ਪਟਾਕਾ ਕੰਪਨੀਆਂ ਨੂੰ  ਸੁਪਰੀਮ ਕੋਰਟ ਦੀ ਝਾੜ 

ਏਜੰਸੀ

ਖ਼ਬਰਾਂ, ਪੰਜਾਬ

ਪਟਾਕਾ ਕੰਪਨੀਆਂ ਨੂੰ  ਸੁਪਰੀਮ ਕੋਰਟ ਦੀ ਝਾੜ 

image

ਜਾਨ ਦੀ ਕੀਮਤ 'ਤੇ ਦੀਵਾਲੀ ਦੇ ਪਟਾਕੇ ਨਹੀਂ
ਨਵੀਂ ਦਿੱਲੀ, , 6 ਅਕਤੂਬਰ : ਪਟਾਕਿਆਂ ਦੇ ਇਸਤੇਮਾਲ ਨੂੰ  ਲੈ ਕੇ ਸੁਪਰੀਮ ਕੋਰਟ ਨੇ ਸਖ਼ਤੀ ਦਿਖਾਉਂਦੇ ਹੋਏ ਕਿਹਾ ਹੈ ਕਿ ਅਸੀਂ ਜਸ਼ਨ ਮਨਾਉਣ ਦੇ ਖ਼ਿਲਾਫ਼ ਨਹੀਂ ਹਾਂ ਪਰ ਦੂਜਿਆਂ ਦੀ ਜਾਨ ਦੀ ਕੀਮਤ 'ਤੇ ਅਸੀਂ ਤਿਉਹਾਰਾਂ ਦੇ ਸੀਜ਼ਨ ਵਿਚ ਪਟਾਕੇ ਵੇਚਣ ਤੇ ਚਲਾਉਣ ਦੀ ਪ੍ਰਵਾਨਗੀ ਨਹੀਂ ਦੇ ਸਕਦੇ | ਪਟਾਕਿਆਂ 'ਤੇ ਪਾਬੰਦੀ ਦੇ ਬਾਵਜੂਦ ਇਸ ਦੇ ਇਸਤੇਮਾਲ 'ਤੇ ਸੁਪਰੀਮ ਕੋਰਟ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਸਾਡੇ ਦੇਸ਼ ਵਿਚ ਮੁੱਖ ਸਮੱਸਿਆ ਹੁਕਮਾਂ ਨੂੰ  ਲਾਗੂ ਕਰਨ ਦੀ ਹੈ | ਕੋਰਟ ਨੇ ਕਿਹਾ ਕਿ ਪਟਾਕਾ ਬੈਨ ਦੇ ਕੋਰਟ ਦੇ ਹੁਕਮ ਦੀ ਪਾਲਣਾ ਸਾਰੇ ਸੂਬਿਆਂ ਵਿਚ ਹੋਣੀ ਚਾਹੀਦੀ ਹੈ | ਕੋਰਟ ਨੇ ਕਿਹਾ ਕਿ ਪਟਾਕਿਆਂ ਦੀਆਂ ਲੜੀਆਂ 'ਤੇ ਰੋਕ ਲਗਾਈ ਸੀ ਪਰ ਸਾਰੇ ਤਿਉਹਾਰਾਂ ਵਿਚ ਉਸ ਦਾ ਇਸਤੇਮਾਲ ਕੀਤਾ ਜਾਂਦਾ ਹੈ | ਸੁਪਰੀਮ ਕੋਰਟ ਨੇ ਕਿਹਾ ਅਸੀਂ ਜ਼ਿੰਦਗੀ ਦੀ ਕੀਮਤ ਤੇ ਤਿਉਹਾਰ ਮਨਾਉਣ ਦੀ ਪ੍ਰਵਾਨਗੀ ਨਹੀਂ ਦੇ ਸਕਦੇ | ਤਿਉਹਾਰ ਦੇ ਸਮੇਂ ਲੋਕਾਂ ਨੂੰ  ਤੇਜ਼ ਆਵਾਜ਼ ਵਾਲੇ ਪਟਾਕੇ ਕਿਥੋਂ ਮਿਲਦੇ ਹਨ? ਸੁਪਰੀਮ ਕੋਰਟ ਨੇ ਕਿਹਾ ਕਿ ਤਿਉਹਾਰ ਬਿਨਾਂ ਸ਼ੋਰ ਵਾਲੇ ਪਟਾਕਿਆਂ ਜਿਵੇਂ ਕਿ ਫੁਲਝੜੀ ਤੇ ਹੋਰਨਾਂ ਨਾਲ ਵੀ ਮਨਾਇਆ ਜਾ ਸਕਦਾ ਹੈ | ਸ਼ੋਰ ਮਚਾਉਣ ਵਾਲੇ ਪਟਾਕਿਆਂ ਦੀ ਆਗਿਆ ਨਹੀਂ ਦਿਤੀ ਜਾ ਸਕਦੀ | ਸੁਪਰੀਮ ਕੋਰਟ ਵਿਚ ਮਾਮਲੇ ਦੀ ਅਗਲੀ ਸੁਣਵਾਈ 26 ਅਕਤੂਬਰ ਨੂੰ  ਹੋਵੇਗੀ |         (ਏਜੰਸੀ)
