ਸਿਹਤ ਮੰਤਰੀ ਨੇ 15 ਕਰੋੜ ਦੀ ਲਾਗਤ ਵਾਲੀ ਸਪੈਕਟ-ਸੀ ਟੀ ਅਤੇ ਪੈਟ-ਸੀ ਟੀ ਖ਼ਰੀਦਣ ਦੀ ਦਿਤੀ ਪ੍ਰਵਾਨਗੀ
ਸਿਹਤ ਮੰਤਰੀ ਨੇ 15 ਕਰੋੜ ਦੀ ਲਾਗਤ ਵਾਲੀ ਸਪੈਕਟ-ਸੀ ਟੀ ਅਤੇ ਪੈਟ-ਸੀ ਟੀ ਖ਼ਰੀਦਣ ਦੀ ਦਿਤੀ ਪ੍ਰਵਾਨਗੀ
ਚੰਡੀਗੜ੍ਹ, 6 ਅਕਤੂਬਰ (ਭੁੱਲਰ): ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਹੋਮੀ ਭਾਬਾ ਕੈਂਸਰ ਹਸਪਤਾਲ, ਸੰਗਰੂਰ ਲਈ 15 ਕਰੋੜ ਰੁਪਏ ਦੀ ਲਾਗਤ ਵਾਲੀ ਨਵੀਂ ਸਿੰਗਲ ਫ਼ੋਟੋਨ ਐਮੀਸਨ ਕੰਪਿਊਟਿਡ ਟੋਮੋਗ੍ਰਾਫ਼ੀ (ਸਪੈਕਟ-ਸੀਟੀ) ਅਤੇ ਪੋਜੀਟਰੋਨ ਐਮੀਸਨ ਟੋਮੋਗ੍ਰਾਫ਼ੀ (ਪੀ.ਈ.ਟੀ.-ਸੀ.ਟੀ.) ਖ਼ਰੀਦਣ ਦੀ ਪ੍ਰਵਾਨਗੀ ਦੇ ਦਿਤੀ ਹੈ | ਇਹ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਦਸਿਆ ਕਿ ਸੂਬਾ ਸਰਕਾਰ ਪੰਜਾਬ ਭਰ ਵਿਚ ਅਤਿ-ਆਧੁਨਿਕ ਹੈਲਥ ਕੇਅਰ ਅਤੇ ਡਾਇਗਨੌਸਟਿਕ ਸੁਵਿਧਾਵਾਂ ਬਣਾਉਣ ਅਤੇ ਮੁਹਈਆ ਕਰਵਾਉਣ ਦਾ ਪੱਕਾ ਸੰਕਲਪ ਰਖਦੀ ਹੈ | ਉਨ੍ਹਾਂ ਕਿਹਾ ਕਿ 100 ਆਮ ਆਦਮੀ ਕਲੀਨਿਕ ਵੀ ਸੂਬੇ ਦੇ ਲੋਕਾਂ ਨੂੰ ਸਮਰਪਤ ਕੀਤੇ ਗਏ ਸਨ, ਜਿਥੇ ਕੋਈ ਵੀ ਵਿਅਕਤੀ ਅਪਣੇ ਘਰ ਦੇ ਆਸ-ਪਾਸ ਸਿਹਤ ਸੇਵਾਵਾਂ ਮੁਫ਼ਤ ਪ੍ਰਾਪਤ ਕਰ ਸਕਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਦੇ ਹੋਰਨਾਂ ਹਿੱਸਿਆਂ ਵਿਚ ਵੀ ਅਜਿਹੇ ਹੋਰ ਕਲੀਨਿਕ ਜਲਦੀ ਹੀ ਸੁਰੂ ਕੀਤੇ ਜਾਣਗੇ | ਸ. ਜੌੜਾਮਾਜਰਾ ਨੇ ਦਸਿਆ ਕਿ ਹੋਮੀ ਭਾਬਾ ਕੈਂਸਰ ਹਸਪਤਾਲ, ਸੰਗਰੂਰ ਲਈ ਏ.ਐਮ.ਸੀ./ਸੀ.ਐਮ.ਸੀ. ਨੂੰ 7.50 ਕਰੋੜ ਰੁਪਏ ਦੀ ਵਾਧੂ ਲਾਗਤ ਨਾਲ ਖ਼ਰੀਦਣ ਦੀ ਵੀ ਪ੍ਰਵਾਨਗੀ ਦਿਤੀ ਗਈ ਹੈ |