ਮੰਤਰੀ ਡਾ.ਰਵਜੋਤ ਸਿੰਘ ਵਲੋਂ ਸੁਲਤਾਨਪੁਰ ਲੋਧੀ ਦੇ ਵਿਕਾਸ ਕਾਰਜਾਂ ਦੀ ਸਮੀਖਿਆ, ਸੜਕਾਂ ਦਾ ਕੰਮ 10 ਨਵੰਬਰ ਤੱਕ ਮੁਕੰਮਲ ਕਰਨ ਦੇ ਸਖਤ ਨਿਰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਚੱਲ ਰਹੇ ਕੰਮ

LOCAL GOVERNMENT MINISTER DR. RAVJOT SINGH REVIEWS DEVELOPMENT WORKS IN SULTANPUR LODHI

ਚੰਡੀਗੜ੍ਹ/ਸੁਲਤਾਨਪੁਰ ਲੋਧੀ , 7 ਨਵੰਬਰ: ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਰਵਜੋਤ ਸਿੰਘ ਨੇ ਅੱਜ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਸਬੰਧਿਤ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਚੱਲ ਰਹੇ ਕੰਮ 10 ਨਵੰਬਰ ਤੱਕ ਹਰ ਪੱਖੋਂ ਮੁਕੰਮਲ ਕੀਤੇ ਜਾਣ।

ਸਥਾਨਕ ਰੈੱਸਟ ਹਾਊਸ ਵਿਖੇ ਰਾਜ ਸਭਾ ਮੈਂਬਰ ਸੰਤ ਬਾਬਾ  ਬਲਬੀਰ ਸਿੰਘ ਸੀਚੇਵਾਲ, ਆਮ ਆਦਮੀ ਪਾਰਟੀ ਦੇ ਆਗੂ ਸੱਜਣ ਸਿੰਘ ਚੀਮਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਲੋਕ ਨਿਰਮਾਣ ਵਿਭਾਗ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਗੁਰੂ ਪੁਰਬ ਮੌਕੇ ਆਉਣ ਵਾਲੀ ਸੰਗਤ ਅਤੇ ਸਜਾਏ ਜਾਣ ਵਾਲੇ ਨਗਰ ਕੀਰਤਨਾਂ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਅਤੇ ਹੋਰਨਾਂ ਗੁਰੂ ਘਰਾਂ ਨੂੰ ਜਾਣ ਵਾਲੀਆਂ ਸੜਕਾਂ ਦਾ ਕੰਮ ਜੰਗੀ ਪੱਧਰ ’ਤੇ ਪੂਰਾ ਕੀਤਾ ਜਾਵੇ।

ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਸਮਾਰਟ ਸਿਟੀ ਦੇ ਪ੍ਰਾਜੈੱਕਟ ਤਹਿਤ ਕੰਮਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵੀ ਨਿਰਧਾਰਿਤ ਸਮੇਂ ਅੰਦਰ ਮੁਕਮੰਲ ਕਰਕੇ ਸੁਲਤਾਨਪੁਰ ਲੋਧੀ ਨੂੰ ਧਾਰਮਿਕ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਿਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਕੈਬਨਿਟ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਬੰਧਿਤ ਵਿਭਾਗਾਂ, ਲੋਕ ਨਿਰਮਾਣ, ਸੀਵਰੇਜ ਬੋਰਡ, ਜਲ ਸਪਲਾਈ, ਨਗਰ ਕੌਂਸਲ ਦਰਮਿਆਨ ਬਿਹਤਰੀਨ ਤਾਲਮੇਲ ਰਾਹੀਂ ਕੰਮਾਂ ਨੂੰ ਜਲਦ ਮੁਕੰਮਲ ਕਰਨ ਅਤੇ ਗੁਣਵੱਤਾਂ ਯਕੀਨੀ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਣ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਵਲੋਂ ਸੁਲਤਾਨਪੁਰ ਲੋਧੀ ਸ਼ਹਿਰ ਦੀਆਂ ਮੁੱਖ ਸੜਕਾਂ ਉੱਪਰ ਇੰਟਰਲਾਕ ਟਾਇਲਾਂ ਲਗਾਏ ਜਾਣ ਦੇ ਕੰਮ ਦਾ ਵੀ ਜਾਇਜ਼ਾ ਲਿਆ ਗਿਆ।

ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਲਲਿਤ ਸਕਲਾਨੀ, ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨਵਨੀਤ ਕੌਰ ਬੱਲ, ਐਸ.ਡੀ.ਐਮ ਅਪਰਨਾ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।