ਨਹੀਂ ਰਹੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ
ਚੰਡੀਗੜ੍ਹ, 6 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਅੱਜ ਸ਼ਾਮ ਸਦੀਵੀ ਵਿਛੋੜਾ ਦੇ ਗਏ ਹਨ | ਜ਼ਿਕਰਯੋਗ ਹੈ ਕਿ ਸੇਵਾ ਸਿੰਘ ਸੇਖਵਾਂ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਵਿਚ ਸ਼ਾਮਲ ਰਹੇ ਸਨ ਜਿਨ੍ਹਾਂ ਨੇ ਬਾਅਦ ਵਿਚ ਅਕਾਲੀ ਦਲ ਨੂੰ  ਅਲਵਿਦਾ ਕਹਿ ਦਿਤਾ ਸੀ ਅਤੇ ਉਹ ਕਾਫ਼ੀ ਸਮਾਂ ਸੰਯੁਕਤ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਟਕਸਾਲੀ ਦੇ ਆਗੂਆਂ ਨਾਲ ਵੀ ਸਰਗਰਮ ਰਹੇ ਸਨ | ਕੱੁਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਨੂੰ  ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਵਾਇਆ ਸੀ | ਸੇਵਾ ਸਿੰਘ ਸੇਖਵਾਂ ਦੀ ਸਿਹਤ ਲੰਮੇ ਸਮੇਂ ਤੋਂ ਨਾਸਾਜ਼ ਚੱਲ ਰਹੀ ਸੀ ਅਤੇ ਉਹ ਅੱਜ ਸ਼ਾਮ ਸਵਰਗ ਸਿਧਾਰ ਗਏ | ਉਨ੍ਹਾਂ ਦੇ ਦਿਹਾਂਤ ਸਬੰਧੀ ਖ਼ਬਰ ਦੀ ਪੁਸ਼ਟੀ ਉਨ੍ਹਾਂ ਦੇ ਪੁੱਤਰ ਜਗਰੂਪ ਸਿੰਘ ਸੇਖਵਾਂ ਨੇ ਅਪਣੇ ਸੋਸ਼ਲ ਮੀਡੀਆ ਪੇਜ ਉਪਰ ਕੀਤੀ ਹੈ |  ਸੇਵਾ ਸਿੰਘ ਸੇਖਵਾਂ ਪਹਿਲਾਂ ਵਿਧਾਨ ਸਭਾ ਹਲਕਾ ਕਾਹਨੂੰਵਾਨ ਤੋਂ ਵਿਧਾਇਕ ਚੁਣੇ ਗਏ ਸਨ ਅਤੇ ਬਾਅਦ ਵਿਚ ਉਹ ਹਲਕਾ ਕਾਦੀਆਂ ਅੰਦਰ ਜ਼ਿਮਨੀ ਚੋਣ ਦੌਰਾਨ ਵੀ ਜੇਤੂ ਰਹੇ ਸਨ, ਉਹ ਦੋ ਵਾਰ ਪੰਜਾਬ ਦੇ ਮੰਤਰੀ ਵਜੋਂ ਸੇਵਾ ਕਰ ਚੁੱਕੇ ਹਨ ਅਤੇ ਇਕ ਵਾਰ ਉਹ ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਦੇ ਚੇਅਰਮੈਨ ਵੀ ਰਹੇ ਸਨ |