ਪਿੰਡ ਸਿੰਗੋ ਦੇ ਖੇਤਾਂ ’ਚੋਂ NRI ਨੌਜਵਾਨ ਦੀ ਮਿਲੀ ਲਾਸ਼
ਪਰਿਵਾਰਕ ਮੈਂਬਰਾਂ ਨੇ ਕਤਲ ਦਾ ਪ੍ਰਗਟਾਇਆ ਸ਼ੱਕ
ਤਲਵੰਡੀ ਸਾਬੋ: ਸਭ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸਿੰਗੋ ਦੇ ਖੇਤਾਂ ਵਿੱਚੋਂ ਦੋ ਮਹੀਨੇ ਪਹਿਲਾਂ ਆਏ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਲਾਸ਼ ਦਾ ਪਤਾ ਲੱਗਦਿਆਂ ਹੀ ਤਲਵੰਡੀ ਸਾਬੋ ਪੁਲਿਸ ਮੌਕੇ ਤੇ ਪੁੱਜ ਗਈ ਜਿਨਾਂ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲਾ ਹਸਪਤਾਲ ਵਿੱਚ ਭੇਜ ਦਿੱਤਾ ਹੈ, ਪਰਿਵਾਰਿਕ ਮੈਂਬਰਾਂ ਨੇ ਕਤਲ ਦਾ ਸ਼ੱਕ ਜਾਹਿਰ ਕੀਤਾ ਹੈ। ਜਦੋਂ ਕਿ ਤਲਵੰਡੀ ਸਾਬੋ ਪੁਲਿਸ ਨੇ ਪਿੰਡ ਦੇ ਤਿੰਨ ਲੋਕਾਂ ਅਤੇ ਇੱਕ ਮੈਡੀਕਲ ਸਟੋਰ ਮਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਪਿੰਡ ਸਿੰਗੋ ਦਾ ਨੌਜਵਾਨ ਰਣਦੀਪ ਸਿੰਘ ਜੋ ਕਿ ਤਿੰਨ ਸਾਲ ਪਹਿਲਾਂ ਵਿਦੇਸ਼ ਗਿਆ ਹੋਇਆ ਸੀ ਅਤੇ ਹੁਣ ਦੋ ਮਹੀਨੇ ਤੋਂ ਤਿੰਨ ਮਹੀਨੇ ਦੀ ਛੁੱਟੀ ਲਈ ਵਾਪਸ ਆਇਆ ਹੋਇਆ ਸੀ, ਮ੍ਰਿਤਕ ਨੌਜਵਾਨ ਬੀਤੇ ਦਿਨ ਘਰੇ ਤੋਂ ਕਟਿੰਗ ਕਰਾਉਣ ਲਈ ਆਪਣੇ ਮੋਟਰਸਾਈਕਲ ਤੇ ਗਿਆ ਸੀ ਪਰ ਵਾਪਸ ਨਹੀਂ ਆਇਆ ਅਤੇ ਉਸਦਾ ਫੋਨ ਵੀ ਬਾਅਦ ਵਿੱਚ ਬੰਦ ਆ ਰਿਹਾ ਸੀ। ਪਰ ਅੱਜ ਉਸਦੀ ਲਾਸ਼ ਸਵੇਰੇ ਖੇਤਾਂ ਵਿੱਚ ਮਿਲੀ ਜਿਸ ਦਾ ਪਤਾ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨਾਂ ਨੂੰ ਲੱਗਿਆ ਜਿਨਾਂ ਨੇ ਤੁਰੰਤ ਇਸ ਦੀ ਸੂਚਨਾ ਪਰਿਵਾਰਿਕ ਮੈਂਬਰਾਂ ਅਤੇ ਪੁਲਿਸ ਨੂੰ ਦਿੱਤੀ, ਪੁਲਿਸ ਨੇ ਮੌਕੇ ਤੇ ਪੁੱਜ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਭੇਜ ਦਿੱਤਾ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦੇ ਭਰਾ ਦਾ ਪਿੰਡ ਦੇ ਕੁਝ ਲੋਕਾਂ ਨੇ ਕਤਲ ਕੀਤਾ ਹੈ ਜਿੰਨਾ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਉਸਨੇ ਦੱਸਿਆ ਕਿ ਉਸ ਦਾ ਭਰਾ ਵਿਦੇਸ਼ ਤੋਂ ਤਿੰਨ ਮਹੀਨੇ ਦੀ ਛੁੱਟੀ ਆਇਆ ਸੀ ਅਤੇ ਦੋ ਮਹੀਨੇ ਹੋ ਚੁੱਕੇ ਸਨ ਇੱਕ ਮਹੀਨਾ ਬਾਕੀ ਰਹਿ ਗਿਆ ਸੀ ਜਿਸ ਤੋਂ ਬਾਅਦ ਉਸਨੇ ਵਿਦੇਸ਼ ਵਾਪਸ ਜਾਣਾ ਸੀ। ਉਸ ਨੂੰ ਕੁਝ ਨਸ਼ੇੜੀ ਕਿਸਮ ਦੇ ਨੌਜਵਾਨ ਨਾਲ ਲੈ ਕੇ ਗਏ ਸਨ ਜਿਨਾਂ ਨੇ ਉਸਦਾ ਕਥਿਤ ਤੌਰ ਤੇ ਕਤਲ ਕੀਤਾ ਹੈ। ਪਰਿਵਾਰਿਕ ਮੈਂਬਰਾਂ ਨੇ ਹੁਣ ਇਨਸਾਫ ਦੀ ਮੰਗ ਕੀਤੀ ਹੈ
ਉਧਰ ਦੂਜੇ ਪਾਸੇ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਦਾਦੇ ਦੇ ਬਿਆਨ ਤੇ ਪਿੰਡ ਦੇ ਤਿੰਨ ਨੌਜਵਾਨਾਂ ਅਤੇ ਇੱਕ ਮੈਡੀਕਲ ਸਟੋਰ ਮਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਡੀਐਸਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਮ੍ਰਿਤਕ ਨੂੰ ਪਿੰਡ ਦੇ ਕੁਝ ਨੌਜਵਾਨ ਨਾਲ ਲੈ ਗਏ ਸਨ ਜਿਨਾਂ ਨੇ ਕਥਿਤ ਤੌਰ ਤੇ ਨੌਜਵਾਨ ਨੂੰ ਨਸ਼ੇ ਦੀ ਵੱਧ ਡੋਜ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ, ਉਹਨਾਂ ਦੱਸਿਆ ਕਿ ਕਥਿਤ ਆਰੋਪੀਆਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਕਥਿਤ ਆਰੋਪੀਆ ਨੂੰ ਕਾਬੂ ਕਰ ਲਿਆ ਜਾਵੇਗਾ। ਦੱਸਣਾ ਬਣਦਾ ਹੈ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਦੋਵੇਂ ਭਰਾਵਾਂ ਦੀ ਪਾਲਣ ਪੋਸ਼ਣ ਉਸਦੀ ਮਾਤਾ ਉਸਦੇ ਦਾਦੇ ਵੱਲੋਂ ਕੀਤਾ ਗਿਆ ਹੈ।