ਬਿਕਰਮਜੀਤ ਸਿੰਘ ਨੂੰ ਬਹਾਲ ਕਰਨ ਦੇ ਹੁਕਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਸਨ: ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਧੀਕ ਮੁੱਖ ਸਕੱਤਰ ਗ੍ਰਹਿ ਵੱਲੋਂ ਪੁਲਿਸ ਅਫਸਰ ਦੇ ਹੱਕ ਵਿੱਚ ਨਾ ਲਿਖਣ ਦੇ ਬਾਵਜੂਦ ਸਾਬਕਾ ਮੁੱਖ ਮੰਤਰੀ ਨੇ ਕੀਤੇ ਸਨ ਬਹਾਲੀ ਦੇ ਹੁਕਮ

Captain Amarinder Singh ordered reinstatement of Bikramjit Singh: Randhawa

 

ਚੰਡੀਗੜ੍ਹ  - ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਅਪਰਾਧਿਕ ਕੇਸ ਦਾ ਸਾਹਮਣਾ ਕਰ ਰਹੇ ਉਦੋਂ ਦੇ ਫ਼ਰੀਦਕੋਟ ਦੇ ਐਸ.ਪੀ. (ਡੀ.) ਬਿਕਰਮਜੀਤ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਬਹਾਲ ਕਰਨ ਸੰਬੰਧੀ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਪੱਸ਼ਟ ਕੀਤਾ ਹੈ ਕਿ ਇਹ ਹੁਕਮ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋੰ ਕੀਤੇ ਗਏ ਸਨ।

ਅੱਜ ਇੱਥੇ ਜਾਰੀ ਬਿਆਨ ਵਿੱਚ ਸ. ਰੰਧਾਵਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਸੀ, ਵੱਲੋਂ ਉਸ ਵੇਲੇ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਵੱਲੋੰ ਸਬੰਧਤ ਪੁਲਿਸ ਅਫਸਰ ਦੇ ਹੱਕ ਵਿੱਚ ਨਾ ਲਿਖੇ ਜਾਣ ਦੇ ਬਾਵਜੂਦ ਸਿਰਫ ਇਕ ਇੰਕਰੀਮੈੰਟ ਰੋਕ ਕੇ ਬਹਾਲ ਕਰਨ ਦੇ ਹੁਕਮ ਕਰ ਦਿੱਤੇ ਗਏ। ਸ. ਰੰਧਾਵਾ ਨੇ ਅੱਗੇ ਦੱਸਿਆ ਕਿ 13 ਜੁਲਾਈ 2021 ਨੂੰ ਉਸ ਸਮੇਂ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਨੇ ਮੁੱਖ ਮੰਤਰੀ ਨੂੰ ਭੇਜੇ ਆਪਣੇ ਨੋਟ ਵਿੱਚ ਲਿਖਿਆ ਸੀ ਕਿ ਪੜਤਾਲ ਦੌਰਾਨ ਇਹ ਅਫਸਰ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕਿਆ ਅਤੇ ਨਾ ਹੀ ਕੋਈ ਆਪਣੀ ਬੇਗੁਨਾਹੀ ਦਾ ਨਵਾਂ ਤੱਥ ਪੇਸ਼ ਕਰ ਸਕਿਆ।ਇਸ ਤੋਂ ਬਾਅਦ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 19 ਜੁਲਾਈ 2021 ਨੂੰ ਬਿਕਰਮਜੀਤ ਸਿੰਘ ਨੂੰ ਸਿਰਫ ਇਕ ਇੰਕਰੀਮੈੰਟ ਰੋਕ ਕੇ ਬਹਾਲ ਕਰਨ ਦੇ ਹੁਕਮ ਕਰ ਦਿੱਤੇ ਸਨ।