ਬਾਦਲਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਨੂੰ ਰੋਸ ਮਾਰਚ ਕੱਢਣ ਦੀ ਨਵੀਂ ਅਤੇ ਗ਼ਲਤ ਪਿਰਤ ਪਾਈ ਗਈ: ਸਰਚਾਂਦ ਸਿੰਘ ਖਿਆਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਹਨਾਂ ਕਿਹਾ ਕਿ ਅੱਜ ਇਹ ਪਹਿਲੀ ਵਾਰ ਹੈ ਕਿ ਅਕਾਲੀ ਲੀਡਰਸ਼ਿਪ ਨੇ ਇਸ ਪਵਿੱਤਰ ਦਰ ਵੱਲ ਨੂੰ ਰੋਸ ਮਾਰਚ ਕੀਤਾ ਹੈ।

Prof. Sarchand Singh

 

ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ ਦੇ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਇਤਿਹਾਸ ’ਚ ਬਾਦਲਕੇ-ਅਕਾਲੀਏ ਪੰਥ ਦੀਆਂ ਸ਼ਾਨਦਾਰ ਰਵਾਇਤਾਂ ’ਚ ਗ਼ਲਤ ਪਿਰਤਾਂ ਪਾਉਣ ਲਾਈ ਜਾਣਿਆ ਜਾਵੇਗਾ। ਜਿਸ ਵਿਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਨੂੰ ਰੋਸ ਮਾਰਚ ਕਰਨ ਦੀ ਨਵੀਂ ਪਿਰਤ ਵੀ ਜੋੜ ਲਈ ਗਈ ਹੈ। ਉਹਨਾਂ ਕਿਹਾ ਕਿ ਭਾਰਤ ਦੇ ਵੱਖ ਵੱਖ ਖੇਤਰਾਂ ਤੋਂ ਇਲਾਵਾ ਪਾਕਿਸਤਾਨ ਦੇ ਗੁਰਦੁਆਰਿਆਂ ਤੋਂ ਖ਼ਾਲਸਾ ਮਾਰਚ ਅਤੇ ਨਗਰ ਕੀਰਤਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਨੂੰ ਆਮਦ ਆਮ ਪੰਥਕ ਵਰਤਾਰਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸਾ ਸੋਧ ਕੇ ਵੈਰੀ ’ਤੇ ਹੱਲਾ ਬੋਲਿਆ ਜਾਂਦਾ ਰਿਹਾ ਹੋਵੇ ਅਤੇ ਹੁਣ ਵੀ ਪੰਥ ਵੱਲੋਂ ਜ਼ਿਆਦਾਤਰ ਮੋਰਚਿਆਂ ਦੀ ਇਸੇ ਦਰ ਤੋਂ ਸ਼ੁਰੂਆਤ ਦੀ ਪਰੰਪਰਾ ਹੈ।

ਉਹਨਾਂ ਕਿਹਾ ਕਿ ਅੱਜ ਇਹ ਪਹਿਲੀ ਵਾਰ ਹੈ ਕਿ ਅਕਾਲੀ ਲੀਡਰਸ਼ਿਪ ਨੇ ਇਸ ਪਵਿੱਤਰ ਦਰ ਵੱਲ ਨੂੰ ਰੋਸ ਮਾਰਚ ਕੀਤਾ ਹੈ। ਰੋਸ ਮਾਰਚ ਉਹਨਾਂ ਵੱਲ ਕੀਤਾ ਜਾਂਦਾ ਹੈ ਜਿਨ੍ਹਾਂ ਪ੍ਰਤੀ ਰੋਸ ਹੋਵੇ। ਕੀ ਬਾਦਲਕੇ ਅਕਾਲੀਆਂ ਨੂੰ ਸ੍ਰੀ ਅਕਾਲ ਤਖ਼ਤ ਪ੍ਰਤੀ ਕੋਈ ਰੋਸ ਹੈ? ਹਰਿਆਣਾ ਕਮੇਟੀ ਪ੍ਰਤੀ ਹਾਰ ਸੁਪਰੀਮ ਕੋਰਟ ’ਚ ਹੋਈ, ਕੀ ਰੋਸ ਵਿਖਾਵਿਆਂ ਦਾ ਕੋਈ ਅਸਰ ਨਿਆਂ ਪ੍ਰਣਾਲੀ ’ਤੇ ਪਵੇਗਾ? ਜੇ ਇਹ ਵਰਤਾਰਾ ਸਿਆਸਤ ਤੋਂ ਪ੍ਰੇਰਿਤ ਹੈ ਤਾਂ ਰੋਸ ਸਰਕਾਰਾਂ ਪ੍ਰਤੀ ਹੋਵੇ, ਪੰਥ ਦੀ ਸਿਰਮੌਰ ਸੰਸਥਾ ਵੱਲ ਰੋਸ ਮਾਰਚ ਵਰਗਾ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲਾ ਕਦਮ ਕਿਧਰ ਦੀ ਪੰਥ ਪ੍ਰਸਤੀ ਹੈ?

