ਲੋਕ ਨਿਰਮਾਣ ਮੰਤਰੀ ਨੇ ਤਰਸ ਦੇ ਆਧਾਰ ‘ਤੇ 15 ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਏਜੰਸੀ

ਖ਼ਬਰਾਂ, ਪੰਜਾਬ

- ਹਰਭਜਨ ਸਿੰਘ ਈਟੀਓ ਨੇ ਨਵੇਂ ਭਰਤੀ ਹੋਏ ਉਮੀਦਵਾਰਾਂ ਨੂੰ ਦਿੱਤੀ ਵਧਾਈ

The Minister of Public Works handed over appointment letters to 15 candidates on the basis of compassion

 

ਚੰਡੀਗੜ : ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਵਿੱਚ 15 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਹ ਨੌਕਰੀਆਂ ਤਰਸ ਦੇ ਆਧਾਰ ‘ਤੇ ਗਰੇਡ-3 ਅਤੇ ਗਰੇਡ-4 ਦੀਆਂ ਅਸਾਮੀਆਂ ਲਈ ਦਿੱਤੀਆਂ ਗਈਆਂ ਹਨ।

ਮੰਤਰੀ ਨੇ ਨਵੇਂ ਭਰਤੀ ਹੋਏ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਉਨਾਂ ਨੂੰ ਸੂਬੇ ਦੇ ਲੋਕਾਂ ਦੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਮੰਤਰੀ ਨੂੰ  ਇਸ ਬਾਰੇ ਜਾਣੂ ਕਰਵਾਉਣ ਕਿ ਕੁਝ ਉਮੀਦਵਾਰ ਅਜੇ ਵੀ ਪੜਾਈ ਕਰ ਰਹੇ ਹਨ, ਉਨਾਂ ਨੇ ਉਮੀਦਵਾਰਾਂ ਨੂੰ ਅੱਗੇ ਆਪਣੀ ਪੜਾਈ ਪੂਰੀ ਕਰਨ ਲਈ ਵੀ ਪ੍ਰੇਰਿਤ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਪੂਰੀ ਤਰਾਂ ਵਚਨਬੱਧ ਹੈ।

ਉਨਾਂ ਦੱਸਿਆ ਕਿ 201 ਜੂਨੀਅਰ ਇੰਜਨੀਅਰ (ਸਿਵਲ), 184 ਜੂਨੀਅਰ ਕ੍ਰਾਫਟਸਮੈਨ ਅਤੇ 18 ਜੂਨੀਅਰ ਇੰਜਨੀਅਰ (ਇਲੈਕਟ੍ਰੀਕਲ) ਸਮੇਤ ਘੱਟੋ-ਘੱਟ 403 ਮੁਲਾਜਮਾਂ ਦੀ ਭਰਤੀ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਜਲਦ ਹੀ ਉਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਵਿਭਾਗ ਵਿੱਚ ਤਰਸ ਦੇ ਆਧਾਰ ‘ਤੇ ਨੌਕਰੀਆਂ ਨਾਲ ਸਬੰਧਤ ਸਾਰੇ ਬਕਾਇਆ ਕੇਸਾਂ ਨੂੰ ਪਹਿਲ ਦੇ ਆਧਾਰ ‘ਤੇ ਨਿਪਟਾਇਆ ਗਿਆ ਹੈ। ਵਿਭਾਗ ਵਿੱਚ ਹੁਣ ਤੱਕ 33 ਉਮੀਦਵਾਰਾਂ ਨੂੰ ਤਰਸ ਦੇ ਆਧਾਰ ‘ਤੇ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ।