ਇਟਲੀ ’ਚ ਹਾਦਸੇ ’ਚ ਮਾਰੇ ਗਏ 4 ਪੰਜਾਬੀ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਦੀ ਵਾਪਸੀ ਲਈ ਬਲਵੀਰ ਸਿੰਘ ਸੀਚੇਵਾਲ ਵੱਲੋਂ ਵਿਦੇਸ਼ ਮੰਤਰੀ ਤੱਕ ਪਹੁੰਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਟਲੀ ਵਿੱਚ ਸੜਕ ਹਾਦਸੇ ਦੌਰਾਨ ਮਾਰੇ ਗਏ ਸਨ 4 ਨੌਜਵਾਨ

Balbir Singh Seechewal approaches Foreign Minister for return of bodies of 4 Punjabi youths killed in accident in Italy

ਸੁਲਤਾਨਪੁਰ ਲੋਧੀ: ਇਟਲੀ ਵਿੱਚ ਹੋਏ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਮ੍ਰਿਤਕ ਨੌਜਵਾਨਾਂ ਦੀਆਂ ਦੇਹਾਂ ਦੀ ਵਾਪਸੀ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰੀ ਐਸ.ਜੇ. ਸ਼ੰਕਰ ਨਾਲ ਸੰਪਰਕ ਕੀਤਾ ਹੈ।

ਗ਼ੌਰਤਾਲਬ ਹੈ ਕਿ 5 ਅਕਤੂਬਰ ਨੂੰ ਇਟਲੀ ਵਿੱਚ ਇੱਕ ਕਾਰ ਅਤੇ ਟਰੱਕ ਦੇ ਦਰਮਿਆਨ ਇੱਕ ਭਿਆਨਕ ਟੱਕਰ ਹੋਈ ਸੀ, ਜਿਸ ਵਿੱਚ ਚਾਰ ਪੰਜਾਬੀ ਨੌਜਵਾਨ ਮੌਕੇ 'ਤੇ ਹੀ ਮਾਰੇ ਗਏ। ਮ੍ਰਿਤਕਾਂ ਦੀ ਪਛਾਣ ਹਰਵਿੰਦਰ ਸਿੰਘ (ਘੋੜਾਬਾਹੀ), ਸੁਰਜੀਤ ਸਿੰਘ (ਪਿੰਡ ਮੇਦਾ), ਮਨੋਜ ਕੁਮਾਰ (ਆਦਮਪੁਰ) ਅਤੇ ਜਸਕਰਨ ਸਿੰਘ (ਜਿਲ੍ਹਾ ਰੋਪੜ) ਵਜੋਂ ਹੋਈ ਸੀ।

ਹਰਵਿੰਦਰ ਸਿੰਘ ਅਤੇ ਸੁਰਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ਨਾਲ ਸੰਪਰਕ ਕੀਤਾ ਸੀ। ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ, ਸੰਤ ਸੀਚੇਵਾਲ ਨੇ ਚਾਰੋਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਭਾਰਤ ਮੰਗਵਾਉਣ ਲਈ ਪੂਰੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।

ਪਿੰਡ ਮੇਦਾ ਤੋਂ ਆਏ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਸੁਰਜੀਤ ਸਿੰਘ ਦਸੰਬਰ 2024 ਵਿੱਚ ਇਟਲੀ ਗਿਆ ਸੀ। ਉਨ੍ਹਾਂ ਕੋਲ ਸਿਰਫ ਤਿੰਨ ਏਕੜ ਜ਼ਮੀਨ ਸੀ, ਜਿਸ 'ਤੇ ਉਹ ਅਤੇ ਉਸਦੇ ਦੋ ਹੋਰ ਭਰਾ ਆਪਸ ਵਿੱਚ ਕੰਮ ਕਰਕੇ ਜੀਵਨ-ਯਾਪਨ ਕਰ ਰਹੇ ਸਨ। ਛੋਟੇ ਕਿਸਾਨ ਹੋਣ ਕਰਕੇ ਉਹਨਾਂ ਦੀ ਆਮਦਨ ਕਾਫੀ ਘੱਟ ਸੀ, ਜਿਸ ਕਰਕੇ ਸੁਰਜੀਤ ਸਿੰਘ ਨੇ ਪਹਿਲਾਂ ਦੁਬਈ ਜਾ ਕੇ ਕੰਮ ਕੀਤਾ ਸੀ, ਪਰ ਉਥੇ ਵੀ ਕੰਮ ਨਹੀਂ ਬਣਿਆ, ਜਿਸ ਕਰਕੇ ਉਸਨੇ 9 ਮਹੀਨੇ ਪਹਿਲਾਂ ਇਟਲੀ ਦਾ ਰੁਖ ਕੀਤਾ ਸੀ।

ਘੋੜਾਬਾਹੀ ਦੇ ਰਹਿਣ ਵਾਲੇ ਸੁਰਜੀਤ ਸਿੰਘ ਦੇ ਭਰਾ ਨੇ ਦੱਸਿਆ ਕਿ ਉਹਨਾਂ ਹਰਵਿੰਦਰ ਸਿੰਘ ਨੂੰ ਸਾਢੇ ਚਾਰ ਲੱਖ ਦਾ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਤਾਂ ਜੋ ਘਰ ਦੀ ਗਰੀਬੀ ਚੁੱਕੀ ਜਾ ਸਕੇ। ਉਹ ਇਟਲੀ ਵਿੱਚ ਬਰੌਕਲੀ ਤੋੜਨ ਦਾ ਕੰਮ ਕਰਦਾ ਸੀ, ਪਰ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੇ ਪਿਤਾ ਕੈਂਸਰ ਨਾਲ ਪਿਛਲੇ 6 ਸਾਲਾਂ ਪੀੜਤ ਹਨ, ਅਤੇ ਪਿਤਾ ਮਗਰੋਂ ਘਰ ਵਿੱਚ ਕਮਾਉਣ ਵਾਲਾ ਕੇਵਲ ਹਰਵਿੰਦਰ ਹੀ ਸੀ। ਸੜਕ ਦੁਰਘਟਨਾ ਵਿੱਚ ਉਸ ਦੀ ਮੌਤ ਹੋ ਜਾਣ ਦੀ ਖ਼ਬਰ ਨੇ ਸਾਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਲੰਘੀ ਰਾਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ਰਾਬਤਾ ਕਾਇਮ ਕੀਤਾ ਸੀ ਤੇ ਹਰਵਿੰਦਰ ਸਿੰਘ ਦੀ ਮ੍ਰਿਥਕ ਦੇਹ ਵਾਪਸ ਮੰਗਵਾਉਣ ਲਈ ਕਿਹਾ ਸੀ।