ਭਾਜਪਾ ਆਗੂ ਨੇ ਕਿਹਾ ਕਿ ਪੰਥਕ ਰਵਾਇਤਾਂ, ਮਰਿਆਦਾ ਤੇ ਸਿੱਖੀ ਸਿਧਾਂਤਾਂ ਤੋਂ ਪੂਰੀ ਤਰਾਂ ਜਾਣੂ ਹੋਣ ਦੇ ਬਾਵਜੂਦ ਮੁਆਫ਼ੀ ਮੰਗਣ ਵਾਲਿਆਂ ਨੂੰ ਮੁਆਫ਼ੀ ਨਾ ਦੇਣ ਦੇਣ ਪਰ ਸੌਦਾ ਸਾਧ ਨੂੰ ਬਿਨ ਮੰਗਿਆ ਮੁਆਫ਼ੀ ਦਿਵਾਉਣ, ਬੇਅਦਬੀ ਦੇ ਮਾਮਲਿਆਂ ’ਚ ਸ੍ਰੀ ਅਕਾਲ ਤਖ਼ਤ ਉੱਤੇ ਤਲਬ ਕੀਤੇ ਜਾਣ ਦੀ ਅਪੀਲ ’ਤੇ ਗ਼ਲਤੀਆਂ ਦੱਸੇ ਬਿਨਾ ਅਤੇ ਪੰਜ ਪਿਆਰਿਆਂ ਕੋਲ ਪੇਸ਼ ਹੋਏ ਬਿਨਾ ਭੁੱਲਾਂ ਬਖ਼ਸ਼ਾਉਣ ਦੀ ਸਿਆਸਤ ਕਰਨ ਵਾਲੇ ਅਕਾਲੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਰੋਸ ਮਾਰਚ ਦੀ ਇਕ ਨਵੀਂ ਪਰ ਗ਼ਲਤ ਪਿਰਤ ਪਾਉਣ ਦੀ ਕਦਾਚਿਤ ਕਿਸੇ ਨੂੰ ਆਸ ਨਹੀਂ ਸੀ।

ਉਹਨਾਂ ਕਿਹਾ ਕਿ ਇਸ ਪ੍ਰਤੀ ਅਕਾਲੀਆਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਪਿਛਲੀ ਤਕਰੀਬਨ ਇੱਕ ਸਦੀ ਦੌਰਾਨ ਪੰਜਾਬ ਦੇ ਵਸਨੀਕਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਸ਼ਾਨਮੱਤਾ ਇਤਿਹਾਸ ਦੇਖਿਆ ਹੈ ਪਰ ਪਿਛਲੇ ਕੁਝ ਸਮੇਂ ਤੋਂ ਅਕਾਲੀ ਸਿਆਸਤ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ। ਗ਼ਲਤ ਨੀਤੀਆਂ ਕਾਰਨ ਬਹੁਤ ਤੇਜ਼ੀ ਨਾਲ ਖੋਰਾ ਲੱਗਾ ਹੈ। ਗੁਰਬਾਣੀ ਦੇ ਸਾਂਝੀਵਾਲਤਾ ਦੇ ਸਿਧਾਂਤ ਨੂੰ ਪ੍ਰਣਾਈ ਪਾਰਟੀ ਵੱਲੋਂ ਦੇਸ਼ ਨੂੰ ਸਹੀ ਰੂਪ ਵਿਚ ਫੈਡਰਲ ਬਣਾਉਣ ਦਾ ਝੰਡਾ ਬੁਲੰਦ ਰੱਖਿਆ ਗਿਆ ਸੀ ਅੱਜ ਹਰਿਆਣਾ ਕਮੇਟੀ ਦਾ ਗੈਰ ਸਿਧਾਂਤਕ ਵਿਰੋਧ ਕੀਤੀ ਜਾ ਰਿਹਾ ਹੈ। ਲੋਕਾਂ ਲਈ ਜੇਲ੍ਹ ਕੱਟਣਾ ਜਾਂ ਕੁਰਬਾਨੀ ਕਰਨ ਨੂੰ ਪਹਿਲ ਦੇਣ ਵਾਲੇ ਸਾਦ-ਮੁਰਾਦੇ ਇਖ਼ਲਾਕੀ ਜਥੇਦਾਰਾਂ ਦੀ ਪਾਰਟੀ ’ਚ ਸਾਬਤ ਸੂਰਤ ਗੁਰਸਿੱਖਾਂ ਦੀ ਭਾਲ ਇਕ ਵੱਡੀ ਚੁਣੌਤੀ ਬਣ ਚੁੱਕੀ ਹੈ