ਪਰਾਲੀ ਦੇ ਧੂੰਏ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਲਾਂ, ਸ਼ਾਮੀ ਛੇਤੀ ਹੀ ਛਾਉਣ ਲੱਗਦਾ ਹੈ ਹਨੇਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਸਾਲ ਦੇ ਮੁਕਾਬਲੇ ਵਧੇ ਪਰਾਲੀ ਸਾੜਣ ਦੇ ਮਾਮਲੇ

Straw smoke

ਬਠਿੰਡਾ: ਖੇਤਾਂ ਵਿਚ ਕਿਸਾਨਾਂ ਵਲੋਂ ਸਾੜੀ ਜਾ ਰਹੀ ਪਰਾਲੀ ਦੇ ਧੂੰਏ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਣ ਦੇ ਵਧੇਰੇ ਮਾਮਲੇ ਸਾਹਮਣੇ ਆ ਰਹੇ ਹਨ। ਹਾਲਾਤ ਅਜਿਹੇ ਬਣ ਗਏ ਹਨ ਕਿ ਸ਼ਾਮ ਤੋਂ ਪਹਿਲਾਂ ਹੀ ਅਸਮਾਨ 'ਤੇ ਕਾਲੇ ਧੂੰਏ ਦੀ ਚਾਦਰ ਪੱਸਰਣੀ ਸ਼ੁਰੂ ਹੋ ਗਈ ਹੈ।

ਲੋਕਾਂ ਨੂੰ ਵਹੀਕਲਾਂ ਦੀਆਂ ਲਾਈਟਾਂ ਚਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮਾਲਵਾ ਇਲਾਕੇ ਵਿਚ ਪਰਾਲੀ ਨੂੰ ਅੱਗ ਲਗਾਏ ਜਾਣ ਦਾ ਸਿਲਸਿਲ ਹੁਣ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ। ਪਰਾਲੀ ਦੇ ਧੂੰਏ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਲਪੇਟ ਵਿਚ ਲੈ ਲਿਆ ਹੈ। ਜ਼ਿਲ੍ਹੇ ਅੰਦਰ ਹੁਣ ਤਕ ਕਰੀਬ 902 ਥਾਵਾਂ 'ਤੇ ਪਰਾਲੀ ਨੂੰ ਅੱਗ ਲਗਾਏ ਜਾਣ ਦੀ ਪਛਾਣ ਹੋਈ ਹੈ।

ਸਰਕਾਰੀ ਅਫਸਰਾਂ ਦੀਆਂ ਟੀਮਾਂ ਕਿਸਾਨਾਂ ਨੂੰ ਜੁਰਮਾਨੇ ਕਰਨ ਵਿਚ ਲੱਗੀਆਂ ਹੋਈਆਂ ਹਨ ਪਰ ਕਈ ਥਾਈਂ ਸਰਕਾਰੀ ਅਧਿਕਾਰੀਆਂ ਨੂੰ ਕਿਸਾਨਾਂ ਵੱਲੋਂ ਬੰਦੀ ਬਣਾਏ ਜਾਣ ਬਾਅਦ ਅਫਸਰ ਹੁਣ ਪਿੰਡਾਂ ਵਿਚ ਜਾਣ ਤੋਂ ਡਰਨ ਲੱਗੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਏਅਰ ਕੁਆਲਟੀ ਇੰਡੈਕਸ 50 ਸਹੀ ਮੰਨਿਆ ਜਾਂਦਾ ਹੈ ਜਦਕਿ 51 ਤੋਂ 100 ਤਕ ਵੀ ਮਨੁੱਖੀ ਸਿਹਤ ਲਈ ਸਹੀ ਨਹੀਂ ਹੈ ਪਰ ਸੂਬੇ ਦੇ ਬਹੁਤੇ ਜ਼ਿਲਿ੍ਹਆਂ ਵਿਚ ਕੁਆਲਟੀ ਇੰਡੈਕਸ ਚਾਰ ਚਾਰ ਗੁਣਾ ਤਕ ਪਹੁੰਚ ਗਿਆ ਹੈ।

ਪਰਾਲੀ ਦੇ ਧੂੰਏ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ਼, ਅੱਖਾਂ ਦੀ ਜਲਣ, ਖਾਂਸੀ, ਜੁਕਾਮ ਤੇ ਚਮੜੀ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਟਰੋਲ ਬੋਰਡ ਦੇ ਅੰਕਿੜਆਂ ਮੁਤਾਬਕ ਗੋਬਿੰਦਗੜ੍ਹ ਮੰਡੀ ਦਾ ਕੁਆਲਟੀ ਇੰਡੈਕਸ ਪੂਰੀ ਤਰ੍ਹਾਂ ਵਿਗੜ ਚੁੱਕਾ ਹੈ, ਇਹ ਇੱਥੇ 228 ਤਕ ਪੁੱਜ ਗਿਆ ਹੈ ਜਦਕਿ ਪਟਿਆਲਾ ਦਾ 223, ਜਲੰਧਰ ਵਿਚ 213 ਤਕ ਪਹੁੰਚ ਗਿਆ ਹੈ। ਲੁਧਿਆਣਾ ਦਾ ਏਅਰ ਕੁਆਲਟੀ ਇੰਡੈਕਸ 194, ਅੰਮਿ੍ਤਸਰ ਦਾ 261, ਰੂਪਨਗਰ ਦਾ 209, ਖੰਨਾ ਦਾ 172 ਤੇ ਬਠਿੰਡਾ ਦਾ ਏਅਰ ਕੁਆਲਟੀ ਇੰਡੈਕਸ ਸ਼ਨਿੱਚਰਵਾਰ 100 ਨੋਟ ਕੀਤਾ ਗਿਆ ਹੈ।

ਅਗਲੇ ਦਿਨਾਂ ਵਿਚ ਪਰਾਲੀ ਨੂੰ ਅੱਗ ਲਾਏ ਜਾਣ ਦਾ ਸਿਲਸਿਲਾ ਤੇਜ਼ ਹੋਣ ਦੀ ਸੰਭਾਵਨਾ ਹੈ ਜਿਸ ਕਾਰਨ ਏਅਰ ਕੁਆਲਟੀ ਇੰਡੈਕਸ ਵਿਚ ਹੋਰ ਵਿਗਾੜ ਪੈਦਾ ਹੋਣ ਦੀ ਸੰਭਾਵਨਾ ਹੈ। ਇਸ ਵਾਰ ਭਾਵੇਂ ਕਿਸਾਨ ਕੁਝ ਜਾਗਰੂਕ ਹੋਏ ਹਨ ਤੇ ਉਨ੍ਹਾਂ ਪਰਾਲੀ ਦੀਆਂ ਗੱਠਾਂ ਆਦਿ ਬਣਾਉਣ ਦੇ ਯਤਨ ਕੀਤੇ ਹਨ ਪਰ ਮਸ਼ੀਨਰੀ ਦੀ ਘਾਟ ਕਾਰਨ ਇਹ ਕੰਮ ਸਮੇਂ ਸਿਰ ਸਿਰੇ ਨਹੀਂ ਚੜ੍ਹ ਰਿਹਾ ਜਿਸ ਕਾਰਨ ਬਹੁਤੇ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਹੋਣਾ ਪੈ ਰਿਹਾ ਹੈ।