ਗੁਲਜ਼ਾਰ ਗਰੁਪ ਆਫ਼ ਇੰਸਟੀਟਿਊਟ ਨੇ 'ਉਧਬੋਧ 21' ਟਾਕਸ਼ੋਅ ਕਰਵਾਇਆ
ਗੁਲਜ਼ਾਰ ਗਰੁਪ ਆਫ਼ ਇੰਸਟੀਟਿਊਟ ਨੇ 'ਉਧਬੋਧ 21' ਟਾਕਸ਼ੋਅ ਕਰਵਾਇਆ
ਖੰਨਾ, 6 ਅਕਤੂਬਰ (ਅਰਵਿੰਦਰ ਸਿੰਘ ਟੀਟੂ, ਸੁਖਵਿੰਦਰ ਸਿੰਘ ਸਲੌਦੀ) : ਜ਼ਿਲ੍ਹਾ ਲੁਧਿਆਣਾ ਦੀ ਨਾਮਵਰ ਬਹੁ-ਤਕਨੀਕੀ ਸਿਖਿਆ ਸੰਸਥਾ ਗੁਲਜ਼ਾਰ ਗਰੁਪ ਆਫ਼ ਇੰਸਟੀਚਿਊਟ ਜੋ ਕਿ ਖੰਨਾ ਦੇ ਨੇੜਲੇ ਪਿੰਡ ਲਿਬੜਾ ਇਲਾਕੇ ਵਿਚ ਸਥਿਤ ਹੈ ਜਿਸ ਵਿਚ ਵਿਦੇਸ਼ੀ ਵਿਦਿਆਰਥੀਆਂ ਸਣੇ ਵੱਡੀ ਗਿਣਤੀ ਵਿਚ ਵਿਦਿਆਰਥੀ ਕਈ ਅਲੱਗ-ਅਲੱਗ ਤਰ੍ਹਾਂ ਦੇ ਤਕਨੀਕੀ ਕੋਰਸਾਂ ਸਣੇ ਕਈ ਕੋਰਸ ਜਿਵੇਂ ਕਿ ਮੈਡੀਕਲ, ਮੈਨੇਜਮੈਂਟ ਅਤੇ ਜਰਨਲੀਜ਼ਮ ਐਂਡ ਮਾਸ-ਕਮਿਉਨੀਕੇਸ਼ਨ ਆਦਿ ਦੀ ਸਿਖਿਆ ਲੈ ਰਹੇ ਹਨ |
ਇਸ ਸੰਸਥਾ ਦੇ ਵਿਦਿਆਰਥੀਆਂ ਵਲੋਂ ਕਾਲਜ ਦੇ ਐਕਜ਼ੀਕਿਉਟਿਵ ਡਾਇਰੈਕਟਰ ਸ. ਗੁਰਕੀਰਤ ਸਿੰਘ ਦੀ ਯੋਗ ਨਿਗਰਾਨੀ ਹੇਠ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੀ ਮਿਹਨਤ ਸਦਕਾ ਸਿਖਿਆ ਖੇਤਰ ਵਿਚ ਵਧੀਆ ਨਤੀਜੇ ਪ੍ਰਾਪਤ ਕਰਨ ਦੇ ਨਾਲ-ਨਾਲ ਕਈ ਹੋਰ ਗਤੀਵਿਧੀਆਂ ਵਿਚ ਵੀ ਮੱਲਾਂ ਮਾਰੀਆਂ ਜਾਂਦੀਆਂ ਹਨ | ਇਸੇ ਕੜੀ ਤਹਿਤ ਅੱਜ ਗੁਲਜ਼ਾਰ ਗਰੁਪ ਆਫ਼ ਇੰਸਟੀਚਿਊਟ ਦੇ ਵਿਦਿਆਰਥੀਆਂ ਵਲੋਂ ਕਾਰਜਕਾਰੀ ਡਾਇਰੈਕਟਰ ਸ. ਗੁਰਕੀਰਤ ਸਿੰਘ ਦੀ ਨਿਗਰਾਨੀ ਹੇਠ ਡਾ. ਅਮਨਦੀਪ ਸਿੰਘ (ਡਾਇਰੈਕਟਰ ਸਟੂਡੈਂਟ ਵੈਲਫ਼ੇਅਰ) ਵਲੋਂ ਅਪਣੇ ਵਿਦਿਆਰਥੀਆਂ ਦੀ ਟੀਮ ਰਾਹੀਂ ਬੇਸਬਰੀ ਨਾਲ ਉਡੀਕਿਆ ਜਾ ਰਿਹਾ 'ਉਦਬੋਧ 21' ਸੀਰੀਜ਼ ਨਾਂ ਹੇਠ ਵਿਦਿਆਰਥੀਆਂ ਨੂੰ ਪ੍ਰੋਤਸਾਹਤ ਕਰਨ ਅਤੇ ਇਕ ਸਹੀ ਸੇਧ ਦੇਣ ਲਈ ਇਕ ਟਾਲਕਸ਼ੋਅ ਆਯੋਜਤ ਕੀਤਾ ਗਿਆ ਜਿਸ ਵਿਚ ਵਿਸ਼ੇਸ਼ ਤੌਰ 'ਤੇ ਬਤੌਰ ਮੁੱਖ ਮਹਿਮਾਨ, ਜਰਨਲੀਜ਼ਮ (ਪੱਤਰਕਾਰਿਤਾ) ਖੇਤਰ ਵਿਚ ਉੱਚਾ ਮੁਕਾਮ ਹਾਸਲ ਕਰਦੇ ਹੋਏ ਵਿਸ਼ਵ ਪੱਧਰ ਤੇ ਅਪਣਾ ਨਾਂ ਬਣਾ ਚੁੱਕੇ ਅਦਾਰਾ ਰੋਜ਼ਾਨਾ ਸਪੋਕਸਮੈਨ ਗਰੁਪ ਦੀ ਸੰਪਾਦਕ ਮੈਡਮ ਨਿਮਰਤ ਕੌਰ ਵਿਸ਼ੇਸ਼ ਤੌਰ 'ਤੇ ਪਹੁੰਚੇ ਜਿਨ੍ਹਾਂ ਦਾ ਉੱਥੇ ਪਹੁੰਚਣ 'ਤੇ ਉਕਤ ਸੰਸਥਾ ਦੇ ਪ੍ਰਬੰਧਕਾਂ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ |
ਮੁੱਖ ਮਹਿਮਾਨ ਮੈਡਮ ਨਿਮਰਤ ਕੌਰ ਨੇ ਦੀਪ ਜਗਾ ਕੇ ਉਕਤ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਉਪਰੰਤ ਹਾਲ ਵਿਚ ਵੱਡੀ ਗਿਣਤੀ ਵਿਚ ਜੁੜੇ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ ਅਤੇ ਅਪਣੇ ਵਲੋਂ ਕੀਤੇ ਗਏ ਜੀਵਨ ਦੇ ਸੰਘਰਸ਼ ਅਤੇ ਜ਼ਿੰਦਗੀ ਵਿਚ ਹਾਸਲ ਕੀਤੇ ਮੁਕਾਮ ਦੌਰਾਨ ਹੋਏ ਤਜਰਬਿਆਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਕਿਹਾ ਕਿ ਜ਼ਿੰਦਗੀ ਇਕ ਸੰਘਰਸ਼ ਹੈ ਅਤੇ ਵਿਦਿਆਰਥੀ ਜ਼ਿੰਦਗੀ ਵਿਚ ਕੀਤਾ ਗਿਆ ਸੰਘਰਸ਼ ਹਰ ਵਿਅਕਤੀ ਨੂੰ ਉੱਚੇ ਮੁਕਾਮ ਤੇ ਲੈ ਕੇ ਜਾਂਦਾ ਹੈ | ਉਨ੍ਹਾਂ ਕਿਹਾ ਕਿ ਅਪਣੇ ਹਰ ਕੰਮ ਵਿਚ ਦਿਲ ਅਤੇ ਆਤਮਾ ਲਗਾਉ |
ਇਸ ਮੌਕੇ ਵਿਦਿਆਰਥੀਆਂ ਵਲੋਂ ਮੈਡਮ ਨਿਮਰਤ ਕੌਰ ਨੂੰ ਜਰਨਲਿਜ਼ਮ ਅਤੇ ਮਾਸ-ਕਮਿਊਨਿਕੇਸ਼ਨ ਦੇ ਪੇਸ਼ੇ ਵਿਚ ਕਾਮਯਾਬ ਹੋਣ ਅਤੇ ਉੱਚਾ ਮੁਕਾਮ ਹਾਸਲ ਕਰਨ ਲਈ ਅਤੇ ਇਸ ਪੇਸ਼ੇ ਵਿਚ ਆਉਣ ਵਾਲੀਆਂ ਔਕੜਾਂ ਨਾਲ ਨਜਿੱਠਣ ਲਈ ਕਈ ਤਰ੍ਹਾਂ ਦੇ ਸਵਾਲ ਪੁੱਛਦੇ ਹੋਏ ਜਾਣਕਾਰੀ ਹਾਸਲ ਕੀਤੀ ਜਿਸ ਨੂੰ ਮੈਡਮ ਨਿਮਰਤ ਕੌਰ ਨੇ ਬੜੇ ਸਹਿਜਤਾ ਅਤੇ ਸੁਲਝੇ ਹੋਏ ਢੰਗ ਨਾਲ ਵਿਦਿਆਰਥੀਆਂ ਨੂੰ ਤਸੱਲੀਬਖ਼ਸ਼ ਜਵਾਬ ਦਿਤੇ ਜਿਸ ਤੇ ਵਿਦਿਆਰਥੀਆਂ ਨੇ ਮੁੱਖ ਮਹਿਮਾਨ ਦਾ ਧਨਵਾਦ ਕੀਤਾ | ਇਸ ਮੌਕੇ ਪ੍ਰਬੰਧਕਾਂ ਨੇ ਮੁੱਖ ਮਹਿਮਾਨ ਨਾਲ ਕੀਤੇ ਗਏ ਵਿਚਾਰ-ਵਟਾਂਦਰੇ ਦੌਰਾਨ ਵਿਦਿਆਰਥੀਆਂ ਦੇ ਭਵਿੱਖ ਸੰਵਾਰਣ ਸਬੰਧੀ ਕਈ ਤਰ੍ਹਾਂ ਦੇ ਸੁਝਾਅ ਵੀ ਲਏ | ਇਸ ਮੌਕੇ ਮੁੱਖ ਮਹਿਮਾਨ ਵਲੋਂ ਵਿਦਿਆਰਥੀਆਂ ਦੀ ਤਰੱਕੀ ਲਈ ਅਪਣੇ ਜਨੂਨ ਅਤੇ ਪਿਆਰ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਜਿਸ 'ਤੇ ਉੱਥੇ ਮੌਜੂਦ ਸਾਰੇ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵਲੋਂ ਮੁੱਖ ਮਹਿਮਾਨ ਮੈਡਮ ਨਿਮਰਤ ਕੌਰ ਦੀ ਖ਼ੂਬ ਤਾਰੀਫ਼ ਕੀਤੀ ਗਈ ਅਤੇ ਸਾਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ | ਅੰਤ ਵਿਚ ਮੁੱਖ ਮਹਿਮਾਨ ਮੈਡਮ ਨਿਮਰਤ ਕੌਰ ਨੂੰ ਵਿਸ਼ੇਸ਼ ਤੌਰ 'ਤੇ ਫ਼ੁਲਕਾਰੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਇਸ਼ਬੀਰ ਸਿੰਘ, ਡਾ. ਅਮਨਦੀਪ ਸਿੰਘ, ਡਾ. ਹਨੀ ਸ਼ਰਮਾ ਅਤੇ ਸੰਜੇ ਅਰੌੜਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |