਵਤ

Harish Rawat

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀਆਂ ਨੇੜੇ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਸਾਰੇ ਸਿਆਸੀ ਦਲਾਂ ਨੇ ਸਰਗਰਮੀਆਂ ਵਧਾ ਦਿਤੀਆਂ ਹਨ। ਸਾਰੇ ਦਲ ਕਿਸਾਨੀ ਘੋਲ 'ਚੋਂ ਹੁੰਦੇ ਹੋਏ ਅਪਣੇ ਸਿਆਸੀ ਮੁਫ਼ਾਦਾਂ ਮੁਤਾਬਕ  ਅੱਗੇ ਵਧ ਰਹੇ ਹਨ। ਕਾਂਗਰਸ ਹਾਈ ਕਮਾਂਡ ਨੇ ਵੀ ਪੰਜਾਬ 'ਚ ਸਿਆਸੀ ਸਰਗਰਮੀਆਂ ਵਧਾ ਰੱਖੀਆਂ ਹਨ। ਰਾਹੁਲ ਗਾਂਧੀ ਦੀ ਪੰਜਾਬ ਫੇਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਨਿਯੁਕਤੀ ਨੂੰ ਇਸੇ ਸੰਦਰਭ 'ਚ ਵੇਖਿਆ ਜਾ ਰਿਹਾ ਹੈ।

ਹਰੀਸ਼ ਰਾਵਤ ਇਕ ਸੀਨੀਅਰ ਕਾਂਗਰਸੀ ਆਗੂ ਹਨ ਜੋ ਵੱਡੀ ਸਿਆਸੀ ਖਿੱਚੋਤਾਣ ਦਰਮਿਆਨ ਸਥਿਤੀ ਨਾਲ ਨਜਿੱਠਣ ਦੀ ਕਾਬਲੀਅਤ ਰੱਖਦੇ ਹਨ। ਉਨ੍ਹਾਂ ਨੂੰ ਮੁੱਖ ਮੰਤਰੀ ਤੋਂ ਇਲਾਵਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਚੁਣੇ ਜਾਣ ਦਾ ਮਾਣ ਹਾਸਲ ਹੈ। ਉਨ੍ਹਾਂ ਦਾ ਮੁੱਖ ਮੰਤਰੀ ਅਹੁਦੇ ਤਕ ਪਹੁੰਚਣ ਦਾ ਸਫ਼ਰ ਵੀ ਕਾਫ਼ੀ ਚੁਨੌਤੀ ਭਰਪੂਰ ਰਿਹਾ ਹੈ। ਵੱਡੀਆਂ ਸਿਆਸੀ ਚੁਨੌਤੀਆਂ ਦੇ ਬਾਵਜੂਦ ਉਨ੍ਹਾਂ ਦਾ ਮੁੱਖ ਮੰਤਰੀ ਅਹੁਦੇ 'ਤੇ ਪਹੁੰਚਣਾ ਅਤੇ ਸਰਕਾਰ ਚਲਾਉਣਾ ਅਪਣੇ ਆਪ 'ਚ ਇਕ ਮਿਸਾਲ ਮੰਨਿਆ ਜਾਂਦਾ ਹੈ।

ਸੂਤਰਾਂ ਮੁਤਾਬਕ ਉਨ੍ਹਾਂ ਦੀ ਇਸੇ ਕਾਬਲੀਅਤ ਨੂੰ ਭਾਂਪਦਿਆਂ ਹਾਈ ਕਮਾਡ ਨੇ ਉਨ੍ਹਾਂ ਨੂੰ ਪੰਜਾਬ ਦਾ ਇੰਚਾਰਜ ਬਣਾ ਕੇ ਭੇਜਿਆ ਹੈ। ਪਰ ਸ਼ੁਰੂਆਤੀ ਦੌਰ 'ਚ ਹੀ ਉਨ੍ਹਾਂ ਨੂੰ ਵੱਡੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਆਸੀ ਚੁਪੀ ਅਧੀਨ ਚਲੇ ਆ ਰਹੇ ਦਿਗਜ਼ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਸਿਆਸੀ ਮੰਚ 'ਤੇ ਲੈ ਕੇ ਆਉਣਾ ਉਨ੍ਹਾਂ ਦੀ ਵੱਡੀ ਉਪਲਬਧੀ ਮੰਨੀ ਜਾ ਰਹੀ ਸੀ ਪਰ ਸਿੱਧੂ ਦੀ ਤੇਜ਼ੀ ਨੇ ਉਨ੍ਹਾਂ ਦੀਆਂ ਭਿੰਡੀਆਂ 'ਚ ਪਾਣੀ ਪਾ ਦਿਤਾ ਹੈ।

ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਦੂਜੇ ਨਾਰਾਜ਼ ਆਗੂਆਂ ਨੂੰ ਇਕਜੁਟ ਕਰਨਾ ਵੀ ਉਨ੍ਹਾਂ ਲਈ ਵੱਡੀ ਚੁਨੌਤੀ ਹੋਵੇਗਾ। ਨਰਾਜ਼ ਚੱਲ ਰਹੇ ਆਗੂਆਂ 'ਚ ਪ੍ਰਤਾਪ ਸਿੰਘ ਬਾਜਵਾ, ਸਮਸ਼ੇਰ ਸਿੰਘ ਦੂਲੋਂ, ਨਵਜੋਤ ਸਿੰਘ ਸਿੱਧੂ ਸਮੇਤ ਹੋਰ ਕਈ ਵੱਡੇ ਆਗੂ ਸ਼ਾਮਲ ਹਨ ਜੋ ਖੁਦ ਨੂੰ ਮੁੱਖ ਮੰਤਰੀ ਦੀ ਕੁਰਸੀ ਦੇ ਦਾਅਵੇਦਾਰ ਜਾਂ ਇਸ ਤੋਂ ਬਰਾਬਰ ਦੇ ਅਹੁਦੇ ਲਈ ਕਾਬਲ ਸਮਝਦੇ ਹਨ। ਇਨ੍ਹਾਂ 'ਚੋਂ ਕੁੱਝ ਆਗੂ ਪਹਿਲਾਂ ਹੀ ਸੂਬਾ ਪ੍ਰਧਾਨ ਜਾਂ ਇਸ ਦੇ ਬਰਾਬਰ ਦੇ ਅਹੁਦੇ 'ਤੇ ਰਹਿ ਚੁੱਕੇ ਹਨ।

ਅਜਿਹੇ ਕੱਦਾਵਰ ਆਗੂਆਂ ਦੀ ਨਾਰਾਜ਼ਗੀ ਨੂੰ ਦੂਰ ਕਰਨਾ ਅਤੇ ਪਾਰਟੀ ਅੰਦਰ ਬਣਦੀ ਥਾਂ ਦਿਵਾ ਪਾਉਣਾ ਵਾਕਈ ਚੁਨੌਤੀ ਭਰਪੂਰ ਕਾਰਜ ਹੈ। ਇਹ ਸਾਨ੍ਹਾਂ ਦੇ ਭੇੜ 'ਚੋਂ ਬਿਨਾਂ ਕਿਸੇ ਨੁਕਸਾਨ ਦੇ ਬਚ ਨਿਕਲਣਾ ਵੀ ਇਕ ਵੱਡੀ ਉਪਲਬਧੀ ਹੀ ਹੋਵੇਗਾ। ਦੂਜੇ ਪਾਸੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਹੁਣ ਡੇਢ ਸਾਲ ਤੋਂ ਵੀ ਘੱਟ ਸਮਾਂ ਬਾਕੀ ਬਚਿਆ ਹੈ। ਜਦਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਇਸ ਵੇਲੇ ਇਕ-ਦੂਜੇ ਵੱਲ ਪਿੱਠਾਂ ਕਰ ਵਿਚਰਦੀ ਵਿਖਾਈ ਦੇ ਰਹੀ ਹੈ।

ਸਰਕਾਰ 'ਚ ਜਿਨ੍ਹਾਂ ਨੂੰ ਚੰਗਾ ਅਹੁਦਾ ਮਿਲ ਗਿਆ ਹੈ, ਉਹ ਖ਼ੁਸ਼ ਵਿਖਾਈ ਦੇ ਰਿਹਾ ਹੈ ਜਦਕਿ ਜਿਨ੍ਹਾਂ ਨੂੰ ਕੁੱਝ ਘੱਟ ਜਾਂ ਪੂਰੀ ਵੁੱਕਤ ਨਹੀਂ ਪਈ, ਉਹ ਅਪਣੀ ਹੀ ਸਰਕਾਰ ਖਿਲਾਫ਼ ਝੰਡਾ ਚੁੱਕਣ ਤੋਂ ਵੀ ਪਿੱਛੇ ਨਹੀਂ ਹਟ ਰਹੇ। ਭਾਵੇਂ ਹਰੀਸ਼ ਰਾਵਤ ਬਾਗੀ ਆਗੂਆਂ ਨੂੰ ਨਾਲ ਜੋੜਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਪਰ ਬਹੁਤੇ ਆਗੂਆਂ ਦੇ ਆਪੋ-ਅਪਣਾ ਝੰਡਾ ਚੁੱਕੀ ਫਿਰਨ ਕਾਰਨ ਉਨ੍ਹਾਂ ਦੇ ਰਸਤੇ ਇੰਨੇ ਅਸਾਨ ਨਹੀਂ ਜਾਪਦੇ। ਦੂਜੇ ਪਾਸੇ ਬਹੁਤੇ ਕਾਂਗਰਸੀ ਆਗੂਆਂ ਨੂੰ ਹਰੀਸ਼ ਰਾਵਤ ਦੇ ਆਉਣ ਬਾਅਦ ਪੰਜਾਬ ਕਾਂਗਰਸ ਅੰਦਰ ਸਭ ਚੰਗਾ ਹੋ ਜਾਣ ਦੀ ਉਮੀਦ ਹੈ।