ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਬਣੀ ਪ੍ਰਦਰਸ਼ਨੀ ਬੱਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਰਧਾਲੂਆਂ ਨੇ ਤਸਵੀਰਾਂ ਰਾਹੀਂ ਕੀਤੇ ਪੰਜਾਬ ਦੇ ਪ੍ਰਮੁੱਖ ਧਾਰਮਕ ਥਾਵਾਂ ਦੇ ਦਰਸ਼ਨ

Special exhibition bus of tourism department educating pilgrims through photos, videos

ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਬਾਬਾ ਨਾਨਕ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਵਿਖੇ ਸਥਾਪਤ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਨੇੜੇ ਖੜੀ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੀ ਪ੍ਰਦਰਸ਼ਨੀ ਬੱਸ ਸ਼ਰਧਾਲੂਆਂ 'ਚ ਖਿੱਚ ਦਾ ਕੇਂਦਰ ਬਣੀ ਹੋਈ ਹੈ, ਜਿਸ ਨੂੰ ਵੇਖਣ ਲਈ ਵੱਡੀ ਗਿਣਤੀ ਵਿਚ ਪਹੁੰਚ ਰਹੀ ਸੰਗਤ ਨੂੰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਸਮੇਤ ਹੋਰਨਾਂ ਧਾਰਮਿਕ ਮਹੱਤਤਾ ਵਾਲੇ ਅਸਥਾਨਾਂ ਦੀ ਜਾਣਕਾਰੀ ਨਾਲ ਭਰਪੂਰ ਕਿਤਾਬਚੇ ਵੀ ਮੁਫ਼ਤ ਵੰਡੇ ਜਾ ਰਹੇ ਹਨ।

ਇਸ ਬੱਸ ਵਿਚ ਪੰਜਾਬ ਦੇ ਪ੍ਰਮੱਖ ਧਾਰਮਕ ਅਸਥਾਨਾਂ ਦੀਆਂ ਤਸਵੀਰਾਂ ਸਜਾਈਆਂ ਗਈਆਂ ਹਨ ਅਤੇ ਸੂਬੇ ਦੀਆਂ ਸੈਰ-ਸਪਾਟੇ ਵਾਲੀਆਂ ਮੁੱਖ ਥਾਵਾਂ 'ਤੇ ਵੀ ਝਾਤ ਪੁਆਈ ਗਈ ਹੈ। ਜਿਥੇ ਤਸਵੀਰਾਂ ਰਾਹੀਂ ਸ੍ਰੀ ਹਰਮੰਦਿਰ ਸਾਹਿਬ, ਰਾਮ ਤੀਰਥ ਮੰਦਰ ਅਤੇ ਦੁਰਗਿਆਣਾ ਮੰਦਿਰ ਵਰਗੇ ਪਵਿੱਤਰ ਅਸਥਾਨਾਂ ਦੀ ਮਹਿਮਾ ਨੂੰ ਬਿਆਨ ਕੀਤਾ ਗਿਆ ਹੈ ਉਥੇ ਜਲਿਆਂਵਾਲੇ ਬਾਗ ਦੇ ਸਾਕੇ ਨੂੰ ਯਾਦ ਕਰਵਾਉਂਦੀ ਤਸਵੀਰ ਵੀ ਇਸ ਬੱਸ ਸ਼ਾਮਲ ਕੀਤੀ ਗਈ ਹੈ।

ਇਸ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਏ ਜਾਂਦੇ ਹੋਲੇ-ਮੁਹੱਲੇ, ਜੰਗੇ ਆਜ਼ਾਦੀ ਕਰਤਾਰਪੁਰ, ਵਾਰ ਹੀਰੋਜ਼ ਮੈਮੋਰੀਅਲ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਕਿਲਾ ਰਾਏਪੁਰ ਦੀਆਂ ਖੇਡਾਂ ਨਾਲ ਸਬੰਧਤ ਤਸਵੀਰਾਂ ਵੀ ਇਸ ਬੱਸ ਵਿਚ ਸ਼ਿੰਗਾਰੀਆਂ ਗਈਆਂ ਹਨ। ਇਸ ਦੇ ਨਾਲ ਹੀ ਬੱਸ ਵਿਚ ਦੋ ਐਲ.ਈ.ਡੀ. ਸਕਰੀਨਾਂ ਵੀ ਲਗਾਈਆਂ ਗਈਆਂ ਹਨ, ਜਿਨ੍ਹਾਂ ਉਤੇ ਲਗਾਤਾਰ ਸੂਬੇ ਵਿਚਲੇ ਪ੍ਰਮੁੱਖ ਧਾਰਮਕ ਅਸਥਾਨਾਂ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਬੱਸ 'ਚ ਤਸਵੀਰਾਂ ਦੇਖਣ ਆਉਣ ਵਾਲੇ ਸ਼ਰਧਾਲੂਆਂ ਨੂੰ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਅਤੇ ਪੰਜਾਬ ਦੇ ਹੋਰ ਧਾਰਮਕ ਅਸਥਾਨਾਂ ਤੇ ਸੈਰ ਸਪਾਟੇ ਵਾਲੀਆਂ ਥਾਵਾਂ ਦੀ ਜਾਣਕਾਰੀ ਨਾਲ ਭਰਪੂਰ ਕਿਤਾਬਚੇ ਵੀ ਮੁਫਤ ਵੰਡੇ ਜਾ ਰਹੇ ਹਨ।

ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਅਡੀਸ਼ਨਲ ਡਾਇਰੈਕਟਰ ਲਖਮੀਰ ਸਿੰਘ ਨੇ ਦਸਿਆ ਕਿ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਮੱਦੇਨਜ਼ਰ ਵਿਭਾਗ ਵਲੋਂ ਇਥੇ ਪ੍ਰਦਰਸ਼ਨੀ ਬੱਸ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿਚ ਸੂਬੇ ਦੇ ਪ੍ਰਮੱਖ ਧਾਰਮਕ ਅਸਥਾਨਾਂ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ਸਬੰਧੀ ਤਸਵੀਰਾਂ ਰਾਹੀਂ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਬੱਸ ਨੂੰ ਸ਼ਰਧਾਲੂਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ 'ਚ ਸ਼ਰਧਾਲੂ ਇਸ ਬੱਸ ਨੂੰ ਦੇਖਣ ਲਈ ਆ ਰਹੇ ਹਨ, ਜਿਨ੍ਹਾਂ ਨੂੰ ਵਿਭਾਗ ਵਲੋਂ ਕਿਤਾਬਚੇ ਵੀ ਵੰਡੇ ਜਾ ਰਹੇ ਹਨ, ਜਿਨ੍ਹਾਂ 'ਚ ਸੂਬੇ ਦੇ ਪਵਿੱਤਰ ਧਾਰਮਕ ਅਸਥਾਨਾਂ ਤੇ ਸੈਰ ਸਪਾਟੇ ਦੀ ਨਜ਼ਰ ਤੋਂ ਅਹਿਮ ਥਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਸਮਾਪਤੀ ਤੱਕ ਇਹ ਬੱਸ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਸਮੇਤ ਹੋਰ ਵੱਖ-ਵੱਖ ਥਾਵਾਂ 'ਤੇ ਖੜੇਗੀ।

ਚੌਹਲਾ ਸਾਹਿਬ ਤੋਂ ਆਈ ਹਰਜਿੰਦਰ ਕੌਰ ਨੇ ਪ੍ਰਰਦਰਸ਼ਨੀ ਬੱਸ 'ਚੋਂ ਧਾਰਮਕ ਅਸਥਾਨਾਂ ਬਾਰੇ ਵੱਡਮੁੱਲੀ ਜਾਣਕਾਰੀ ਮਿਲਣ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਉਹ ਇਨ੍ਹਾਂ ਅਸਥਾਨਾਂ ਦੇ ਆਪਣੇ ਪਰਿਵਾਰ ਸਮੇਤ ਦਰਸ਼ਨ ਕਰਨ ਜ਼ਰੂਰ ਜਾਵੇਗੀ। ਸਹਿਪਾਠੀਆਂ ਅਤੇ ਅਧਿਆਪਕਾਂ ਨਾਲ ਪ੍ਰਦਰਸ਼ਨੀ ਬੱਸ ਦੇਖਣ ਪੁੱਜੇ ਇਮਰਾਨ ਨੇ ਕਿਹਾ ਕਿ ਉਸ ਨੂੰ ਇਥੇ ਆ ਕੇ ਆਪਣੇ ਸੂਬੇ ਦੇ ਪ੍ਰਮੁੱਖ ਧਾਰਮਕ ਅਤੇ ਅਹਿਮਨ ਸਥਾਨਾਂ ਬਾਰੇ ਬੇਸ਼ਕੀਮਤੀ ਜਾਣਕਾਰੀ ਹਾਸਲ ਹੋਈ ਹੈ।