ਪਰੌਂਠੇ ਵੇਚਣ ਵਾਲੀ ਬਜ਼ੁਰਗ ਬੀਬੀ ਨੂੰ ਮਿਲੇ ਮਨੀਸ਼ਾ ਗੁਲਾਟੀ, ਦਿੱਤਾ ਦੀਵਾਲੀ ਦਾ ਤੋਹਫਾ
ਤੋਹਫੇ ਅਤੇ ਮਠਿਆਈ ਕੀਤੀ ਭੇਂਟ
ਜਲੰਧਰ: ਫਗਵਾੜਾ ਗੇਟ 'ਤੇ ਪਰੌਂਠੇ ਵੇਚਣ ਵਾਲੀ 70 ਸਾਲਾ ਬੇਬੇ (ਕਮਲੇਸ਼ ਰਾਣੀ) ਨੂੰ ਦੀਵਾਲੀ ਦੀ ਵਧਾਈ ਦੇਣ ਲਈ ਸ਼ੁਕਰਵਾਰ ਰਾਤ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਪਹੁੰਚੀ। ਉਹਨਾਂ ਨੇ ਕਮਲੇਸ਼ ਰਾਣੀ ਨੂੰ ਤੋਹਫੇ ਅਤੇ ਮਠਿਆਈ ਭੇਂਟ ਕੀਤੀ।
ਮਨੀਸ਼ਾ ਗੁਲਾਟੀ ਨੇ ਉਹਨਾਂ ਦੇ ਹੱਥ ਦੇ ਬਣੇ ਪਰੌਂਠਾ ਅਤੇ ਦਾਲ ਵੀ ਖਾਧੀ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਉਨ੍ਹਾਂ ਨਾਲ ਫੋਨ ‘ਤੇ ਗੱਲਬਾਤ ਕਰਨ ਦਾ ਭਰੋਸਾ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਐਸ.ਡੀ.ਐਮ ਜਯੇਂਦਰ ਸਿੰਘ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਸਨ। ਇਸ ਗੱਲ ਦਾ ਨੋਟਿਸ ਲੈਂਦੇ ਹੋਏ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਕਮਲੇਸ਼ ਰਾਣੀ ਸ਼ੁੱਕਰਵਾਰ ਨੂੰ ਮਿਲਣ ਲਈ ਪਹੁੰਚੀ। ਇਸ ਮੌਕੇ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਨਾ ਸਿਰਫ ਹਾਲਾਤ, ਬਲਕਿ ਉਸ ਦੇ ਬੱਚੇ ਵੀ ਬਜ਼ੁਰਗ ਮਾਂ ਨੂੰ ਸੜਕ 'ਤੇ ਕੰਮ ਕਰਵਾਉਣ ਲਈ ਜ਼ਿੰਮੇਵਾਰ ਹਨ।
ਜਿਹਨਾਂ ਨੇ ਕਮਲੇਸ਼ ਰਾਣੀ ਨੂੰ ਸੜਕ 'ਤੇ ਕੰਮ ਕਰਨ ਲਈ ਛੱਡ ਦਿੱਤਾ ਹੈ। ਇਸ ਦੇ ਲਈ ਪ੍ਰਸ਼ਾਸਨ ਵੱਲੋਂ ਬੇਟੇ, ਨੂੰਹ ਅਤੇ ਜਵਾਈ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ। ਫਗਵਾੜਾ ਗੇਟ ਵਿੱਚ ਕਮਲੇਸ਼ ਰਾਣੀ ਦੀਆਂ ਦੋ ਦੁਕਾਨਾਂ ਹਨ। ਇਸ ਦਾ ਕਿਰਾਇਆ ਸਿਰਫ 400-400 ਰੁਪਏ ਦਿੱਤਾ ਜਾ ਰਿਹਾ ਸੀ। ਮਨੀਸ਼ਾ ਗੁਲਾਟੀ ਨੇ ਐਸਡੀਐਮ ਨੂੰ ਇਹ ਕਿਰਾਇਆ ਵਧਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਕਿਰਾਇਆ ਇੰਨਾ ਵਧਾਇਆ ਜਾਣਾ ਚਾਹੀਦਾ ਹੈ ਕਿ ਕਮਲੇਸ਼ ਰਾਣੀ ਨੂੰ ਸਰਦੀਆਂ ਵਿਚ ਕੰਮ ਕਰਨ ਦੀ ਜ਼ਰੂਰਤ ਨਾ ਪਵੇ।
ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਜਲੰਧਰ 'ਚ ਪਰੌਂਠੇ ਵੇਚ ਕੇ ਗੁਜ਼ਾਰਾ ਕਰਨ ਵਾਲੀ 70 ਸਾਲਾ ਬੀਬੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ਨੂੰ ਕਈ ਪੰਜਾਬੀ ਕਲਾਕਾਰਾਂ ਵਲੋਂ ਵੀ ਸ਼ੇਅਰ ਕੀਤਾ ਗਿਆ ਅਤੇ ਬੀਬੀ ਜੀ ਦੀ ਮਦਦ ਲਈ ਅਪੀਲ ਕੀਤੀ ਗਈ ਸੀ।