ਰਾਜਾ ਵੜਿੰਗ ਨਾਲ ਮੀਟਿੰਗ ਬਾਅਦ ਰੋਡਵੇਜ਼ ਕਾਮਿਆਂ ਨੇ ਅੰਦੋਲਨ ਕੀਤਾ ਮੁਲਤਵੀ 

ਏਜੰਸੀ

ਖ਼ਬਰਾਂ, ਪੰਜਾਬ

ਰਾਜਾ ਵੜਿੰਗ ਨਾਲ ਮੀਟਿੰਗ ਬਾਅਦ ਰੋਡਵੇਜ਼ ਕਾਮਿਆਂ ਨੇ ਅੰਦੋਲਨ ਕੀਤਾ ਮੁਲਤਵੀ 

image

ਚੰਡੀਗੜ੍ਹ, 6 ਅਕਤੂਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਨਵੇਂ ਟਰਾਂਸਪੋਰਟ ਮੰਤਰੀ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਰੋਡਵੇਜ਼ ਦੇ ਕੱਚੇ ਕਾਮਿਆਂ ਦੀ ਯੂਨੀਅਨ ਦੇ ਆਗੂਆਂ ਨੂੰ  ਅੱਜ ਅਪਣੀ ਰਿਹਾਇਸ਼ 'ਤੇ ਹੋਈ ਮੀਟਿੰਗ ਵਿਚ ਉਠਾਈਆਂ ਮੰਗਾਂ ਨੂੰ  ਲੈ ਕੇ ਕਾਫ਼ੀ ਹੱਦ ਤਕ ਸੰਤੁਸ਼ਟ ਕਰ ਦਿਤਾ ਹੈ |
ਇਸ ਮੀਟਿੰਗ ਵਿਚ ਮਿਲੇ ਭਰੋਸਿਆਂ ਨੂੰ  ਦੇਖਦਿਆਂ ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ. ਦੇ ਕੱਚੇ ਕਾਮਿਆਂ ਨੇ ਅਪਣਾ ਅੱਜ ਦਾ ਅੰਦੋਲਨ ਮੁਲਤਵੀ ਕਰ ਦਿਤਾ ਹੈ | ਅੱਜ ਰੋਡਵੇਜ਼ ਕਾਮਿਆਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ 4 ਘੰਟੇ ਸੂਬੇ ਭਰ ਵਿਚ ਬੱਸ ਅੱਡੇ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ ਪਰ ਮੰਤਰੀ ਵਲੋਂ ਸਮੇਂ ਸਿਰ ਮੀਟਿੰਗ ਸੱਦ ਲੈਣ ਨਾਲ ਕੁੱਝ ਮੰਗਾਂ 'ਤੇ ਸਹਿਮਤੀ ਬਾਅਦ ਰੋਡਵੇਜ਼ ਕਾਮਿਆਂ ਦੀਆਂ ਯੂਨੀਅਨਾਂ ਨੇ ਇਹ ਐਕਸ਼ਨ ਰੱਦ ਕਰ ਦਿਤਾ ਤੇ ਬੱਸ ਸੇਵਾਵਾਂ ਬਿਨਾਂ ਕਿਸੇ ਵਿਘਨ ਤੋਂ ਆਮ ਵਾਂਗ ਚਲੀਆਂ | 11 ਅਕਤੂਬਰ ਤੋਂ ਕੀਤੀ ਜਾਣ ਵਾਲੀ ਤਿੰਨ ਦਿਨ ਦੀ ਹੜਤਾਲ ਮੁਲਤਵੀ ਕਰਨ ਦਾ ਫ਼ੈਸਲਾ ਯੂਨੀਅਨ ਆਗੂ ਅਪਣੀ ਮੀਟਿੰਗ ਕਰ ਕੇ ਕਰਨਗੇ | ਮੰਤਰੀ ਨਾਲ ਮੀਟਿੰਗ ਤੋਂ ਬਾਅਦ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦਸਿਆ ਕਿ ਕੈਪਟਨ ਸਰਕਾਰ ਵੇਲੇ ਪ੍ਰਵਾਨ ਮੰਗਾਂ ਤਹਿਤ ਕੱਚੇ ਕਾਮਿਆਂ ਦੀਆਂ ਤਨਖ਼ਾਹਾਂ ਵਿਚ 30 ਫ਼ੀ ਸਦੀ ਵਾਧੇ, ਹਰ ਸਾਲ 5 ਫ਼ੀ ਸਦੀ ਵਧਾਉਣ ਤੇ ਪਿਛਲੀ ਤਨਖ਼ਾਹ ਦੀਆਂ ਕਟੌਤੀਆਂ ਵਾਪਸ ਲੈਣ ਤੇ ਛੇਤੀ ਹੀ ਫ਼ੀਲਡ ਵਿਚ ਨਵੀਆਂ ਬਸਾਂ ਪਾਉਣ ਦੇ ਫ਼ੈਸਲੇ ਤੁਰਤ ਲਾਗੂ ਕਰਨ ਦਾ ਵਾਅਦਾ ਕੀਤਾ ਹੈ | ਕੱਚੇ ਮੁਲਾਜ਼ਮਾਂ ਨੂੰ  ਪੱਕੇ ਕਰਨ ਲਈ ਮੁੱਖ ਮੰਗ ਬਾਰੇ 12 ਅਕਤੂਬਰ ਨੂੰ  ਮੁੱਖ ਮੰਤਰੀ ਚੰਨੀ ਨਾਲ ਮੀਟਿੰਗ ਤੈਅ ਕਰਵਾ ਦਿਤੀ ਗਈ ਹੈ |