ਸ਼੍ਰੋਮਣੀ ਕਮੇਟੀ ਦਾ ਧੱਕਾ : ਸਿਮਰਨਜੀਤ ਸਿੰਘ ਮਾਨ ਦੇ ਪੁੱਤਰ

ਏਜੰਸੀ

ਖ਼ਬਰਾਂ, ਪੰਜਾਬ

ਸ਼੍ਰੋਮਣੀ ਕਮੇਟੀ ਦਾ ਧੱਕਾ : ਸਿਮਰਨਜੀਤ ਸਿੰਘ ਮਾਨ ਦੇ ਪੁੱਤਰ

image

ਖੰਨਾ, ਰਾੜਾ ਸਾਹਿਬ, 7 ਨਵੰਬਰ (ਧਰਮਿੰਦਰ ਸਿੰਘ, ਬਲਜੀਤ ਸਿੰਘ ਜੀਰਖ): ਮੁੱਢ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀਆਂ ਧਾਂਦਲੀਆਂ ਵਿਰੁਧ ਆਵਾਜ਼ ਬੁਲੰਦ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਅਤੇ ਪਾਰਟੀ ਦੇ ਸਰਪ੍ਰਸਤ ਈਮਾਨ ਸਿੰਘ ਮਾਨ ਨਾਲ ਸ਼੍ਰੋਮਣੀ ਕਮੇਟੀ ਨੇ ਧੱਕੇਸ਼ਾਹੀ ਕਰਦੇ ਹੋਏ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਵਾ ਦਿਤਾ। ਈਮਾਨ ਸਿੰਘ ਮਾਨ ਨੂੰ ਪੁਲਿਸ ਜ਼ਿਲ੍ਹਾ ਖੰਨਾ ਦੀ ਪਾਇਲ ਥਾਣਾ ਪੁਲਿਸ ਨੇ ਅਮਨ-ਸ਼ਾਂਤੀ ਭੰਗ ਕਰਨ ਦੇ ਦੋਸ਼ ਹੇਠ ਗਿ੍ਰਫ਼ਤਾਰ ਕੀਤਾ ਜਿਸ ਦੇ ਰੋਸ ਵਜੋਂ ਸਿੱਖ ਸੰਗਤਾਂ ਨੇ ਥਾਣੇ ਦਾ ਘਿਰਾਉ ਕਰਦੇ ਹੋਏ ਪੁਲਿਸ, ਸ਼੍ਰੋਮਣੀ ਕਮੇਟੀ, ਬਾਦਲ ਪ੍ਰਵਾਰ ਅਤੇ ਪੰਜਾਬ ਸਰਕਾਰ ਵਿਰੁਧ ਨਾਹਰੇਬਾਜ਼ੀ ਵੀ ਕੀਤੀ। 
ਰੋਸ ਜ਼ਾਹਰ ਕਰ ਰਹੇ ਲੋਕਾਂ ਦਾ ਕਹਿਣਾ ਸੀ ਕਿ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਘੁਡਾਣੀ ਕਲਾਂ ਵਿਖੇ 45 ਦਿਨ ਬਿਤਾਉਣ ਮਗਰੋਂ ਇਥੋਂ ਦੀ ਸੰਗਤ ਨੂੰ ਅਪਣੇ ਚੋਲਾ ਸਾਹਿਬ, ਪੋਥੀ ਸਾਹਿਬ ਤੇ ਜੋੜਾ ਸਾਹਿਬ ਦੀ ਬਖ਼ਸ਼ਿਸ਼ ਕੀਤੀ ਸੀ। ਇਹ ਤਿੰਨੋਂ ਨਿਸ਼ਾਨੀਆਂ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਵਿਖੇ ਸੁਸ਼ੋਭਿਤ ਹਨ। ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਨੇ ਇਥੋਂ ਚੋਲਾ ਸਾਹਿਬ ਗਵਾਲੀਅਰ ਲੈ ਕੇ ਜਾਣ ਦੀ ਸਾਜ਼ਸ਼ ਰਚੀ ਸੀ ਜਿਸ ਨੂੰ ਇਲਾਕਾ ਵਾਸੀਆਂ ਨੇ ਇਕੱਠੇ ਹੋ ਕੇ ਵਿਰੋਧ ਕਰਦੇ ਹੋਏ ਸਫ਼ਲ ਨਹੀਂ ਹੋਣ ਦਿਤਾ। ਹੁਣ ਗੁਰਦੁਆਰਾ ਸਾਹਿਬ ਦੀ ਗੋਲਕ ਨੂੰ ਲੈ ਕੇ ਲੋਕਾਂ ਅੰਦਰ ਇਹ ਰੋਸ ਹੈ ਕਿ ਸ਼੍ਰੋਮਣੀ ਕਮੇਟੀ ਇਥੋਂ ਲੱਖਾਂ ਰੁਪਏ ਇਕੱਠੇ ਕਰ ਕੇ ਲੈ ਜਾਂਦੀ ਹੈ। ਜਦੋਂ ਕਾਰ ਸੇਵਾ ਦੀ ਵਾਰੀ ਆਉਂਦੀ ਹੈ ਤਾਂ ਸੰਗਤਾਂ ਆਪ ਪੈਸੇ ਇਕੱਠੇ ਕਰ ਕੇ ਗੁਰੂ ਘਰ ਲਾਉਂਦੀਆਂ ਹਨ। ਇਸ ਕਰ ਕੇ ਸਥਾਨਕ ਪੱਧਰ ਉਪਰ ਪਿੰਡ ਵਾਸੀਆਂ ਦੀ ਕਮੇਟੀ ਬਣਾਉਣ ਅਤੇ ਸ਼੍ਰੋਮਣੀ ਕਮੇਟੀ ਦਾ ਦਖ਼ਲ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। 
ਇਸੇ ਸਿਲਸਿਲੇ ਨੂੰ ਲੈ ਕੇ ਈਮਾਨ ਸਿੰਘ ਮਾਨ ਐਤਵਾਰ ਨੂੰ ਜਦੋਂ ਇਲਾਕੇ ’ਚ ਪਾਰਟੀ ਦੀ ਮੀਟਿੰਗ ਕਰਨ ਉਪਰੰਤ ਗੁਰੂ ਘਰ ਨਤਮਸਤਕ ਹੋਏ ਤਾਂ ਇਸ ਉਪਰੰਤ ਈਮਾਨ ਸਿੰਘ ਮਾਨ ਨੇ ਗੁਰਦਵਾਰਾ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਮੈਨੇਜਰ ਨਾਲ ਗੱਲਬਾਤ ਕੀਤੀ। ਇਥੇ ਪਹਿਲਾਂ ਹੀ ਪਾਇਲ ਥਾਣਾ ਮੁਖੀ ਇੰਸਪੈਕਟਰ ਕਰਨੈਲ ਸਿੰਘ ਅਪਣੀ ਪੁਲਸ ਪਾਰਟੀ ਨਾਲ ਮੌਜੂਦ ਸੀ ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਈਮਾਨ ਸਿੰਘ ਮਾਨ  ਨੂੰ ਗਿ੍ਰਫ਼ਤਾਰ ਕਰਨ ਦੀ ਯੋਜਨਾ ਪਹਿਲਾਂ ਹੀ ਬਣਾਈ ਹੋਈ ਸੀ। ਜਦੋਂ ਈਮਾਨ ਸਿੰਘ ਮਾਨ ਮੈਨੇਜਰ ਨਾਲ ਗੱਲਬਾਤ ਕਰ ਕੇ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ’ਤੇ ਸੁਆਲ ਚੁੱਕ ਰਹੇ ਸੀ ਤਾਂ ਪੁਲਿਸ ਨੂੰ ਉਨ੍ਹਾਂ ਨੂੰ ਗਿ੍ਰਫ਼ਤਾਰ ਕਰ ਲਿਆ। ਇਹ ਸਰਾਸਰ ਧੱਕੇਸ਼ਾਹੀ ਹੈ, ਜਿਸ ਦੇ ਵਿਰੋਧ ’ਚ ਪੰਥਕ ਜਥੇਬੰਦੀਆਂ ਦਾ ਸਹਾਰਾ ਲੈ ਕੇ ਸੰਘਰਸ਼ ਵਿੱਢਿਆ ਜਾਵੇਗਾ। ਨੌਜਵਾਨ ਆਗੂ ਵਰਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਗੁਰੂ ਘਰਾਂ ਦੀ ਗੋਲਕ ਦੇ ਪੈਸੇ ਦੀ ਦੁਰਵਰਤੋਂ ਅਕਾਲੀ ਦਲ ਲਈ ਚੋਣਾਂ ’ਚ ਕਰਨੀ ਹੈ। ਇਸ ਕਰ ਕੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਸ਼੍ਰੋਮਣੀ ਕਮੇਟੀ ਵਿਰੁਧ ਇਕਜੁਟ ਹੋਣਾ ਚਾਹੀਦਾ ਹੈ। ਸੇਖੋਂ ਨੇ ਕਿਹਾ ਕਿ ਗੁਰੂ ਘਰ ਅੰਦਰ ਈਮਾਨ ਸਿੰਘ ਮਾਨ ਨੇ ਕੋਈ ਹੱਥੋਪਾਈ ਨਹੀਂ ਕੀਤੀ ਅਤੇ ਨਾਲ ਹੀ ਕਿਸੇ ਨੂੰ ਗਾਲ੍ਹਾਂ ਕੱਢੀਆਂ। ਪੁਲਿਸ ਨੇ ਇਹ ਧੱਕਾ ਕੀਤਾ ਹੈ। 
ਦੂਜੇ ਪਾਸੇ ਗੁਰਦਵਾਰਾ ਸ਼੍ਰੀ ਚੋਲਾ ਸਾਹਿਬ ਦੇ ਮੈਨੇਜਰ ਗੁਰਜੀਤ ਸਿੰਘ ਨੇ ਕਿਹਾ ਕਿ ਜਾਣ-ਬੁੱਝ ਕੇ ਇਸ ਮਸਲੇ ਨੂੰ ਰਾਜਨੀਤਕ ਰੰਗ ਦੇਣ ਅਤੇ ਪਿੰਡ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੁਰਦੁਆਰਾ ਸਾਹਿਬ ਸਿੱਖ ਗੁਰਦੁਆਰਾ ਐਕਟ 1925 ਦੇ ਅਧੀਨ ਨੋਟੀਫਾਈ ਹੈ। 2016 ਤੋਂ ਇਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਈਮਾਨ ਸਿੰਘ ਮਾਨ ਦਾ ਉਨ੍ਹਾਂ ਵਲੋਂ ਪੂਰਾ ਸਤਿਕਾਰ ਕੀਤਾ ਗਿਆ ਸੀ। ਪ੍ਰੰਤੂ, ਮਾਨ ਵਲੋਂ ਉਨ੍ਹਾਂ ਨੂੰ ਭੱਦੀ ਸ਼ਬਦਾਵਲੀ ਵਰਤੀ ਗਈ। ਥਾਣਾ ਮੁਖੀ ਕਰਨੈਲ ਸਿੰਘ ਨੇ ਕਿਹਾ ਕਿ ਈਮਾਨ ਸਿੰਘ ਮਾਨ ਬਹੁਤ ਤੈਸ਼ ’ਚ ਆ ਗਏ ਸੀ। ਮਾਨ ਸ਼੍ਰੋਮਣੀ ਕਮੇਟੀ, ਹਲਕਾ ਵਿਧਾਇਕ ਨੂੰ ਕਾਫ਼ੀ ਮੰਦਾ ਬੋਲ ਰਹੇ ਸੀ। ਹਾਲਾਤ ਦੇਖਦੇ ਹੋਏ ਉਨ੍ਹਾਂ ਨੇ ਈਮਾਨ ਸਿੰਘ ਮਾਨ ਨੂੰ ਗਿ੍ਰਫ਼ਤਾਰ ਕੀਤਾ। ਜਿਨ੍ਹਾਂ ਵਿਰੁਧ 107-151 ਅਧੀਨ ਕਾਰਵਾਈ ਕਰ ਕੇ ਬਾਅਦ ’ਚ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ।