ਰਾਣਾ ਗੁਰਮੀਤ ਸਿੰਘ ਸੋਢੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਨਵੀਂ ਦਿੱਲੀ ’ਚ ਕੀਤੀ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗ੍ਰਹਿ ਮੰਤਰੀ ਨੇ ਫਿਰੋਜ਼ਪੁਰ ’ਚ ਬਣਨ ਵਾਲੇ ਪੀ.ਜੀ.ਆਈ. ’ਚ ਜਲਦ ਓਪੀਡੀ ਸੇਵਾ ਸ਼ੁਰੂ ਕਰਨ ਦਾ ਦਿੱਤਾ ਭਰੋਸਾ

Rana Gurmeet Singh Sodhi met Union Home Minister Amit Shah in New Delhi.

ਫ਼ਿਰੋਜ਼ਪੁਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਭਾਜਪਾ ਆਗੂ ਰਾਣਾ ਸੋਢੀ ਵੱਲੋਂ ਮੁਲਾਕਾਤ ਕੀਤੀ ਅਤੇ ਉਨ੍ਹਾਂ ਪੰਜਾਬ ਨਾਲ ਜੁੜੇ ਅਹਿਮ ਮੁੱਦਿਆ ਬਾਰੇ ਵਿਚਾਰ ਵਟਾਂਦਰਾ ਕੀਤਾ। ਰਾਣਾ ਸੋਢੀ ਨੇ ਦੱਸਿਆ ਕਿ ਫਿਰੋਜ਼ਪੁਰ ਵਿਖੇ ਬਣਨ ਵਾਲੇ ਪੀ. ਜੀ. ਆਈ. ਹਸਪਤਾਲ ਨੂੰ ਜਲਦ ਨਿਰਮਾਣ ਦਾ ਉਨ੍ਹਾਂ ਵਿਸ਼ਵਾਸ ਦਿਵਾਇਆ। ਇਸ ਸਮੇਂ ਸਭ ਤੋਂ ਗੰਭੀਰ ਮੁੱਦਾ ਪੰਜਾਬ ਦੇ ਲੋਕਾਂ ਜਾਨ ਮਾਲ ਦੀ ਰਾਖੀ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਵਿਸ਼ਵਾਸ ਦਵਾਇਆ ਕੇ ਸਾਰੇ ਮਸਲੇ ਉਨ੍ਹਾਂ ਦੇ ਧਿਆਨ ’ਚ ਹਨ ਅਤੇ ਜਲਦੀ ਹੱਲ ਕੀਤੇ ਜਾਣਗੇ। ਰਾਣਾ ਸੋਢੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਹਿ ਮੰਤਰੀ ਪੰਜਾਬ ਨੂੰ ਲੈ ਕਿ ਕਾਫ਼ੀ ਗੰਭੀਰ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਹਰ ਦਰਦ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਲਈ ਕਈ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। 

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਇਸ ਕਰਕੇ ਇਸ ਦੀਆਂ ਸਮੱਸਿਆਵਾਂ ਵੀ ਅਲੱਗ ਹਨ। ਇਸ ਸਮੇ ਰਾਣਾ ਸੋਢੀ ਨੇ ਤਾਰੋਂ ਪਾਰ ਵੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਬਾਰੇ ਵੀ ਗ੍ਰਹਿ ਮੰਤਰੀ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਰਾਣਾ ਸੋਢੀ ਨੇ ਤਾਰੋਂ ਪਾਰ ਜਮੀਨ ’ਤੇ ਖੇਤੀ ਕਰਦੇ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਦੱਸੀਆਂ ਤੇ ਮੰਗ ਕੀਤੀ ਕਿ ਤਾਰਂੋ ਪਾਰ ਜਮੀਨ ਦੀ ਮਾਲਕੀ ਓਥੋਂ ਦੇ ਕਿਸਾਨਾਂ ਨੂੰ ਦਿੱਤੀ ਜਾਵੇ।

ਇਸ ਤੋਂ ਇਲਾਵਾ ਉਨ੍ਹਾਂ ਫਿਰੋਜ਼ਪੁਰ ਛਾਉਣੀ ਦੇ ਨੋਟੀਫਾਈਡ ਏਰੀਆ ਨੂੰ ਵਧਾਉਣ ਦੀ ਮੰਗ ਵੀ ਗ੍ਰਹਿ ਮੰਤਰੀ ਦੇ ਸਾਹਮਣੇ ਰੱਖੀ ਤੇ ਕਿਹਾ ਕੇ ਸਿਵਲ ਏਰੀਏ ਦੇ ਲੋਕਾਂ ਨੂੰ ਵਧ ਤੋਂ ਵੱਧ ਮਾਲਕੀ ਹੱਕ ਦਿੱਤੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਨੂੰਨ ਵਿਵਸਥਾ ਬਾਰੇ ਵੀ ਸਾਰੀ ਜਾਣਕਾਰੀ ਗ੍ਰਹਿ ਮੰਤਰੀ ਸਾਹਮਣੇ ਰੱਖੀ ਤੇ ਮੰਗ ਕੀਤੀ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕੇਂਦਰ ਸਰਕਾਰ ਇਸ ਵੱਲ ਵਿਸ਼ੇਸ਼ ਧਿਆਨ ਦੇਵੇ। ਉਨ੍ਹਾਂ ਨੇ ਪੰਜਾਬ ਵਿਚ ਅਰਧ ਸੈਨਿਕ ਬਲ ਤਾਇਨਾਤ ਕਰਨ ਦੀ ਮੰਗ ਵੀ ਰੱਖੀ ਕਿਉਂਕਿ ਪੰਜਾਬ ਵਿਚ ਇਸ ਸਮੇਂ  ਗੁੰਡਾਗਰਦੀ ਐਨੀ ਵੱਧ ਚੁੱਕੀ ਹੈ ਕੇ ਆਮ ਆਦਮੀ ਨੂੰ ਸੜਕਾਂ ’ਤੇ ਚੱਲਣਾ ਵੀ ਔਖਾ ਹੋਇਆ ਪਿਆ ਹੈ ਤੇ ਪੰਜਾਬ ਸਰਕਾਰ ਇਸ ਸਮੇਂ ਮੂਕ ਦਰਸ਼ਕ ਬਣੀ ਹੋਈ ਹੈ।  ਇਸ ਤੋਂ ਇਲਾਵਾ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਹੋਏ ਨੁਕਸਾਨ ਬਾਰੇ ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਵੇਰਵੇ ਨਾਲ ਦੱਸਦਿਆਂ ਮੰਗ ਕੀਤੀ ਕਿ ਪੰਜਾਬ ਵਿੱਚ ਹੋਏ ਫਸਲਾਂ ਦੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਕਰਵਾਉਣ ਅਤੇ ਕਿਸਾਨਾਂ ਨੂੰ ਮੁਆਵਜ਼ੇ ਦੀ ਰਾਸ਼ੀ ਜਾਰੀ ਕਰਨ। ਫਿਰੋਜ਼ਪੁਰ ਵਿੱਚ ਬਣ ਰਹੇ ਪੀ.ਜੀ.ਆਈ. ਹਸਪਤਾਲ ਨੂੰ ਜਲਦੀ ਬਣਾਉਣ ਅਤੇ ਹਸਪਤਾਲ ਦਾ ਜਲਦੀ ਤੋਂ ਜਲਦੀ ਉਦਘਾਟਨ ਕਰਨ ਤਾਂ ਜੋ ਆਮ ਲੋਕਾਂ ਨੂੰ ਬਿਹਤਰ ਇਲਾਜ ਲਈ ਦੂਰ ਦੁਰਾਡੇ ਨਾ ਜਾਣਾ ਪਵੇ। ਰਾਣਾ ਸੋਢੀ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਸਾਰੀਆਂ ਮੰਗਾਂ ਨੂੰ ਜਲਦੀ ਜਲਦੀ ਪੂਰਾ ਕਰਨ ਦਾ ਭਰੋਸਾ ਦਿਵਾਇਆ ।