ਪੰਜਾਬ ਭਾਜਪਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਹੜ੍ਹਾਂ ਬਾਰੇ ਉਠਾਏ ਸਵਾਲ
ਹੜ੍ਹਾਂ ਬਾਰੇ ਚਾਰਜਸ਼ੀਟ ਕੀਤੀ ਜਾਰੀ
ਚੰਡੀਗੜ੍ਹ : ਸਾਲ 2025 ਦੀ ਤਬਾਹਕੁਨ ਹੜ੍ਹ ਨੇ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੀ ਹੜ੍ਹ ਤੋਂ ਪਹਿਲਾਂ ਬਚਾਅ ਕਰਨ, ਹੜ੍ਹ ਦੌਰਾਨ ਸਹਾਇਤਾ ਦੇਣ ਅਤੇ ਹੜ੍ਹ ਤੋਂ ਬਾਅਦ ਪੁਨਰਵਾਸ ਯਕੀਨੀ ਬਣਾਉਣ ਵਿੱਚ ਭਾਰੀ ਨਾਕਾਮੀ ਨੂੰ ਬੇਨਕਾਬ ਕਰ ਦਿੱਤਾ ਹੈ। ਇਹ ਦੋਸ਼ ਪੰਜਾਬ ਭਾਰਤੀ ਜਨਤਾ ਪਾਰਟੀ ਦੀ ਚਾਰਜਸ਼ੀਟ ਵਿੱਚ ਲਗਾਏ ਗਏ ਹਨ, ਜਿਸਨੂੰ ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਾਰਟੀ ਮੁੱਖ ਦਫ਼ਤਰ, ਚੰਡੀਗੜ੍ਹ ਵਿੱਚ ਜਾਰੀ ਕੀਤੀ ।
ਸ਼ਰਮਾ ਨੇ ਕਿਹਾ, “ਵਾਰ–ਵਾਰ ਚੇਤਾਵਨੀਆਂ, ਮਾਹਿਰਾਂ ਦੀਆਂ ਰਿਪੋਰਟਾਂ ਅਤੇ ਕੇਂਦਰ ਵੱਲੋਂ ਕਈ ਹਜ਼ਾਰ ਕਰੋੜ ਦੇ ਫੰਡ ਦਿੱਤੇ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਆਪਣੇ ਲੋਕਾਂ ਦੀ ਰੱਖਿਆ ਕਰਨ ਜਾਂ, ਪ੍ਰਭਾਵਸ਼ਾਲੀ ਢੰਗ ਨਾਲ ਸਹਾਇਤਾ ਦੇਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ।” ਇਸ ਮੌਕੇ ‘ਤੇ ਸੂਬਾ ਮੀਤ ਪ੍ਰਧਾਨ ਬਿਕਰਮ ਸਿੰਘ ਚੀਮਾ, ਡਾ. ਸੁਭਾਸ਼ ਸ਼ਰਮਾ ਅਤੇ ਸਟੇਟ ਮੀਡੀਆ ਹੈੱਡ ਵਿਨੀਤ ਜੋਸ਼ੀ ਵੀ ਮੌਜੂਦ ਸਨ।
ਉਹਨਾਂ ਨੇ ਕਿਹਾ ਕਿ 2023 ਦੇ ਹੜ੍ਹਾਂ ਤੋਂ “ਆਪ” ਸਰਕਾਰ ਨੇ ਕੋਈ ਸਬਕ ਨਹੀਂ ਲਿਆ । “ਨਾ ਤਾਂ ਕੋਈ ਜਾਂਚ ਪੂਰੀ ਹੋਈ ਅਤੇ ਨਾ ਹੀ ਅਹਿਮ ਸਿਫਾਰਸ਼ਾਂ ਨੂੰ ਲਾਗੂ ਕੀਤਾ ਗਿਆ। ਮੌਸਮ ਵਿਭਾਗ ਦੀਆਂ ਸ਼ੁਰੂਆਤੀ ਚੇਤਾਵਨੀਆਂ ਦੇ ਬਾਵਜੂਦ ‘ਆਪ’ ਸਰਕਾਰ ਨੇ ਬਚਾਵ ਵਾਸਤੇ ਕੋਈ ਠੋਸ ਕਦਮ ਨਹੀਂ ਚੁਕੇ। ਮੁੱਖ ਮੰਤਰੀ ਭਗਵੰਤ ਮਾਨ ਸੂਬੇ ਤੋਂ ਬਾਹਰ ਦੌਰਿਆਂ ’ਚ ਰੁੱਝੇ ਰਹੇ ਜਦਕਿ ਪੰਜਾਬ ਹੜ੍ਹਾਂ ਕਰਕੇ ਡੁੱਬ ਰਿਹਾ ਸੀ।”
ਉਹਨਾਂ ਨੇ ਨਦੀਆਂ ਦੇ ਤੱਟਬੰਧਾਂ, ਹੈਡਵਰਕਸ ਅਤੇ ਦਰਿਆਵਾਂ ਦੀ ਭਿਆਨਕ ਬੇਇੰਤਜ਼ਾਮੀ ਦਾ ਉਦਾਹਰਨ ਦਿੱਤਾ। “ਕਈ ਰਿਪੋਰਟਾਂ ਨੇ ਪੰਜਾਬ ਦੇ ਦਰਿਆਵਾਂ ਦੇ 133 ਕਮਜ਼ੋਰ ਬਿੰਦੂਆਂ ਦੀ ਪਛਾਣ ਕੀਤੀ ਸੀ। ਤੁਰੰਤ ਕਦਮ ਚੁੱਕਣ ਦੀ ਬਜਾਏ ਸਰਕਾਰ ਨੇ ਦਰਿਆਵਾਂ ਦੇ ਕਿਨਾਰਿਆਂ ‘ਤੇ ਗੈਰਕਾਨੂੰਨੀ ਖਣਨ ਨੂੰ ਨਹੀਂ ਰੋਕਿਆ , ਜਿਸ ਨਾਲ ਤੱਟਬੰਧ ਕਮਜ਼ੋਰ ਹੋਏ ਅਤੇ ਵੱਡੇ ਪੈਮਾਣੇ ‘ਤੇ ਟੁੱਟ ਗਏ।”
ਸ਼ਰਮਾ ਨੇ ਅੱਗੇ ਕਿਹਾ, “ਮਾਧੋਪੁਰ ਫਲੱਡਗੇਟ, ਜਿਨ੍ਹਾਂ ਦੀ ਖਰਾਬ ਹਾਲਤ ਦੇ ਬਾਵਜੂਦ ਝੂਠੇ ਤੌਰ ’ਤੇ ‘ਸੁਰੱਖਿਅਤ’ ਦੱਸਿਆ ਗਿਆ, ਦੇ ਡਿੱਗਣ ਨਾਲ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਭਿਆਨਕ ਤਬਾਹੀ ਹੋਈ ਅਤੇ ਹਜ਼ਾਰਾਂ ਪਰਿਵਾਰ ਬਰਬਾਦ ਹੋ ਗਏ।
ਉਹਨਾਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਹੜ੍ਹ ਤੋਂ ਪਹਿਲਾਂ ਬਚਾਅ ਕਰਨ, ਹੜ੍ਹ ਦੌਰਾਨ ਰਾਹਤ ਤੇ ਹੜ੍ਹਾਂ ਤੋਂ ਬਾਅਦ ਪੁਨਰਵਾਸ ਲਈ ਦਿੱਤੇ ਗਏ ₹12,500 ਕਰੋੜ ਐਸ.ਡੀ.ਆਰ.ਐਫ. ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਖੁਰਦ ਪੁਰਦ ਕਰ ਦਿੱਤਾ।
ਸ਼ਰਮਾ ਨੇ ਕਿਹਾ, “ਸਰਕਾਰ ਦੇ ਰਾਹਤ ਕਾਰਜ ਸਿਰਫ਼ ਚੋਣ ਪ੍ਰਚਾਰ ਸਟੰਟ ਬਣ ਕੇ ਰਹਿ ਗਏ — ਅਸਲ ਕੰਮ ਦੀ ਥਾਂ ਫੋਟੋ ਖਿੱਚਵਾਉਣ ਨੂੰ ਤਰਜੀਹ ਦਿੱਤੀ ਗਈ। ਕਿਸ਼ਤੀਆਂ, ਰਾਹਤ ਸਮੱਗਰੀ ਅਤੇ ਡਾਕਟਰੀ ਸਹਾਇਤਾ ਦੀ ਗੰਭੀਰ ਘਾਟ ਸੀ। ਮੁੱਖ ਮੰਤਰੀ ਦਾ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਤੋਂ ਗੁੰਮ ਰਹਿਣਾ ਅਤੇ ਲਗਾਤਾਰ ਕੇਂਦਰ ’ਤੇ ਉਂਗਲ ਚੱਕਣਾ, ਭਗਵੰਤ ਮਾਨ ਦੇ ਪੰਜਾਬ ਦੇ ਪ੍ਰਤੀ ਗੈਰ-ਸੰਜੀਦਾ ਰਵੱਈਏ ਨੂੰ ਉਜਾਗਰ ਕਰਦਾ ਹੈ।”
ਅਖੀਰ ’ਚ ਉਹਨਾਂ ਨੇ ਕਿਹਾ ਕਿ , “ਪੰਜਾਬ ਨੂੰ ਜ਼ਿੰਮੇਵਾਰ, ਪਾਰਦਰਸ਼ੀ ਅਤੇ ਸੰਜੀਦਾ ਲੀਡਰਸ਼ਿਪ ਦੀ ਲੋੜ ਹੈ — ਨਾ ਕਿ ਅਜੇਹੇ ਆਗੂ ਦੀ, ਜੋ ਲੋਕਾਂ ਦੇ ਡੁੱਬਣ ’ਤੇ ਵੀ ਨਾਰਿਆਂ ਦੇ ਪਿੱਛੇ ਲੁਕਦਾ ਫਿਰੇ।”